ਸਾਬਕਾ ਜਲ ਸੈਨਿਕਾਂ ਦਾ ਮਾਮਲਾ: ਕਤਰ ਅਦਾਲਤ ਦੇ ਫ਼ੈਸਲੇ ਮਗਰੋਂ ਕਦਮ ਚੁੱਕੇਗਾ ਭਾਰਤ

ਸਾਬਕਾ ਜਲ ਸੈਨਿਕਾਂ ਦਾ ਮਾਮਲਾ: ਕਤਰ ਅਦਾਲਤ ਦੇ ਫ਼ੈਸਲੇ ਮਗਰੋਂ ਕਦਮ ਚੁੱਕੇਗਾ ਭਾਰਤ

ਨਵੀਂ ਦਿੱਲੀ-ਭਾਰਤ ਨੇ ਅੱਜ ਕਿਹਾ ਕਿ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨਾਲ ਸਬੰਧਤ ਮਾਮਲੇ ’ਚ ਕਤਰ ਦੀ ਅਦਾਲਤ ਦੇ ਫ਼ੈਸਲੇ ’ਤੇ ਗੌਰ ਕਰਨ ਅਤੇ ਇਸ ਮਾਮਲੇ ਨਾਲ ਜੁੜੀ ਕਾਨੂੰਨੀ ਟੀਮ ਨਾਲ ਚਰਚਾ ਮਗਰੋਂ ਅਗਲਾ ਕਦਮ ਚੁੱਕਿਆ ਜਾਵੇਗਾ। ਕਤਰ ਦੀ ਅਪੀਲੀ ਅਦਾਲਤ ਨੇ ਜਲ ਸੈਨਾ ਦੇ ਸਾਬਕਾ ਕਰਮਚਾਰੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਘੱਟ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨੂੰ ਕਿਹਾ, ‘ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਿੱਤ ਸਾਡੀ ਤਰਜੀਹ ਹਨ।’ ਉਨ੍ਹਾਂ ਕਿਹਾ, ‘ਅਸੀਂ ਕਾਨੂੰਨੀ ਟੀਮ ਅਤੇ ਪਰਿਵਾਰਾਂ ਦੇ ਮੈਂਬਰਾਂ ਨਾਲ ਅਗਲੇ ਸੰਭਾਵੀ ਕਦਮਾਂ ਬਾਰੇ ਚਰਚਾ ਕਰਾਂਗੇ।’ ਬਾਗਚੀ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ। ਇਸ ਲਈ ਉਹ ਇਸ ਤੋਂ ਵੱਧ ਕੁਝ ਨਹੀਂ ਕਹਿਣਗੇ।’ ਜ਼ਿਕਰਯੋਗ ਹੈ ਕਿ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨੂੰ ਜਾਸੂਸੀ ਦੇ ਦੋਸ਼ ਹੇਠ ਅਗਸਤ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕਤਰ ਦੀ ਇੱਕ ਅਦਾਲਤ ਨੇ ਅਕਤੂਬਰ ’ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਸਜ਼ਾ ਖ਼ਿਲਾਫ਼ ਪਿਛਲੇ ਮਹੀਨੇ ਕਤਰ ’ਚ ਅਪੀਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।