
ਨਵੀਂ ਦਿੱਲੀ-ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੂੰ ਇੱਥੇ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਫਾਈਨਲ ’ਚ ਕੋਰੀਆ ਦੇ ਕਾਂਗ ਮਿਨ ਹਯੁਕ ਤੇ ਸੇਓ ਸੇਯੰੁਗ ਜੇਈ ਦੀ ਜੋੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਦੀ ਖ਼ਿਤਾਬੀ ਮੁਕਾਬਲਿਆਂ ’ਚ ਇਹ ਲਗਾਤਾਰ ਦੂਜੀ ਹੈ। ਇੱਥੇ ਕੇ.ਡੀ. ਜਾਧਵ ਸਟੇਡੀਅਮ ’ਚ ਖੇਡੇ ਗਏ ਖ਼ਿਤਾਬੀ ਮੁਕਾਬਲੇ ’ਚ ਏਸ਼ਿਆਈ ਚੈਂਪੀਅਨ ਸਾਤਵਿਕ ਤੇ ਚਿਰਾਗ ਦੀ ਜੋੜੀ ਨੂੰ ਕਾਂਗ ਤੇ ਸੇਓ ਦੀ ਜੋੜੀ ਨੇ 11-21 18-21 ਨਾਲ ਮਾਤ ਦਿੱਤੀ। ਭਾਰਤੀ ਜੋੜੀ, ਜਿਸ ਨੇ 2022 ਵਿੱਚ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਜਿੱਤਿਆ ਸੀ ਨੂੰ ਪਿਛਲੇ ਹਫ਼ਤੇ ਮਲੇਸ਼ੀਆ ਸੁਪਰ 1000 ਦੇ ਖ਼ਿਤਾਬੀ ਮੁਕਾਬਲੇ ’ਚ ਵੀ ਹਾਰ ਮਿਲੀ ਸੀ। ਇਸ ਤੋਂ ਪਹਿਲਾਂ ਚੀਨੀ ਤਾਇਪੈ ਦੀ ਤੇਈ ਜ਼ੂ ਯਿੰਗ ਨੇ ਅੱਜ ਇੱਥੇ ਚੀਨ ਦੀ ਚੇਨ ਯੂ ਫੇਈ ਨੂੰ ਸਿੱਧੇ ਸੈੱਟਾਂ ’ਚ ਮਾਤ ਦਿੰਦਿਆਂ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ। ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਯਿੰਗ ਨੇ ਖ਼ਿਤਾਬੀ ਮੁਕਾਬਲੇ ’ਚ ਵਿਰੋਧੀ ਚੀਨੀ ਖਿਡਾਰਨ ਫੇਈ ਨੂੰ 21-16 21-12 ਨਾਲ ਹਰਾਇਆ। ਇਸ ਤੋਂ ਇਲਾਵਾ ਪੁਰਸ਼ਾਂ ਦਾ ਸਿੰਗਲਜ਼ ਖ਼ਿਤਾਬ ਚੀਨ ਦੇ ਸ਼ੀ ਯੂਕੀ ਨੇ ਜਿੱਤਿਆ। ਫਾਈਨਲ ਵਿੱਚ ਉਸ ਨੇ ਹਾਂਗਕਾਂਗ ਦੇ ਲੀ ਚਯੁਕ ਯੀਯੂ ਨੂੰ 23-21, 21-17 ਨਾਲ ਹਰਾਇਆ। ਉਸ ਨੇ ਇੰਡੀਆ ਓਪਨ ਦਾ ਖ਼ਿਤਾਬ ਦੂਜੀ ਵਾਰ ਆਪਣੇ ਨਾਂ ਕੀਤਾ ਹੈ। ਟੂਰਨਾਮੈਂਟ ਦਾ ਮਿਕਸਡ ਡਬਲਜ਼ ਦਾ ਖ਼ਿਤਾਬ ਥਾਈਲੈਂਡ ਦੇ ਦੀਚਾਪੌਲ ਪੁਆਵਰਨੌਕਰੋਹ ਅਤੇ ਸੇਪਸਿਰੀ ਤੇਇਰਾਤਾਨਚਾਈ ਦੀ ਜੋੜੀ ਨੇ ਚੀਨ ਦੇ ਜਿਯਾਨ ਝੇਨ ਬਾਂਗ ਅਤੇ ਵੇਈ ਯਾ ਸ਼ਿਨ ਦੀ ਜੋੜੀ ਨੂੰ 21-16, 21-16 ਨਾਲ ਹਰਾ ਕੇ ਆਪਣੇ ਨਾਂ ਕੀਤਾ। ਜਦਕਿ ਮਹਿਲਾ ਡਬਲਜ਼ ਵਰਗ ਦਾ ਖ਼ਿਤਾਬ ਜਪਾਨ ਦੀਆਂ ਮਾਯੁ ਮਾਤਸੁਮੋਟੋ ਅਤੇ ਵਾਕਾਨਾ ਨਾਗਾਹਾਰਾ ਦੀ ਜੋੜੀ ਨੇ ਚੀਨ ਦੀਆਂ ਝਾਂਗ ਸ਼ੂ ਸ਼ਿਯਾਨ ਅਤੇ ਝੇਂਗ ਯੂ ਦੀ ਜੋੜੀ ਨੂੰ 21-12, 21-13 ਨਾਲ ਹਰਾ ਕੇ ਜਿੱਤਿਆ। -ਪੀਟੀਆਈ