
ਰਾਏਪੁਰ-ਭਾਰਤ ਕ੍ਰਿਕਟ ਟੀਮ ਨੇ ਅੱਜ ਚੌਥੇ ਟੀ20 ਕੌਮਾਂਤਰੀ ਮੈਚ ਵਿੱਚ ਆਸਟਰੇਲੀਆ ਨੂੰ 20 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-1 ਨਾਲ ਜਿੱਤ ਲਈ। ਭਾਰਤੀ ਟੀਮ ਭਾਵੇਂ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 174 ਦੌੜਾਂ ਹੀ ਬਣਾ ਸਕੀ ਪਰ ਟੀਮ ਦੇ ਗੇਂਦਬਾਜ਼ਾਂ ਨੇ ਵਧੀਆਂ ਗੇਂਦਬਾਜ਼ੀ ਕਰਦਿਆਂ ਮਿੱਥੇ 20 ਓਵਰਾਂ ਵਿੱਚ ਆਸਟਰੇਲਿਆਈ ਟੀਮ ਨੂੰ ਸੱਤ ਵਿਕਟਾਂ ’ਤੇ 154 ਦੌੜਾਂ ਹੀ ਬਣਾਉਣ ਦਿੱਤੀਆਂ। ਪੰਜਵਾਂ ਅਤੇ ਆਖਰੀ ਟੀ20 ਮੈਚ ਤਿੰਨ ਦਸੰਬਰ ਨੂੰ ਬੰਗਲੂਰੂ ਵਿੱਚ ਖੇਡਿਆ ਜਾਵੇਗਾ। ਭਾਰਤ ਵੱਲੋਂ ਸਭ ਤੋਂ ਵੱਧ ਰਿੰਕੂ ਸਿੰਘ ਨੇ 46 ਦੌੜਾਂ ਬਣਾਈਆਂ। ਜੈਸਵਾਲ ਨੇ 37, ਗਾਇਕਵਾੜ ਨੇ 32 ਅਤੇ ਜਿਤੇਸ਼ ਸ਼ਰਮਾ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੇ ਦੋਵੇਂ ਸਪਿੰਨਰਾਂ ਅਕਸ਼ਰ ਪਟੇਲ ਨੇ ਚਾਰ ਓਵਰਾਂ ਵਿੱਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਰਵੀ ਬਿਸ਼ਨੋਈ ਨੇ ਚਾਰ ਓਵਰਾਂ ਵਿੱਚ 17 ਦੌੜਾਂ ਦੇ ਇੱਕ ਵਿਕਟ ਲਈ। ਆਸਟਰੇਲੀਆ ਵੱਲੋਂ ਮੈਥਿਊ ਵੈਡ ਨੇ ਨਾਬਾਦ 36 ਦੌੜਾਂ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਨਾ ਦਿਵਾ ਸਕਿਆ। ਆਸਟਰੇਲੀਆ ਵੱਲੋਂ ਟੇਵਿਸ ਹੈਡ ਨੇ 31, ਟਿਮ ਡੇਵਿਡ ਨੇ 19 ਅਤੇ ਮੈਥਿਊ ਸ਼ਾਰਟ ਨੇ 22 ਦੌੜਾਂ ਬਣਾਈਆਂ। ਭਾਰਤ ਵੱਲੋਂ ਦੀਪਕ ਚਾਹਰ ਨੇ ਦੋ ਵਿਕਟਾਂ ਅਤੇ ਆਵੇਸ਼ ਖਾਨ ਨੇ ਇੱਕ ਵਿਕਟ ਲਈ। ਰਾਏਪੁਰ: ਭਾਰਤ ਅਤੇ ਆਸਟਰੇਲੀਆ ਦਰਮਿਆਨ ਅੱਜ ਇੱਥੇ ਸ਼ਹੀਦ ਵੀਰ ਨਰਾਇਣ ਸਿੰਘ ਸਟੇਡੀਅਮ ਵਿੱਚ ਹੋ ਰਹੇ ਟੀ20 ਲੜੀ ਦੇ ਚੌਥੇ ਮੈਚ ਦੌਰਾਨ ਬਿਜਲੀ ਨਾ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਐੱਨਡੀਟੀਪੀ ਸਪੋਰਟਸ ਅਨੁਸਾਰ ਸਟੇਡੀਅਮ ਦਾ 3.16 ਕਰੋੜ ਦਾ ਬਿਜਲੀ ਦਾ ਬਿੱਲ ਬਕਾਇਆ ਹੋਣ ਕਾਰਨ ਵਿਭਾਗ ਨੇ ਕੁਨੈਕਸ਼ਨ ਕੱਟ ਦਿੱਤਾ ਸੀ। ਛੱਤੀਸਗੜ੍ਹ ਸਟੇਟ ਕ੍ਰਿਕਟ ਐਸੋਸੀਏਸ਼ਨ ਦੀ ਅਪੀਲ ’ਤੇ ਵਿਭਾਗ ਨੇ ਮੈਚ ਦੇ ਮੱਦੇਨਜ਼ਰ ਸਟੇਡੀਅਮ ਲਈ ਇੱਕ ਦਿਨ ਵਾਸਤੇ ਆਰਜ਼ੀ ਕੁਨੈਕਸ਼ਨ ਮੁਹੱਈਆ ਕਰਵਾਇਆ। ਮੈਚ ਦੌਰਾਨ ਫਲੱਡਲਾਈਟਾਂ ਤੱਕ ਮੁਹੱਈਆ ਕਰਵਾਉਣ ਲਈ ਇੱਕ ਜਨਰੇਟਰ ਦਾ ਪ੍ਰਬੰਧ ਕੀਤਾ ਗਿਆ। ਜ਼ਿਕਰਯੋਗ ਹੈ ਕਿ 2018 ਵਿੱਚ ਹਾਫ-ਮੈਰਾਥਨ ਦੌਰਾਨ ਜਦੋਂ ਅਥਲੀਟਾਂ ਨੂੰ ਸਟੇਡੀਅਮ ਵਿੱਚ ਬਿਜਲੀ ਦਾ ਪ੍ਰਬੰਧ ਨਾ ਹੋਣ ਬਾਰੇ ਪਤਾ ਲੱਗਿਆ ਸੀ ਤਾਂ ਉਨ੍ਹਾਂ ਕਾਫ਼ੀ ਹੰਗਾਮਾ ਕੀਤਾ ਸੀ। ਜਾਣਕਾਰੀ ਅਨੁਸਾਰ 2009 ਤੋਂ ਸਟੇਡੀਅਮ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ, ਜੋ ਹੁਣ ਵਧ ਕੇ 3.16 ਕਰੋੜ ਰੁਪਏ ਹੋ ਗਿਆ ਹੈ। ਮੌਜੂਦਾ ਸਮੇਂ 200 ਕੇਵੀ ਦੇ ਆਰਜ਼ੀ ਕੁਨੈਕਸ਼ਨ ਅਤੇ ਪਾਵਰ ਸਪਲਾਈ 1000 ਕੇਵੀ ਤੱਕ ਅਪਗ੍ਰੇਡ ਕਰਨ ਲਈ ਦਿੱਤੀ ਗਈ ਅਰਜ਼ੀ ’ਤੇ ਵੀ ਕੋਈ ਕੰਮ ਸ਼ੁਰੂ ਨਹੀਂ ਹੋਇਆ। ਲੋਕ ਨਿਰਮਾਣ ਵਿਭਾਗ ਅਤੇ ਖੇਡ ਵਿਭਾਗ ਨੂੰ ਬਿਜਲੀ ਕੰਪਨੀ ਵੱਲੋਂ ਬਕਾਇਆ ਬਿੱਲ ਭਰਨ ਲਈ ਕਈ ਨੋਟੀਫਿਕੇਸ਼ਨ ਪ੍ਰਾਪਤ ਹੋਏ ਹਨ, ਜਿਸ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ ਹੈ। ਸਾਲ 2018 ਵਿੱਚ ਸਟੇਡੀਅਮ ਦੀ ਬਿਜਲੀ ਸਪਲਾਈ ਬੰਦ ਹੋਣ ਮਗਰੋਂ ਇੱਥੇ ਹੁਣ ਤੱਕ ਤਿੰਨ ਕੌਮਾਂਤਰੀ ਕ੍ਰਿਕਟ ਮੈਚ ਹੋ ਚੁੱਕੇ ਹਨ।