ਕਤਰ ’ਚ ਫਸੇ ਭਾਰਤੀਆਂ ਦੀ ਰਿਹਾਈ ਲਈ ਹਰ ਕੋਸ਼ਿਸ਼ ਕਰਾਂਗੇ: ਜੈਸ਼ੰਕਰ

ਕਤਰ ’ਚ ਫਸੇ ਭਾਰਤੀਆਂ ਦੀ ਰਿਹਾਈ ਲਈ ਹਰ ਕੋਸ਼ਿਸ਼ ਕਰਾਂਗੇ: ਜੈਸ਼ੰਕਰ

ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਉਨ੍ਹਾਂ ਅੱਠ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੂੰ ਕਤਰ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਜੈਸ਼ੰਕਰ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀ ਰਿਹਾਈ ਲਈ ਸਾਰੀਆਂ ਕੋਸ਼ਿਸ਼ਾਂ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਸਭ ਤੋਂ ਵੱਧ ਮਹੱਤਵ ਦੇ ਰਹੀ ਹੈ। ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮੀਆਂ ਨੂੰ ਕਤਰ ਦੀ ਅਦਾਲਤ ਨੇ 26 ਅਕਤੂਬਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਫ਼ੈਸਲੇ ਨੂੰ ਬੇਹੱਦ ਹੈਰਾਨ ਕਰਨ ਵਾਲਾ ਦੱਸਿਆ ਸੀ ਅਤੇ ਮਾਮਲੇ ਵਿੱਚ ਸਾਰੇ ਕਾਨੂੰਨੀ ਬਦਲ ਅਜਮਾਉਣ ਦਾ ਫ਼ੈਸਲਾ ਲਿਆ ਸੀ। ਜੈਸ਼ੰਕਰ ਨੇ ਐਕਸ ’ਤੇ ਕਿਹਾ, ‘‘ਅੱਜ ਸਵੇਰੇ ਕਤਰ ਵਿੱਚ ਹਿਰਾਸਤ ’ਚ ਲਏ ਗਏ ਅੱਠ ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਰਕਾਰ ਮਾਮਲੇ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ। ਅਸੀਂ ਪਰਿਵਾਰਾਂ ਦੇ ਫ਼ਿਕਰ ਅਤੇ ਪੀੜ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ।’’ ਉਨ੍ਹਾਂ ਕਿਹਾ, ‘‘ਸਰਕਾਰ ਉਨ੍ਹਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰੱਖੇਗੀ। ਇਸ ਸਬੰਧੀ ਪਰਿਵਾਰਾਂ ਨਾਲ ਤਾਲਮੇਲ ਰੱਖਿਆ ਜਾਵੇਗਾ।’’ ਨਿੱਜੀ ਕੰਪਨੀ ਅਲ ਦਹਰਾ ਵਿੱਚ ਕੰਮ ਕਰਨ ਵਾਲੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਕਥਤਿ ਤੌਰ ’ਤੇ ਜਾਸੂਸੀ ਦੇ ਇੱਕ ਮਾਮਲੇ ’ਚ ਪਿਛਲੇ ਸਾਲ ਅਗਸਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾ ਤਾਂ ਕਤਰ ਦੇ ਅਧਿਕਾਰੀਆਂ ਅਤੇ ਨਾ ਹੀ ਨਵੀਂ ਦਿੱਲੀ ਨੇ ਭਾਰਤੀ ਨਾਗਰਿਕਾਂ ਖ਼ਿਲਾਫ਼ ਦੋਸ਼ਾਂ ਨੂੰ ਜਨਤਕ ਕੀਤਾ ਹੈ।ਇਸੇ ਦੌਰਾਨ ਸੇਵਾਮੁਕਤ ਕਮਾਂਡਰ ਪੁਰਨੇਂਦੂ ਦੀ ਭੈਣ ਮੀਤੂ ਭਾਰਗਵ ਨੇ ਕਿਹਾ, ‘‘ਸਾਡੇ ਕੋਲ ਹੁਣ ਬਹੁਤਾ ਸਮਾਂ ਨਹੀਂ ਬਚਿਆ ਹੈ। ਅਸੀਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਡੇ ਅੱਠ ਸਾਬਕਾ ਜਲ ਸੈਨਾ ਕਰਮਚਾਰੀਆਂ ਨੂੰ ਵਾਪਸ ਲਿਆਉਣ ਲਈ ਨਿੱਜੀ ਦਖ਼ਲ ਦੇਣ ਦੀ ਅਪੀਲ ਕਰਦੇ ਹਾਂ। ਅਸੀਂ ਇਸ ਤੋਂ ਬਿਨਾਂ ਹੋਰ ਕੁੱਝ ਨਹੀਂ ਸੋਚ ਸਕਦੇ।’’ ਸੇਵਾਮੁਕਤ ਕਮਾਂਡਰ ਪੁਰਨੇਂਦੂ ਉਨ੍ਹਾਂ ਅੱਠ ਭਾਰਤੀ ਨਾਗਰਿਕਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਕਤਰ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਮੀਤੂ ਭਾਰਗਵ ਨੇ ਇਹ ਮਾਮਲਾ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਸੀ। ਇਸ ਤੋਂ ਪਹਿਲਾਂ ਦਿੱਲੀ ਨੇ ਇਹ ਮਾਮਲਾ ਆਪਣੇ ਪੱਧਰ ’ਤੇ ਸੁਲਝਾਉਣ ਦੀ ਉਮੀਦ ਨਾਲ ਗੁਪਤ ਰੱਖਿਆ ਹੋਇਆ ਸੀ।