ਕੈਨੇਡੀਅਨ ਕੂਟਨੀਤਕਾਂ ਦੀ ਗਿਣਤੀ ਘਟਾਉਣ ਲਈ ਗੱਲਬਾਤ ਜਾਰੀ: ਵਿਦੇਸ਼ ਮੰਤਰਾਲਾ

ਕੈਨੇਡੀਅਨ ਕੂਟਨੀਤਕਾਂ ਦੀ ਗਿਣਤੀ ਘਟਾਉਣ ਲਈ ਗੱਲਬਾਤ ਜਾਰੀ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ-ਭਾਰਤ ਨੇ ਅੱਜ ਕਿਹਾ ਕਿ ਦੇਸ਼ ਵਿੱਚ ਕੂਟਨੀਤਕਾਂ ਦੀ ਮੌਜੂਦਗੀ ਨੂੰ ਲੈ ਕੇ ਸਮਾਨਤਾ ਯਕੀਨੀ ਬਣਾਉਣ ਲਈ ਕੈਨੇਡਾ ਨਾਲ ਗੱਲਬਾਤ ਦਾ ਅਮਲ ਜਾਰੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਇਥੇ ਕੈਨੇਡੀਅਨ ਕੂਟਨੀਤਕਾਂ ਦੀ (ਗਿਣਤੀ ਪੱਖੋਂ) ਬਹੁਤ ਜ਼ਿਆਦਾ ਮੌਜੂਦਗੀ…ਅਤੇ ਉਨ੍ਹਾਂ ਵੱਲੋਂ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨੂੰ ਦੇਖਦੇ ਹੋਏ, ਅਸੀਂ ਭਾਰਤ ਵਿਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਨੂੰ ਲੈ ਕੇ ਸਮਾਨਤਾ ਦੀ ਮੰਗ ਕੀਤੀ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਵਿਚਾਰ ਚਰਚਾ ਜਾਰੀ ਹੈ।’’ ਬਾਗਚੀ ਨੇ ਕਿਹਾ ਕਿ ਇਸ ਵੇਲੇ ਸਾਡਾ ਸਾਰਾ ਧਿਆਨ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਵਿੱਚ ਸਮਾਨਤਾ ਯਕੀਨੀ ਬਣਾਉਣ ਵੱਲ ਹੈ। ਉਨ੍ਹਾਂ ਕਿਹਾ, ‘‘ਇਹ ਕੈਨੇਡਾ ਨੇ ਦੇਖਣਾ ਹੈ ਕਿ ਉਨ੍ਹਾਂ ਹਾਈ ਕਮਿਸ਼ਨ ਦੇ ਸਟਾਫ਼ ਵਿਚੋਂ ਕਿਸ ਦੀ ਚੋਣ ਕਰਨੀ ਹੈ…ਸਾਡਾ ਫਿਕਰ ਤਾਂ ਕੂਟਨੀਤਕ ਮੌਜੂਦਗੀ ਵਿੱਚ ਸਮਾਨਤਾ ਯਕੀਨੀ ਬਣਾਉਣ ਬਾਰੇ ਹੈ।’’ ਬਾਗਚੀ ਨੇ ਕਿਹਾ ਕਿ ਇਸ ਵੇਲੇ ਭਾਰਤ ਦਾ ਸਾਰਾ ਧਿਆਨ ਦੋ ਗੱਲਾਂ ਵੱਲ ਹੈ- ਪਹਿਲਾ ਇਹ ਕਿ ਕੈਨੇਡਾ ਵਿੱਚ ਅਜਿਹਾ ਮਾਹੌਲ ਹੋਵੇ, ਜਿੱਥੇ ਭਾਰਤੀ ਕੂਟਨੀਤਕ ਕੰਮ ਕਰ ਸਕਣ ਅਤੇ ਦੂਜਾ ਕੂਟਨੀਤਕ ਨਫ਼ਰੀ ਵਿੱਚ ਸਮਾਨਤਾ ਲਿਆਉਣਾ ਹੈ। ਨਵੀਂ ਦਿੱਲੀ ਨੇ ਦੋ ਹਫ਼ਤੇ ਪਹਿਲਾਂ ਓਟਵਾ ਨੂੰ ਭਾਰਤ ਵਿੱਚ ਆਪਣੇ ਡਿਪਲੋਮੈਟਾਂ ਦੀ ਨਫ਼ਰੀ ਵਿੱਚ ਕਟੌਤੀ ਕਰਨ ਲਈ ਕਿਹਾ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਦੇ ਇਸ ਦਾਅਵੇ ਕਿ ਖਾਲਿਸਤਾਨੀ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਕਥਿਤ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੈ, ਮਗਰੋਂ ਦੋਵਾਂ ਮੁਲਕਾਂ ਦੇ ਕੂਟਨੀਤਕ ਰਿਸ਼ਤਿਆਂ ਵਿੱਚ ਟਕਰਾਅ ਸਿਖਰ ’ਤੇ ਹੈ। ਭਾਰਤ ਹਾਲਾਂਕਿ ਟਰੂਡੋ ਦੇ ਇਨ੍ਹਾਂ ਦੋਸ਼ਾਂ ਨੂੰ ‘ਹਾਸੋਹੀਣਾ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਚੁੱਕਾ ਹੈ।