ਬਤੌਰ ਜੱਜ ਮੈਂ ਕਾਨੂੰਨ ਤੇ ਸੰਵਿਧਾਨ ਦਾ ਸੇਵਕ ਹਾਂ: ਜਸਟਿਸ ਚੰਦਰਚੂੜ

ਬਤੌਰ ਜੱਜ ਮੈਂ ਕਾਨੂੰਨ ਤੇ ਸੰਵਿਧਾਨ ਦਾ ਸੇਵਕ ਹਾਂ: ਜਸਟਿਸ ਚੰਦਰਚੂੜ

ਨਵੀਂ ਦਿੱਲੀ-ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਬਤੌਰ ਜੱਜ ਉਹ ਕਾਨੂੰਨ ਤੇ ਸੰਵਿਧਾਨ ਦੇ ਸੇਵਕ ਹਨ ਅਤੇ ਉਨ੍ਹਾਂ ਨੂੰ ਨਿਰਧਾਰਤ ਅਹੁਦੇ ਦਾ ਪਾਲਣ ਕਰਨਾ ਪਵੇਗਾ। ਚੀਫ ਜਸਟਿਸ ਦੀ ਪ੍ਰਧਾਨਗੀ ਹੇਠਲਾ ਬੈਂਚ ਅੱਜ ਦੀ ਕਾਰਵਾਈ ਲਈ ਬੈਠਿਆ ਤਾਂ ਐਡਵੋਕੇਟ ਮੈਥਿਊਜ਼ ਜੇ ਨੇਦੁਮਪਾਰਾ ਨੇ ਅਦਾਲਤ ਸਾਹਮਣੇ ਇੱਕ ਮਾਮਲੇ ਦਾ ਜ਼ਿਕਰ ਕੀਤਾ। ਵਕੀਲ ਨੇ ਬੈਂਚ ਦੇ ਸਾਹਮਣੇ ਕੌਲਿਜੀਅਮ ਪ੍ਰਣਾਲੀ ’ਚ ਸੁਧਾਰਾਂ ਦੀ ਲੋੜ ਅਤੇ ਸੀਨੀਅਰ ਐਡਵੋਕੇਟ ਦਾ ਅਹੁਦਾ ਖਤਮ ਕੀਤੇ ਜਾਣ ਦੀ ਲੋੜ ਦਾ ਜ਼ਿਕਰ ਕੀਤਾ। ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ। ਜਸਟਿਸ ਚੰਦਰਚੂੜ ਨੇ ਕਿਹਾ, ‘ਤੁਹਾਨੂੰ ਆਪਣੇ ਦਿਲ ਦੀ ਗੱਲ ਸੁਣਨ ਦੀ ਆਜ਼ਾਦੀ ਹੈ। ਚੀਫ ਜਸਟਿਸ ਦੇ ਰੂਪ ਵਿੱਚ ਅਤੇ ਇਸ ਤੋਂ ਵੀ ਮਹੱਤਵਪੂਰਨ ਇੱਕ ਜੱਜ ਵਜੋਂ ਮੈਂ ਕਾਨੂੰਨ ਤੇ ਸੰਵਿਧਾਨ ਦਾ ਸੇਵਕ ਹਾਂ।’ ਉਨ੍ਹਾਂ ਕਿਹਾ, ‘ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਦਾ ਪਾਲਣ ਕਰਨਾ ਪਵੇਗਾ। ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਇਹ ਪਸੰਦ ਹੈ ਅਤੇ ਮੈਂ ਇਹ ਕਰਾਂਗਾ।’ ਸੁਪਰੀਮ ਕੋਰਟ ਨੇ ਇਸ ਸਾਲ ਅਕਤੂਬਰ ’ਚ ਸੀਨੀਅਰ ਐਡਵੋਕੇਟ ਦੇ ਅਹੁਦੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ।