ਉੱਤਰੀ ਭਾਰਤ ਨੂੰ ਹਾਲੇ ਨਹੀਂ ਮਿਲੇਗੀ ਠੰਢ ਤੋਂ ਰਾਹਤ

ਉੱਤਰੀ ਭਾਰਤ ਨੂੰ ਹਾਲੇ ਨਹੀਂ ਮਿਲੇਗੀ ਠੰਢ ਤੋਂ ਰਾਹਤ

ਚੰਡੀਗੜ੍ਹ-ਮੌਸਮ ਵਿਭਾਗ ਨੇ ਅੱਜ ਦੱਸਿਆ ਕਿ ਸਮੁੰਦਰ ਤਲ ਤੋਂ 12.6 ਕਿਲੋਮੀਟਰ ਉੱਪਰ ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਅਗਲੇ ਪੰਜ ਦਿਨ ਸੀਤ ਲਹਿਰ ਜਾਰੀ ਰਹਿ ਸਕਦੀ ਹੈ। ਉੱਧਰ ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅੱਜ ਵੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਦੌਰ ਜਾਰੀ ਰਹੀ। ਦਿੱਲੀ ਵਿੱਚ ਵੀ ਅੱਜ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਿਆ ਜਿੱਥੇ ਘੱਟੋ ਘੱਟ ਤਾਪਮਾਨ 3.5 ਡਿਗਰੀ ਦਰਜ ਕੀਤਾ ਗਿਆ ਹੈ।ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ’ਚ ਨਵਾਂ ਸ਼ਹਿਰ ਤੇ ਹਰਿਆਣਾ ’ਚ ਕਰਨਾਲ ਸਭ ਤੋਂ ਠੰਢੇ ਰਹੇ। ਨਵਾਂ ਸ਼ਹਿਰ ਦੇ ਬੱਲੋਪੁਰ ਸੌਂਖੜੀ ’ਚ ਅੱਜ ਘੱਟੋ-ਘੱਟ ਤਾਪਮਾਨ ਸਿਫਰ ਦਰਜ ਕੀਤਾ ਗਿਆ ਜਦਕਿ ਪਿਛਲੇ ਦੋ ਦਿਨ ਇੱਥੇ ਤਾਪਮਾਨ ਮਨਫ਼ੀ ਵਿੱਚ ਰਿਹਾ ਸੀ। ਹਰਿਆਣਾ ਦੇ ਕਰਨਾਲ ਦਾ ਤਾਪਮਾਨ 3.4 ਡਿਗਰੀ ਕੀਤਾ ਗਿਆ ਹੈ। ਇਹ ਆਮ ਨਾਲੋਂ 4 ਡਿਗਰੀ ਘੱਟ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ’ਚ ਅਗਲੇ ਚਾਰ ਦਿਨ ਸੰਘਣੀ ਧੁੰਦ ਤੇ ਠੰਢ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ 18 ਤੇ 19 ਜਨਵਰੀ ਲਈ ਔਰੇਂਜ ਅਤੇ 20 ਤੇ 21 ਜਨਵਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 4.9 ਡਿਗਰੀ, ਅੰਮ੍ਰਿਤਸਰ ਵਿੱਚ 2, ਲੁਧਿਆਣਾ ’ਚ 2.8, ਪਟਿਆਲਾ ’ਚ 4.5, ਪਠਾਨਕੋਟ ’ਚ 4.9, ਬਠਿੰਡਾ ’ਚ 3.4, ਫਰੀਦਕੋਟ ਵਿੱਚ 2.5, ਗੁਰਦਾਸਪੁਰ ’ਚ 5, ਫਤਹਿਗੜ੍ਹ ਸਾਹਿਬ ਵਿੱਚ 4.7, ਫਿਰੋਜ਼ਪੁਰ ਵਿੱਚ 2.7 ਤੇ ਰੋਪੜ ਵਿੱਚ ਘੱਟੋ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।ਸ਼ਿਮਲਾ (ਟ੍ਰਿਬਿਊਨ ਨਿਊਜ਼ ਸਰਵਿਸ): ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ’ਚ ਅੱਜ ਹਲਕੀ ਬਰਫਬਾਰੀ ਨੇ ਬਾਗਬਾਨਾਂ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਹਿਮਾਚਲ ਪ੍ਰਦੇਸ਼ ਦੇ ਨਾਰਕੰਡਾ, ਹਾਟੂ ਪੀਕ, ਚਾਂਸ਼ਲ, ਚੂੜਧਾਰ, ਡੋਡਰਾ ਕਵਾਰ, ਖੜ੍ਹਾ ਪੱਥਰ ਆਦਿ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ ਹੈ। ਕਿੰਨੌਰ ਜ਼ਿਲ੍ਹੇ ਦੀਆਂ ਉੱਚੀਆਂ ਚੋਟੀਆਂ ’ਤੇ ਵੀ ਬਰਫ ਪੈਣ ਦੀ ਸੂਚਨਾ ਹੈ। ਇਸ ਬਰਫ਼ਬਾਰੀ ਨਾਲ ਬਾਗਬਾਨਾਂ ਤੇ ਖਾਸ ਕਰਕੇ ਸੇਬ ਦੇ ਬਾਗਬਾਨਾਂ ਨੂੰ ਰਾਹਤ ਮਿਲੀ ਹੈ। ਇਸੇ ਵਿਚਾਲੇ ਜ਼ਿਆਦਾਤਾਰ ਇਲਾਕਿਆਂ ’ਚ ਧੁੰਦ ਛਾਈ ਰਹੀ ਤੇ ਬਰਫੀਲੀਆਂ ਹਵਾਵਾਂ ਨੇ ਕੰਬਣੀ ਵੀ ਛੇੜੀ ਰੱਖੀ। ਸ਼ਿਮਲਾ ਦੇ ਕੁਫਰੀ ਤੇ ਜਾਖੂ ’ਚ ਵੀ ਮਾਮੂਲੀ ਜਿਹੀ ਬਰਫ਼ ਪਈ ਹੈ। ਮੌਸਮ ’ਚ ਆਈ ਇਸ ਤਬਦੀਲੀ ਕਾਰਨ ਸੂਬੇ ’ਚ ਸੈਰ-ਸਪਾਟਾ ਸਨਅਤ ਨੂੰ ਵੀ ਕੁਝ ਆਸ ਬੱਝੀ ਹੈ। ਬਰਫਬਾਰੀ ਜੇਕਰ ਸ਼ਿਮਲਾ ਤੇ ਮਨਾਲੀ ਤੱਕ ਹੋਣ ਲੱਗੇ ਤਾਂ ਇੱਥੇ ਸੈਲਾਨੀਆਂ ਦੀ ਰੌਣਕ ਵਧ ਸਕਦੀ ਹੈ।ਤਲਾਂਗਸੋ (ਅਸਾਮ): ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਅਸਾਮ ਦੇ ਕਾਰਬੀ ਆਂਗਲੌਂਗ ਜ਼ਿਲ੍ਹੇ ਦਾ ਦੌਰਾ ਅੱਜ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਉੱਥੇ ਇੱਕ ਪ੍ਰੋਗਰਾਮ ’ਚ ਸ਼ਾਮਲ ਹੋਣ ਜਾਣਾ ਸੀ। ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਮੁਰਮੂ ਨੇ ਕਾਰਬੀ ਆਂਗਲੌਂਗ ਜ਼ਿਲ੍ਹੇ ’ਚ ਕਾਰਬੀ ਯੁਵਕ ਸਮਾਗਮ ’ਚ ਸ਼ਾਮਲ ਹੋਣ ਜਾਣਾ ਸੀ। ਸ਼ਰਮਾ ਨੇ ਕਿਹਾ, ‘ਰਾਸ਼ਟਰਪਤੀ ਖਰਾਬ ਮੌਸਮ ਕਾਰਨ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੀ।’ ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਘਣੀ ਧੁੰਦ ਕਾਰਨ ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 110 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ ਜਦਕਿ 25 ਉਡਾਣਾਂ ਪਿਛਲੇ 10 ਘੰਟਿਆਂ ਦਰਮਿਆਨ ਰੱਦ ਕੀਤੀਆਂ ਗਈਆਂ ਹਨ। ਧੁੰਦ ਕਾਰਨ ਉੱਤਰੀ ਰੇਲਵੇ ਦੀਆਂ 20 ਰੇਲ ਗੱਡੀਆਂ ਵੀ ਕਈ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਦੂਜੇ ਪਾਸੇ ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਧੁੰਦ ਕਰਕੇ ਪੰਜ ਉਡਾਣਾਂ ਰੱਦ ਹੋਈਆਂ ਹਨ ਜਦਕਿ ਇਕ ਦਰਜਨ ਦੇ ਕਰੀਬ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ।