ਅਸਾਮ ਵਿੱਚ ‘ਭਾਰਤ ਨਿਆਏ ਯਾਤਰਾ’ ਦੌਰਾਨ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ

ਅਸਾਮ ਵਿੱਚ ‘ਭਾਰਤ ਨਿਆਏ ਯਾਤਰਾ’ ਦੌਰਾਨ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ

ਗੁਹਾਟੀ-‘ਭਾਰਤ ਜੋੜੋ ਨਿਆਏ ਯਾਤਰਾ’ ਦੇ ਅੱਜ ਗੁਹਾਟੀ ਵਿੱਚ ਦਾਖਲ ਹੋਣ ਮੌਕੇ ਅਸਾਮ ਪੁਲੀਸ ਤੇ ਕਾਂਗਰਸੀ ਹਮਾਇਤੀਆਂ ਵਿਚਾਲੇ ਹੋਈ ਝੜਪ ਮਗਰੋਂ ਅਸਾਮ ਪੁਲੀਸ ਨੇ ਸਾਬਕਾ ਕਾਂਗਰਸ ਪ੍ਰਧਾਨ ਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਹੋਰਨਾਂ ਪਾਰਟੀ ਆਗੂਆਂ ਖਿਲਾਫ਼ ਹਿੰਸਾ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਪੁਲੀਸ ਅਮਲੇ ’ਤੇ ਹਮਲੇ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਹਿੰਸਾ, ਭੜਕਾਹਟ ਪੈਦਾ ਕਰਨ, ਸਰਕਾਰੀ ਸੰਪਤੀ ਨੂੰ ਨੁਕਸਾਨ ਤੇ ਪੁਲੀਸ ਅਮਲੇ ’ਤੇ ਹਮਲੇ ਦੇ ਦੋਸ਼ ਤਹਿਤ ਰਾਹੁਲ ਗਾਂਧੀ, ਕੇ.ਸੀ.ਵੇਣੂਗੋਪਾਲ, ਕਨ੍ਹੱਈਆ ਕੁਮਾਰ ਤੇ ਹੋਰਨਾਂ ਖਿਲਾਫ਼ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤੇ ਪੀਡੀਪੀਪੀ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਗਿਆ ਹੈ।’’ ਮੁੱਖ ਮੰਤਰੀ ਸਰਮਾ ਨੇ ਅੱਜ ਦਿਨੇਂ ਡੀਜੀਪੀ ਨੂੰ ਰਾਹੁਲ ਗਾਂਧੀ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਸਰਮਾ ਨੇ ਦਾਅਵਾ ਕੀਤਾ ਕਿ ਗਾਂਧੀ ਨੇ ਹਜੂਮ ਨੂੰ ਪੁਲੀਸ ਵੱਲੋਂ ਲਾਈਆਂ ਰੋਕਾਂ ਤੋੜਨ ਲਈ ਭੜਕਾਇਆ। ਉਨ੍ਹਾਂ ਕਾਂਗਰਸੀ ਵਰਕਰਾਂ ਦੀ ਕਾਰਵਾਈ ਨੂੰ ‘ਨਕਸਲੀ ਚਾਲਾਂ’ ਕਰਾਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਯੂਥ ਕਾਂਗਰਸ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਵੱਲੋਂ ਐਕਸ ’ਤੇ ਪੋਸਟ ਕੀਤੀ ਫੁਟੇਜ ਨੂੰ ਸਬੂਤ ਵਜੋਂ ਵਰਤਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਬੂਤ ਸਾਹਮਣੇ ਆਏ ਹਨ ਕਿ ਰਾਹੁਲ ਗਾਂਧੀ ਤੇ ਕਾਂਗਰਸ ਆਗੂ ਜਿਤੇਂਦਰ ਸਿੰਘ ਨੇ ਅਸਾਮ ਪੁਲੀਸ ਦੇ ਅਮਲੇ ਦੀ ਹੱਤਿਆ ਲਈ ਕਿਵੇਂ ਹਜੂਮ ਨੂੰ ਉਕਸਾਇਆ। ਸਰਮਾ ਨੇ ਕਿਹਾ, ‘‘ਸਾਡੇ ਪੁਲੀਸ ਮੁਲਾਜ਼ਮ ਲੋਕਾਂ ਦੇ ਸੇਵਕ ਹਨ ਤੇ ਉਨ੍ਹਾਂ ਦਾ ਕਿਸੇ ਸ਼ਾਹੀ ਪਰਿਵਾਰ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਕਾਨੂੰਨ ਦੇ ਹੱਥ ਬਹੁਤ ਲੰਮੇ ਹਨ, ਜੋ ਯਕੀਨੀ ਤੌਰ ’ਤੇ ਤੁਹਾਡੇ ਤੱਕ ਪੁੱਜਣਗੇ।’’ ਉਧਰ ਡੀਜੀਪੀ ਡੀ.ਜੀ.ਸਿੰਘ ਨੇ ਕਿਹਾ ਕਿ ਯਾਤਰਾ ਦੌਰਾਨ ਗੈਰਕਾਨੂੰਨੀ ਸਰਗਰਮੀਆਂ ਤੇ ਹਜੂਮ ਨੂੰ ਭੜਕਾਉਣ ਵਾਲੇ ਆਗੂਆਂ ਤੇ ਵਰਕਰਾਂ ਖਿਲਾਫ਼ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਯਾਤਰਾ ਲਈ ਅਸਲ ਐਡਵਾਂਸਡ ਸਕਿਓਰਿਟੀ ਲਾਇਸਨਿੰਗ (ਏਐੱਸਐੱਲ) ਯੋਜਨਾ ਦਾ ਪਾਲਣ ਕਰਨ ਲਈ ਕਿਹਾ ਗਿਆ ਸੀ, ਪਰ ਸੀਨੀਅਰ ਆਗੂਆਂ ਦੇ ਭੜਕਾਉਣ ’ਤੇ ਯਾਤਰਾ ਵਿਚ ਸ਼ਾਮਲ ਲੋਕਾਂ ਨੇ ਰੂਟ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਅਸਾਮ ਪੁਲੀਸ ਨੇ ਵਿਰੋਧ ਕੀਤਾ।’’ ਮੁੱਖ ਮੰਤਰੀ ਸਰਮਾ ਨੇ ਇਕ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਸੜਕਾਂ ’ਤੇ ਜਾਮ ਤੋਂ ਬਚਣ ਲਈ ਯਾਤਰਾ ਨੂੰ ਗੁਹਾਟੀ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਦਿਨੇਂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਗੁਹਾਟੀ ਵਿੱਚ ਦਾਖਲ ਹੋਣ ਤੋਂ ਰੋਕਣ ਮੌਕੇ ਅਸਾਮ ਪੁਲੀਸ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ। ਕਾਂਗਰਸੀ ਸਮਰਥਕਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੂੰ ਤਾਕਤ ਦੀ ਵਰਤੋਂ ਵੀ ਕਰਨੀ ਪਈ। ਕਾਂਗਰਸੀ ਵਰਕਰ ਹਾਲਾਂਕਿ ਪੁਲੀਸ ਵੱਲੋਂ ਲਾਈਆਂ ਰੋਕਾਂ ਤੋੜਨ ਵਿਚ ਸਫ਼ਲ ਰਹੇ। ਗਾਂਧੀ ਨੇ ਮਗਰੋਂ ਗੁਹਾਟੀ ਦੇ ਬਾਹਰਵਾਰ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਬੈਰੀਕੇਡ ਤੋੜੇ ਹਨ, ਪਰ ਅਸੀਂ ਕਾਨੂੰਨ ਨਹੀਂ ਤੋੜਾਂਗੇ।’’ ਅਸਾਮ ਪੁਲੀਸ ਨੇ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਗੁਹਾਟੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਦੋ ਥਾਵਾਂ ’ਤੇ ਬੈਰੀਕੇਡਿੰਗ ਕੀਤੀ ਸੀ। ਗਾਂਧੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਵੀ ਇਹੀ ਰੂਟ ਲਿਆ ਸੀ, ਪਰ ਉਨ੍ਹਾਂ ਨੂੰ ਇਸ ਰੂਟ ’ਤੇ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਆਪਣੇ ਵਰਕਰਾਂ ਤੇ ਹਮਾਇਤੀਆਂ ਨੂੰ ‘ਬੱਬਰ ਸ਼ੇਰ’ ਕਰਾਰ ਦਿੰਦਿਆਂ ਕਿਹਾ, ‘‘ਤੁਸੀਂ ਇਹ ਨਾ ਸਮਝਿਓ ਕਿ ਅਸੀਂ ਕਮਜ਼ੋਰ ਹਾਂ। ਅਸੀਂ ਬੈਰੀਕਡ ਤੋੜੇ ਹਨ। ਉਨ੍ਹਾਂ ਯੂਨੀਵਰਸਿਟੀ ਵਿਚ ਮੇਰਾ ਪ੍ਰੋਗਰਾਮ ਰੱਦ ਕਰ ਦਿੱਤਾ। ਮੇਰਾ ਪ੍ਰੋਗਰਾਮ ਰੱਦ ਕੀਤਾ ਗਿਆ, ਪਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਬਾਹਰ ਮੈਨੂੰ ਸੁਣਿਆ।’’ ਗਾਂਧੀ ਨੇ ਕਿਹਾ, ‘‘ਕਾਂਗਰਸੀ ਵਰਕਰ ਕਿਸੇ ਤੋਂ ਨਹੀਂ ਡਰਦੇ। ਅਸੀਂ ਅਸਾਮ ਵਿੱਚ ਭਾਜਪਾ ਨੂੰ ਹਰਾ ਕੇ ਜਲਦੀ ਹੀ ਕਾਂਗਰਸ ਸਰਕਾਰ ਬਣਾਵਾਂਗੇ।’’ ਗਾਂਧੀ ਨੇ ਪੁਲੀਸ ਕਰਮੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘‘ਸਾਨੂੰ ਪਤਾ ਹੈ ਕਿ ਪੁਲੀਸ ਅਧਿਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੇ ਹਨ। ਅਸੀਂ ਤੁਹਾਡੇ ਖਿਲਾਫ ਨਹੀਂ ਹਾਂ। ਅਸੀਂ ਮੁੱਖ ਮੰੰਤਰੀ ਖਿਲਾਫ਼ ਹਾਂ, ਜੋ ਸਭ ਤੋਂ ਭ੍ਰਿਸ਼ਟ ਹੈ। ਸਾਡੀ ਲੜਾਈ ਉਸ ਨਾਲ ਹੈ।’’