ਕਤਰ: ਭਾਰਤੀ ਨੇਵੀ ਦੇ ਅੱਠ ਸਾਬਕਾ ਅਫ਼ਸਰਾਂ ਨੂੰ ਮੌਤ ਦੀ ਸਜ਼ਾ

ਕਤਰ: ਭਾਰਤੀ ਨੇਵੀ ਦੇ ਅੱਠ ਸਾਬਕਾ ਅਫ਼ਸਰਾਂ ਨੂੰ ਮੌਤ ਦੀ ਸਜ਼ਾ

ਨਵੀਂ ਦਿੱਲੀ-ਕਤਰ ਦੀ ਇਕ ਅਦਾਲਤ ਵੱਲੋਂ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਫ਼ਸਰਾਂ ਨੂੰ ਅੱਜ ਮੌਤ ਦੀ ਸਜ਼ਾ ਸੁਣਾਈ ਗਈ ਹੈ। ਭਾਰਤ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਉਸ ਨੂੰ ਕਾਫੀ ਧੱਕਾ ਲੱਗਾ ਹੈ। ਇਹ ਸਾਰੇ ਵਿਅਕਤੀ ਭਾਰਤੀ ਮੂਲ ਦੇ ਸਨ ਅਤੇ ਅਲ ਦਾਹਰਾ ਕੰਪਨੀ ਦੇ ਮੁਲਾਜ਼ਮ ਸਨ। ਇਨ੍ਹਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਜਾਸੂਸੀ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਭਾਰਤੀ ਮੂਲ ਦੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਲਗਾਏ ਗਏ ਦੋਸ਼ ਕਤਰ ਦੇ ਅਧਿਕਾਰੀਆਂ ਨੇ ਜਨਤਕ ਨਹੀਂ ਕੀਤੇ ਸਨ। ਜਾਣਕਾਰੀ ਮੁਤਾਬਕ ਜਲ ਸੈਨਾ ਦੇ ਜਨਿ੍ਹਾਂ 8 ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ’ਚ ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਪੁਰਨੇਂਦੂ ਤਿਵਾੜੀ, ਕਮਾਂਡਰ ਸੁਗਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ, ਕਮਾਂਡਰ ਅਮਿਤ ਨਾਗਪਾਲ ਅਤੇ ਸੇਲਰ ਰਾਗੇਸ਼ ਸ਼ਾਮਲ ਹਨ। ਉਧਰ, ਕਤਰ ਦੀ ਅਦਾਲਤ ਦੇ ਇਸ ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਉੱਚ ਅਹਿਮੀਅਤ ਦਿੰਦੇ ਹੋਏ ਸਾਰੇ ਕਾਨੂੰਨੀ ਬਦਲਾਂ ਦੀ ਪੜਚੋਲ ਕਰ ਰਿਹਾ ਹੈ। ਮੰਤਰਾਲੇ ਨੇ ਕਿਹਾ, ‘‘ਸਾਨੂੰ ਮੁੱਢਲੀ ਜਾਣਕਾਰੀ ਮਿਲੀ ਹੈ ਕਿ ਕਤਰ ਦੀ ਇਕ ਅਦਾਲਤ ਨੇ ਅਲ ਦਾਹਰਾ ਕੰਪਨੀ ਦੇ ਭਾਰਤੀ ਮੂਲ ਦੇ ਅੱਠ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੇ ਮਾਮਲੇ ਵਿੱਚ ਅੱਜ ਇਕ ਫੈਸਲਾ ਸੁਣਾਇਆ ਹੈ।’’ ਮੰਤਰਾਲੇ ਨੇ ਕਿਹਾ, ‘‘ਇਸ ਫੈਸਲੇ ਨਾਲ ਸਾਨੂੰ ਕਾਫੀ ਧੱਕਾ ਲੱਗਾ ਹੈ ਅਤੇ ਅਸੀਂ ਵਿਸਥਾਰ ਵਿੱਚ ਫੈਸਲਾ ਆਉਣ ਦੀ ਉਡੀਕ ਕਰ ਰਹੇ ਹਾਂ। ਅਸੀਂ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਾਨੂੰਨੀ ਮਾਹਿਰਾਂ ਦੀ ਟੀਮ ਦੇ ਸੰਪਰਕ ਵਿੱਚ ਹਾਂ ਅਤੇ ਅਸੀਂ ਸਾਰੇ ਕਾਨੂੰਨੀ ਬਦਲਾਂ ਦੀ ਪੜਚੋਲ ਕਰ ਰਹੇ ਹਾਂ।’’ ਕਤਰ ਵਿੱਚ ਭਾਰਤ ਦੇ ਰਾਜਦੂਤ ਨੇ ਇਜਾਜ਼ਤ ਮਿਲਣ ਤੋਂ ਬਾਅਦ ਪਹਿਲੀ ਅਕਤੂਬਰ ਨੂੰ ਜੇਲ੍ਹ ਵਿੱਚ ਬੰਦ ਇਨ੍ਹਾਂ ਸਾਰੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਸੀ। ਕਤਰ ਦੀ ਜੇਲ੍ਹ ਵਿੱਚ ਬੰਦ ਇਨ੍ਹਾਂ ਭਾਰਤੀਆਂ ਦੇ ਮਾਮਲੇ ਦੀ ਪਹਿਲੀ ਅਦਾਲਤੀ ਸੁਣਵਾਈ ਮਾਰਚ ਦੇ ਅਖੀਰ ਵਿੱਚ ਹੋਈ ਸੀ। ਕਤਰ ਵਿੱਚ ਹਿਰਾਸਤ ’ਚ ਲਏ ਗਏ ਜਲ ਸੈਨਾ ਦੇ ਸਾਬਕਾ ਅਧਿਕਾਰੀਆਂ ਵਿੱਚੋਂ ਇਕ ਦੀ ਭੈਣ ਜਿਹੜੀ ਕਿ ਗਵਾਲੀਅਰ ਵਿੱਚ ਰਹਿੰਦੀ ਹੈ, ਨੇ ਆਪਣੇ ਭਰਾ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਦੀ ਮਦਦ ਮੰਗੀ ਸੀ। ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਸੀ। ਉਸ ਨੇ ਐਕਸ ’ਤੇ ਪਾਈ ਪੋਸਟ ਵਿੱਚ ਲਿਖਿਆ ਸੀ, ‘‘ਇਹ ਸਾਬਕਾ ਜਲ ਸੈਨਾ ਅਧਿਕਾਰੀ ਦੇਸ਼ ਦਾ ਮਾਣ ਹਨ ਅਤੇ ਮੈਂ ਮੁੜ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਬਿਨਾ ਕਿਸੇ ਦੇਰੀ ਤੋਂ ਉਨ੍ਹਾਂ ਨੂੰ ਤੁਰੰਤ ਵਾਪਸ ਲਿਆਉਣ ਦਾ ਇਹ ਢੁੱਕਵਾਂ ਸਮਾਂ ਹੈ।’’ ਇਸ ਪੋਸਟ ਵਿੱਚ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰਾਲੇ ਨੂੰ ਵੀ ਟੈਗ ਕੀਤਾ ਸੀ