ਕੰਟਰੋਲ ਰੇਖਾ ’ਤੇ ਹਾਲਾਤ ਸਥਿਰ ਪਰ ਸੰਵੇਦਨਸ਼ੀਲ: ਸੈਨਾ ਮੁਖੀ

ਕੰਟਰੋਲ ਰੇਖਾ ’ਤੇ ਹਾਲਾਤ ਸਥਿਰ ਪਰ ਸੰਵੇਦਨਸ਼ੀਲ: ਸੈਨਾ ਮੁਖੀ

ਨਵੀਂ ਦਿੱਲੀ-ਭਾਰਤੀ ਸੈਨਾ ਦੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਲੋੜ ਨੂੰ ਉਭਾਰਦਿਆਂ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ਨੇੜੇ ਹਾਲਾਤ ਸਥਿਰ ਪਰ ਸੰਵੇਦਨਸ਼ੀਲ ਬਣੇ ਹੋਏ ਹਨ। ਸੈਨਾ ਦਿਵਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਪਾਂਡੇ ਨੇ ਕਿਹਾ ਕਿ ਭਾਰਤ ਤੇ ਚੀਨ ਦਰਮਿਆਨ ਟਕਰਾਅ ਦੇ ਬਾਕੀ ਰਹਿੰਦੇ ਮਸਲੇ ਹੱਲ ਕਰਨ ਲਈ ਫੌਜੀ ਤੇ ਕੂਟਨੀਤਕ ਪੱਧਰ ’ਤੇ ਵਾਰਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਸਾਡੀਆਂ ਅਪਰੇਸ਼ਨਲ ਤਿਆਰੀਆਂ ਉੱਚ ਪੱਧਰ ਦੀਆਂ ਹਨ। ਖਿੱਤੇ ’ਚ ਸੁਰੱਖਿਆ ਨਾਲ ਜੁੜੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਭਾਰਤੀ ਸੈਨਾ ਕੋਲ ਲੋੜੀਂਦੀ ਫੋਰਸ ਹੈ।’ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਦਰਮਿਆਨ ਟਕਰਾਅ ਦੀਆਂ ਕਈ ਥਾਵਾਂ ਹਨ ਜਿਨ੍ਹਾਂ ’ਤੇ ਪਿਛਲੇ ਤਿੰਨ ਸਾਲਾਂ ਤੋਂ ਵਿਦਾਦ ਬਣਿਆ ਹੋਇਆ ਹੈ। ਹਾਲਾਂਕਿ ਕੂਟਨੀਤਕ ਤੇ ਫੌਜੀ ਪੱਧਰ ’ਤੇ ਕਈ ਦੌਰ ਦੀ ਵਾਰਤਾ ਮਗਰੋਂ ਦੋਵਾਂ ਧਿਰਾਂ ਨੇ ਟਕਰਾਅ ਵਾਲੀਆਂ ਥਾਵਾਂ ਤੋਂ ਸੈਨਿਕ ਵਾਪਸ ਬੁਲਾਏ ਹਨ। ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਜਨਰਲ ਪਾਂਡੇ ਨੇ ਕਿਹਾ ਕਿ ਘੁਸਪੈਠ ਦੀ ਕੋਸ਼ਿਸ਼ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਪਰ ਇਸ ਦੇ ਬਾਵਜੂਦ ਕੰਟਰੋਲ ਰੇਖਾ ’ਤੇ ਪਾਕਿਸਤਾਨ ਨਾਲ ਗੋਲੀਬੰਦੀ ਕਾਇਮ ਹੈ। ਉਨ੍ਹਾਂ ਕਿਹਾ, ‘ਅਸੀਂ ਕੰਟਰੋਲ ਰੇਖਾ ਨੇੜੇ ਘੁਸਪੈਠ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਰਹੇ ਹਾਂ।’ ਜਨਰਲ ਪਾਂਡੇ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਹਿੰਸਾ ਦੀਆਂ ਘਟਨਾਵਾਂ ’ਚ ਕਮੀ ਆਈ ਹੈ ਪਰ ਰਾਜੌਰੀ-ਪੁਣਛ ਸੈਕਟਰ ’ਚ ਅਜਿਹੀਆਂ ਘਟਨਾਵਾਂ ਵਧੀਆਂ ਹਨ। ਵੱਖ ਵੱਖ ਅਤਿਵਾਦੀ ਜਥੇਬੰਦੀਆਂ ਨੂੰ ਪਾਕਿਸਤਾਨ ਦਾ ਸਹਿਯੋਗ ਮਿਲਣ ਦਾ ਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਜਨਰਲ ਪਾਂਡੇ ਨੇ ਕਿਹਾ ਕਿ ਸਰਹੱਦ ਪਾਰੋਂ ਅਤਿਵਾਦ ਨੂੰ ਪਨਾਹ ਮਿਲ ਰਹੀ ਹੈ। ਜੰਮੂ ਕਸ਼ਮੀਰ ਦੇ ਰਾਜੌਰੀ ਤੇ ਪੁਣਛ ’ਚ ਅਤਿਵਾਦੀ ਗਤੀਵਿਧੀਆਂ ਬਾਰੇ ਸੈਨਾ ਮੁਖੀ ਨੇ ਕਿਹਾ ਕਿ ਇਹ ਉਹ ਖੇਤਰ ਹੈ ਜਿੱਥੇ ਸਾਡਾ ਵਿਰੋਧੀ ਅਤਿਵਾਦ ਨੂੰ ਉਤਸ਼ਾਹਿਤ ਕਰਨ ’ਚ ਸਰਗਰਮ ਹੈ। ਭੂਟਾਨ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਸੁਲਝਾਉਣ ਲਈ ਜਾਰੀ ਵਾਰਤਾ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਘਟਨਾਕ੍ਰਮ ਜਿਸ ਦਾ ਅਸਰ ਭਾਰਤ ਦੀ ਸੁਰੱਖਿਆ ’ਤੇ ਪੈ ਸਕਦਾ ਹੈ, ਉਸ ’ਤੇ ਨਜ਼ਰ ਰੱਖੀ ਜਾਂਦੀ ਹੈ। ਜਨਰਲ ਪਾਂਡੇ ਨੇ ਕਿਹਾ ਕਿ ਭੂਟਾਨ ਨਾਲ ਸਾਡੇ ਮਜ਼ਬੂਤ ਫੌਜੀ ਸਬੰਧ ਹਨ ਅਤੇ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਸੈਨਾ ਮੁਖੀ ਨੇ ਕਿਹਾ ਕਿ ਅਗਨੀਵੀਰਾਂ ਨੂੰ ਸੈਨਾ ’ਚ ਸ਼ਾਮਲ ਕੀਤੇ ਜਾਣ ਦੀ ਪ੍ਰਕਿਰਿਆ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੇ ਮੁਕੰਮਲ ਆਧੁਨਿਕੀਕਰਨ ਤਹਿਤ 2024 ਭਾਰਤੀ ਸੈਨਾ ਲਈ ਤਕਨੀਕ ਅਪਣਾਉਣ ਦਾ ਸਾਲ ਹੋਵੇਗਾ। ਸੈਨਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਦਸਤਿਆਂ ਨੇ ਸਾਰੇ ਖੇਤਰਾਂ ’ਚ ਲੋੜੀਂਦਾ ਸਾਜ਼ੋ-ਸਾਮਾਨ ਬਰਕਰਾਰ ਰੱਖਿਆ ਹੋਇਆ ਹੈ ਤਾਂ ਜੋ ਉਹ ਕਿਸੇ ਵੀ ਹੰਗਾਮੀ ਸਥਿਤੀ ਨਾਲ ਅਸਰਦਾਰ ਢੰਗ ਨਾਲ ਨਜਿੱਠ ਸਕਣ। ਇਹ ਪੁੱਛੇ ਜਾਣ ’ਤੇ ਕਿ ਕੀ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਫੌਜ ਦੀ ਤਾਇਨਾਤੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਢਲਾ ਧਿਆਨ ਸਾਲ 2020 ’ਚ ਦੋਵਾਂ ਧਿਰਾਂ ਵਿਚਾਲੇ ਵਿਵਾਦ ਸ਼ੁਰੂ ਹੋਣ ਤੋਂ ਪਹਿਲਾਂ ਵਾਲੀ ਸਥਿਤੀ ਤੱਕ ਪਹੁੰਚਣਾ ਹੈ।