ਭਾਰਤੀ ਫ਼ੌਜੀਆਂ ਦੀ 10 ਮਈ ਤੱਕ ਮੁਕੰਮਲ ਵਾਪਸੀ: ਮੁਇਜ਼ੂ

ਭਾਰਤੀ ਫ਼ੌਜੀਆਂ ਦੀ 10 ਮਈ ਤੱਕ ਮੁਕੰਮਲ ਵਾਪਸੀ: ਮੁਇਜ਼ੂ

ਮਾਲੇ-ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਕਿਹਾ ਹੈ ਕਿ ਭਾਰਤੀ ਫ਼ੌਜੀਆਂ ਦਾ ਪਹਿਲਾ ਦਲ 10 ਮਾਰਚ ਤੋਂ ਪਹਿਲਾਂ ਮਾਲਦੀਵ ਤੋਂ ਰਵਾਨਾ ਹੋ ਜਾਵੇਗਾ ਜਦਕਿ ਬਾਕੀ ਫ਼ੌਜੀਆਂ ਦੀ 10 ਮਈ ਤੱਕ ਮੁਕੰਮਲ ਵਾਪਸੀ ਹੋ ਜਾਵੇਗੀ। ਸੰਸਦ ’ਚ ਆਪਣੇ ਪਲੇਠੇ ਭਾਸ਼ਨ ਦੌਰਾਨ ਮੁਇਜ਼ੂ ਨੇ ਕਿਹਾ ਕਿ ਮੁਲਕ ਦੇ ਵੱਡੀ ਗਿਣਤੀ ਲੋਕ ਉਨ੍ਹਾਂ ਦੀ ਸਰਕਾਰ ਤੋਂ ਆਸ ਰਖਦੇ ਹਨ ਕਿ ਮਾਲਦੀਵ ’ਚੋਂ ਵਿਦੇਸ਼ੀ ਫ਼ੌਜ ਨੂੰ ਹਟਾ ਦਿੱਤਾ ਜਾਵੇਗਾ। ‘ਦਿ ਐਡੀਸ਼ਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਕਿਸੇ ਸਮਝੌਤੇ ਦੀ ਇਜਾਜ਼ਤ ਨਹੀਂ ਦੇਵੇਗੀ ਜਿਸ ਨਾਲ ਦੇਸ਼ ਦੀ ਪ੍ਰਭੂਸੱਤਾ ਖ਼ਤਰੇ ’ਚ ਪੈ ਸਕਦੀ ਹੋਵੇ। ਮੁਇਜ਼ੂ ਨੇ ਸੰਸਦ ਨੂੰ ਦੱਸਿਆ,‘‘ਭਾਰਤ ਨਾਲ ਹੁਣੇ ਜਿਹੇ ਹੋਈ ਗੱਲਬਾਤ ਮਗਰੋਂ ਤਿੰਨ ਏਵੀਏਸ਼ਨ ਪਲੈਟਫਾਰਮਾਂ ’ਚੋਂ ਇਕ ਤੋਂ ਫ਼ੌਜ ਨੂੰ 10 ਮਾਰਚ ਤੋਂ ਪਹਿਲਾਂ ਵਾਪਸ ਸੱਦ ਲਿਆ ਜਾਵੇਗਾ। ਬਾਕੀ ਦੇ ਦੋ ਪਲੈਟਫਾਰਮਾਂ ਤੋਂ ਜਵਾਨਾਂ ਨੂੰ 10 ਮਈ ਤੱਕ ਹਟਾ ਲਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਕੋਈ ਖ਼ਤਰਾ ਹੋਇਆ ਤਾਂ ਉਹ ਕਿਸੇ ਵੀ ਬਾਹਰੀ ਦਬਾਅ ਹੇਠ ਨਹੀਂ ਝੁਕਣਗੇ। ਕਿਸੇ ਮੁਲਕ ਦਾ ਨਾਮ ਲਏ ਬਿਨਾਂ ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਜਦੋਂ ਕਈ ਵੱਡੇ ਮੁਲਕਾਂ ’ਚ ਲੋਕ ਆਪਣੇ ਹੱਕਾਂ ਲਈ ਜਾਨਾਂ ਕੁਰਬਾਨ ਕਰ ਰਹੇ ਹਨ ਤਾਂ ਮਾਲਦੀਵ ਦੀ ਆਜ਼ਾਦੀ ਕੋਈ ਛੋਟੀ ਬਖ਼ਸ਼ਿਸ਼ ਨਹੀਂ ਹੈ। ਜਮਾਲਦੀਵ ਦੇ ਰਾਸ਼ਟਰਪਤੀ ਵਜੋਂ ਹਲਫ਼ ਲਏ ਜਾਣ ਮਗਰੋਂ ਮੁਇਜ਼ੂ ਨੇ ਭਾਰਤ ਨੂੰ 15 ਮਾਰਚ ਤੱਕ ਆਪਣੇ ਇਥੇ ਤਾਇਨਾਤ 88 ਫ਼ੌਜੀ ਜਵਾਨਾਂ ਨੂੰ ਵਾਪਸ ਸੱਦ ਲੈਣ ਦੀ ਅਪੀਲ ਕੀਤੀ ਸੀ ਜਿਸ ਮਗਰੋਂ ਦੋਹਾਂ ਮੁਲਕਾਂ ਵਿਚਕਾਰ ਤਣਾਅ ਦਾ ਮਾਹੌਲ ਬਣ ਗਿਆ ਸੀ। -ਪੀਟੀਆਈ