ਇੱਕ ਰੋਜ਼ਾ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ

ਇੱਕ ਰੋਜ਼ਾ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ

ਜੋਹੈਨਸਬਰਗ-ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਆਵੇਸ਼ ਖ਼ਾਨ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਵਿੱਚ ਅੱਜ ਇੱਥੇ ਦੱਖਣੀ ਅਫ਼ਰੀਕਾ ਦੀ ਪਾਰੀ ਨੂੰ ਸਸਤੇ ਵਿੱਚ ਸਮੇਟਦਿਆਂ 200 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕੀਤੀ। ਆਪਣੇ ਸ਼ੁਰੂਆਤੀ ਤਿੰਨ ਇੱਕ ਰੋਜ਼ਾ ਵਿੱਚ ਇੱਕ ਵੀ ਵਿਕਟ ਲੈਣ ’ਚ ਅਸਫ਼ਲ ਰਹੇ ਅਰਸ਼ਦੀਪ ਨੇ 10 ਓਵਰ ਦੇ ਕੋਟੇ ਵਿੱਚ 27 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਦਕਿ ਆਵੇਸ਼ ਨੇ ਅੱਠ ਓਵਰਾਂ ਵਿੱਚ 27 ਦੌੜਾਂ ’ਤੇ ਚਾਰ ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ ਤਿੰਨ ਦੌੜਾਂ ਦੇ ਕੇ ਇੱਕ ਵਿਕਟ ਲਈ। ਵਿਸ਼ਵ ਕੱਪ ਮਗਰੋਂ ਆਪਣਾ ਪਹਿਲਾ ਇੱਕ ਰੋਜ਼ਾ ਖੇਡ ਰਹੇ ਭਾਰਤ ਨੇ 27.3 ਓਵਰਾਂ ਦੇ ਅੰਦਰ ਮਹਿਜ਼ 116 ਦੌੜਾਂ ’ਤੇ ਦੱਖਣੀ ਅਫ਼ਰੀਕਾ ਦੀ ਪਾਰੀ ਸਮੇਟਦਿਆਂ ਸਿਰਫ਼ 16.4 ਓਵਰ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਸਾਈ ਸੁਦਰਸ਼ਨ ਨੇ ਟੀਚੇ ਦਾ ਪਿੱਛਾ ਕਰਦਿਆਂ 43 ਗੇਂਦਾਂ ਵਿੱਚ ਨੌਂ ਚੌਕਿਆਂ ਦੀ ਮਦਦ ਨਾਲ ਨਾਬਾਦ 55 ਦੌੜਾਂ ਬਣਾਈਆਂ। ਉਸ ਨੇ ਸ਼੍ਰੇਯਸ ਅਈਅਰ ਨਾਲ ਦੂਜੀ ਵਿਕਟ ਲਈ 73 ਗੇਂਦਾਂ ਵਿੱਚ 88 ਦੌੜਾਂ ਦੀ ਭਾਈਵਾਲੀ ਕੀਤੀ। ਅਈਅਰ ਨੇ 45 ਗੇਂਦਾਂ ਦੀ ਪਾਰੀ ਵਿੱਚ ਛੇ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਲਈ ਐਂਡਿਲੇ ਫੇਹਲੁਕਵਾਇਓ ਨੇ 33 ਅਤੇ ਸਲਾਮੀ ਬੱਲੇਬਾਜ਼ ਟੋਨੀ ਡੀ ਜ਼ੋਰਜ਼ੀ ਨੇ 28 ਦੌੜਾਂ ਦਾ ਯੋਗਦਾਨ ਪਾਇਆ।