ਭਾਰਤ ਨੇ ਕੈਨੇਡਾਵਿੱਚ ਵੱਖਵਾਦੀਆਂ ਤੇ ਗੈਂਗਸਟਰਾਂ ਦੇ ਉਭਾਰ ਨਾਲ ਜੁੜੇ ਫ਼ਿਕਰਾਂ ਤੋਂ ਅਮਰੀਕਾ ਨੂੰ ਜਾਣੂ ਕਰਵਾਇਆ

ਭਾਰਤ ਨੇ ਕੈਨੇਡਾਵਿੱਚ ਵੱਖਵਾਦੀਆਂ ਤੇ ਗੈਂਗਸਟਰਾਂ ਦੇ ਉਭਾਰ ਨਾਲ ਜੁੜੇ ਫ਼ਿਕਰਾਂ ਤੋਂ ਅਮਰੀਕਾ ਨੂੰ ਜਾਣੂ ਕਰਵਾਇਆ

ਵਾਸ਼ਿੰਗਟਨ/ਓਟਵਾ-ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਵਿਚਾਲੇ ਹੋਈ ਬੈਠਕ ਦੌਰਾਨ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਕੈਨੇਡਾ ਵੱਲੋਂ ਲਾਏ ਦੋਸ਼ਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਿੱਥੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦੀ ਧਰਤੀ ’ਤੇ ਨਿੱਝਰ ਹੱਤਿਆ ਮਾਮਲੇ ਵਿੱਚ ਕੈਨੇਡੀਅਨ ਤਫ਼ਤੀਸ਼ਕਾਰਾਂ ਨੂੰ ‘ਪੂਰਾ ਸਹਿਯੋਗ’ ਦੇਵੇ, ਉਥੇ ਜੈਸ਼ੰਕਰ ਨੇ ਅਮਰੀਕਾ ਨੂੰ ਕੈਨੇਡਾ ਵਿਚ ਖਾਲਿਸਤਾਨ ਪੱਖੀ ਵੱਖਵਾਦੀਆਂ ਤੇ ਗੈਂਗਸਟਰਾਂ ਦੇ ਉਭਾਰ ਨੂੰ ਲੈ ਕੇ ਭਾਰਤ ਦੇ ਫਿਕਰਾਂ ਤੋਂ ਜਾਣੂ ਕਰਵਾਇਆ। ਵਾਸ਼ਿੰਗਟਨ ਡੀਸੀ ਦੇ ਪੰਜ ਰੋਜ਼ਾ ਸਰਕਾਰੀ ਦੌਰੇੇ ’ਤੇ ਆਏ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਦੇ ਸੁਰੱਖਿਆ ਹਾਲਾਤ ਕਥਿਤ ਕੋਈ ਬਹੁਤੇ ਵਧੀਆ ਨਹੀਂ ਹਨ। ਭਾਰਤੀ ਕੂਟਨੀਤਕਾਂ ਨੂੰ ਸਰ੍ਹੇਆਮ ਧਮਕੀਆਂ ਮਿਲ ਰਹੀਆਂ ਹਨ ਤੇ ਉਹ ਉਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਨਤੀਜੇ ਵਜੋਂ ਭਾਰਤ ਨੂੰ ਉਥੇ ਆਪਣੀਆਂ ਵੀਜ਼ਾ ਸੇਵਾਵਾਂ ਬੰਦ ਕਰਨੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਕੱਟੜਪੰਥੀ ਤੇ ਲੋਕ ਖੁੱਲ੍ਹੇਆਮ ਹਿੰਸਾ ਦੀ ਵਕਾਲਤ ਕਰ ਰਹੇ ਹਨ ਤੇ ਅਜਿਹੇ ਲੋਕਾਂ ਨੂੰ ਉਥੇ ਵਿਚਰਨ ਤੇ ਆਪਣੀਆਂ ਕਾਰਵਾਈਆਂ ਚਲਾਉਣ ਲਈ ਸਰਜ਼ਮੀਨ ਮੁਹੱਈਆ ਕਰਵਾਈ ਜਾ ਰਹੀ ਹੈ। ਇਥੇ ਹਡਸਨ ਇੰਸਟੀਚਿਊਟ ਥਿੰਕ ਟੈਂਕ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਜੈਸ਼ੰਕਰ ਨੇ ਬਲਿੰਕਨ ਨਾਲ ਇਹ ਮੁੱਦਾ ਵਿਚਾਰੇ ਜਾਣ ਦੀ ਪੁਸ਼ਟੀ ਕੀਤੀ। ਜੈਸ਼ੰਕਰ ਨੇ ਕਿਹਾ ਕਿ ਬੈਠਕ ਦੌਰਾਨ ਅਮਰੀਕਾ ਨੇ ਇਸ ਮਸਲੇ ਨੂੰ ਲੈ ਕੇ ਆਪਣੀ ਸਮੀਖਿਆ ਉਨ੍ਹਾਂ ਨਾਲ ਸਾਂਝੀ ਕੀਤੀ ਜਦੋਂਕਿ ਭਾਰਤ ਨੇ ਅਮਰੀਕਾ ਨੂੰ ਆਪਣੇ ਫਿਕਰਾਂ ਤੋਂ ਜਾਣੂ ਕਰਵਾਇਆ। ਜੈਸ਼ੰਕਰ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸ਼ੁਰੂਆਤ ਵਿੱਚ ਨਿੱਜੀ ਤੇ ਮਗਰੋਂ ਜਨਤਕ ਤੌਰ ’ਤੇ ਦੋਸ਼ ਲਾਏ। ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਦੋਸ਼ਾਂ ਬਾਰੇ ਨਿੱਜੀ ਤੇ ਜਨਤਕ ਤੌਰ ’ਤੇ ਆਪਣੇ ਜਵਾਬ ਵਿੱਚ ਆਖ ਚੁੱਕੇ ਹਾਂ ਕਿ ਇਹ ਸਾਡੀ ਪਾਲਿਸੀ ਨਾਲ ਮੇਲ ਨਹੀਂ ਖਾਂਦੇ। ਅਤੇ ਜੇਕਰ ਉਨ੍ਹਾਂ, ਤੇ ਉਨ੍ਹਾਂ ਦੀ ਸਰਕਾਰ ਕੋਲ ਕੁਝ ਵੀ ਪ੍ਰਸੰਗਿਕ ਹੈ, ਤਾਂ ਅਸੀਂ ਉਸ ’ਤੇ ਗੌਰ ਕਰਾਂਗੇ।’’ ਜੈਸ਼ੰਕਰ ਨੇ ਕਿਹਾ ਭਾਰਤ ਲਈ, ਕੈਨੇਡਾ ਅਜਿਹਾ ਮੁਲਕ ਬਣ ਗਿਆ ਹੈ, ਜਿੱਥੇ ਭਾਰਤ ਤੋਂ ਸੰਗਠਿਤ ਅਪਰਾਧ ਨੂੰ ਮਨੁੱਖੀ ਤਸਕਰੀ, ਵੱਖਵਾਦ ਤੇ ਹਿੰਸਾ ਨਾਲ ਰਲਗੱਡ ਕੀਤਾ ਜਾਂਦਾ ਹੈ। ਉਧਰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦੀ ਧਰਤੀ ’ਤੇ ਸਿੱਖ ਵੱਖਵਾਦੀ ਆਗੂ (ਹਰਦੀਪ ਸਿੰਘ ਨਿੱਝਰ) ਦੀ ਹੱਤਿਆ ਮਾਮਲੇ ਵਿੱਚ ਕੈਨੇਡੀਅਨ ਤਫ਼ਤੀਸ਼ਕਾਰਾਂ ਨਾਲ ਸਹਿਯੋਗ ਕਰੇ।