ਸਮਝਣ ਦੀ ਲੋੜ, ਖੇਡ, ਇਕ ਖੇਡ ਹੈ ਜੰਗ ਨਹੀਂ!

ਸਮਝਣ ਦੀ ਲੋੜ, ਖੇਡ, ਇਕ ਖੇਡ ਹੈ ਜੰਗ ਨਹੀਂ!

-ਅਰਜਨ ਰਿਆੜ (ਮੱੁਖ ਸੰਪਾਦਕ)
ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਵੱਡਾ ਪ੍ਰਭਾਵ ਹੈ। ਜਿਹੜਾ ਵੀ ਵਿਅਕਤੀ ਖੇਡਾਂ ਨਾਲ ਜੁੜਿਆ ਰਹਿੰਦਾ ਹੈ ਉਹ ਜ਼ਿੰਦਗੀ ਵਿਚ ਬਹੁਤ ਕੁਝ ਹਾਸਲ ਕਰ ਲੈਂਦਾ ਹੈ। ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਖਿਡਾਰੀ ਮਿਹਨਤ ਕਰਦਾ ਹੈ ਤੇ ਉਹ ਵੱਡੀਆਂ ਪ੍ਰਾਪਤੀਆਂ ਨਹੀਂ ਵੀ ਕਰ ਸਕਿਆ ਤਾਂ ਉਹ ਇਕ ਮਜ਼ਬੂਤ ਅਤੇ ਤੰਦਰੁਸਤ ਸਰੀਰ ਜ਼ਰੂਰ ਹਾਸਲ ਕਰ ਲੈਂਦਾ ਹੈ। ਖੇਡ ਇਨਸਾਨ ਨੂੰ ਜ਼ਿੰਦਗੀ ਦੀਆਂ ਔਕੜਾਂ ਨਾਲ ਲੜਨਾ ਸਿਖਾਉਂਦੀ ਹੈ, ਡਿੱਗ ਕੇ ਉੱਠਣਾ ਸਿਖਾਉਂਦੀ ਹੈ, ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਸਿਖਾਉਂਦੀ ਹੈ। ਪਰ ਜਦੋਂ ਖੇਡ ਨੂੰ ਖੇਡ ਤੋਂ ਵੱਧ ਕੇ ਜੰਗ ਦੀ ਤਰ੍ਹਾਂ ਲਿਆ ਜਾਂਦਾ ਹੈ ਤਾਂ ਫਿਰ ਫਾਇਦੇ ਦੀ ਜਗ੍ਹਾ ਨੁਕਸਾਨ ਹੀ ਹੁੰਦੇ ਜਾਂਦੇ ਨੇ। ਇਸ ਦੀ ਇਕ ਤਾਜ਼ਾ ਉਦਾਹਰਣ ਕਬੱਡੀ ਤੋਂ ਲਈ ਜਾ ਸਕਦੀ ਹੈ। ਕਬੱਡੀ ਦੇ ਵੱਡੇ ਪ੍ਰਮੋਟਰ ਸੁਰਜਨ ਸਿੰਘ ਚੱਠਾ ਵਲੋਂ ਵਰ੍ਹਿਆਂ ਤੋਂ ਕਬੱਡੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ, ਉਹਨਾਂ ਨੌਰਥ ਇੰਡੀਆ ਕਬੱਡੀ ਫੈੱਡਰੇਸ਼ਨ ਬਣਾ ਕੇ ਖਿਡਾਰੀਆਂ ਨੂੰ ਇਕ ਨਵੀਂ ਲੀਹ ਦਿੱਤੀ ਜਿਸ ’ਤੇ ਚੱਲਦਿਆਂ ਕਬੱਡੀ ਦੇ ਸੈਂਕੜੇ ਖਿਡਾਰੀਆਂ ਨੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੱੁਕਿਆ ਅਤੇ ਦੇਸ਼ ਵਿਦੇਸ਼ ਵਿਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਕੇ ਪ੍ਰਸਿੱਧੀ ਹਾਸਲ ਕੀਤੀ। ਦੋ-ਤਿੰਨ ਕੁ ਸਾਲ ਪਹਿਲਾਂ ਜਦੋਂ ਇਸ ਫੈੱਡਰੇਸ਼ਨ ਦੇ ਹੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ, ਮੰਗੀ ਬੱਗਾ ਪਿੰਡ, ਖੁਸ਼ੀ ਦੱੁਗਾਂ, ਸੁਲਤਾਨ ਸੌਂਸਪੁਰ ਆਦਿ ਖਿਡਾਰੀਆਂ ਨੇ ਵੱਖਰੀ ਫੈੱਡਰੇਸ਼ਨ ਬਣਾ ਲਈ। ਇੱਥੇ ਤੱਕ ਵੀ ਕੋਈ ਵਿਵਾਦ ਨਹੀਂ ਸੀ। ਦੋਵੇਂ ਫੈੱਡਰੇਸ਼ਨਾਂ ਆਪੋ ਆਪਣੇ ਟੂਰਨਾਮੈਂਟ ਕਰਵਾਉਣ ਲੱਗੀਆਂ ਅਤੇ ਸਭ ਕੁਝ ਸਹੀ ਚੱਲ ਰਿਹਾ ਸੀ। ਪਰ ਅਚਾਨਕ ਕਬੱਡੀ ਦੇ ਸੁਪਰ ਸਟਾਰ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਜ਼ਿਲ੍ਹਾ ਜਲੰਧਰ ਦੇ ਮੱਲ੍ਹੀਆਂ ਖੁਰਦ ਦੇ ਇਕ ਟੂਰਨਾਮੈਂਟ ਦੌਰਾਨ ਸ਼ਰੇਆਮ ਕਤਲ ਹੋ ਜਾਂਦਾ ਹੈ। ਇਸ ਕਤਲ ਤੋਂ ਬਾਅਦ ਕਬੱਡੀ ਵਿਚ ਜੋ ਨਿਘਾਰ ਆਇਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਇਕ ਦੂਜੇ ਉੱਤੇ ਦੁੁਸ਼ਣਬਾਜ਼ੀ ਸ਼ੁਰੂ ਹੋਈ ਅਤੇ ਖੇਡ ਦੀ ਗਰਾਊਂਡ ਇਕ ਤਰ੍ਹਾਂ ਨਾਲ ਜੰਗ ਦਾ ਮੈਦਾਨ ਬਣ ਗਈ। ਅੱਜ ਹਰ ਕਬੱਡੀ ਖਿਡਾਰੀ ਆਪਣੇ ਆਪ ਨੂੰ ਦਹਿਸ਼ਤ ਵਿਚ ਮਹਿਸੂਸ ਕਰਦਾ ਹੈ ਕਿ ਪਤਾ ਨਹੀਂ ਕਿ ਗਰਾਊਂਡ ਵਿਚ ਖੇਡਦੇ ਹੀ ਉਸ ਨਾਲ ਕੀ ਹੋ ਜਾਵੇ। ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਸੀ ਰਿਹਾ। ਪੰਜਾਬ ਦੇ ਪਿੰਡਾਂ ’ਚ ਕਬੱਡੀ ਟੂਰਨਾਮੈਂਟ ਬਹੁਤ ਹੀ ਖੁਸ਼ੀਆਂ ਅਤੇ ਚਾਵਾਂ ਨਾਲ ਕਰਵਾਏ ਜਾਂਦੇ ਸਨ ਅਤੇ ਦਰਸ਼ਕ ਟਰਾਲੀਆਂ ਭਰ ਕੇ ਦੂਰੋਂ ਦੂਰੋਂ ਮੁਕਾਬਲੇ ਵੇਖਣ ਆਉਂਦੇ ਸਨ ਪਰ ਕੋਈ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਕਿ ਇਕ ਭਰੇ ਮੇਲੇ ਵਿਚ ਇਕ ਚੋਟੀ ਦੇ ਖਿਡਾਰੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇਗਾ। ਜੇਕਰ ਇਸ ਸਭ ਦਾ ਆਧਾਰ ਵੇਖਿਆ ਜਾਵੇ ਤਾਂ ਉਹ ਇਹ ਹੀ ਨਿਕਲਦਾ ਹੈ ਕਿ ਕਬੱਡੀ ਖੇਡ ਨੂੰ ਸਿਰਫ਼ ਖੇਡ ਨਾ ਰੱਖ ਕੇ ਇਕ ਜੰਗ ਅਤੇ ਵਪਾਰ ਦਾ ਅਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਕਬੱਡੀ ਦੇ ਟੂਰਨਮੈਂਟਾਂ ਵਿਚ ਵੀ ਮੈਚ ਫਿਕਸਿੰਗ ਦੇ ਦੋਸ਼ ਸਾਹਮਣੇ ਆਉਣ ਲੱਗੇ, ਖਿਡਾਰੀਆਂ ਨੂੰ ਆਪਣੀ ਟੀਮਾ ਵਿਚ ਖਿਡਾਉਣ ਲਈ ਧਮਕੀਆਂ ਆਉਣ ਲੱਗੀਆਂ, ਭਾਵ ਕਬੱਡੀ ਹੌਲੀ ਹੌਲੀ ਲੀਹ ਤੋਂ ਲਹਿੰਦੀ ਚਲੀ ਗਈ ਅਤੇ ਅੱਜ ਜੇਕਰ ਕਿਧਰੇ ਮੈਚ ਹੁੰਦੇ ਵੀ ਨੇ ਤਾਂ ਦਹਿਸ਼ਤ ਦੇ ਪ੍ਰਛਾਵੇਂ ਹੇਠ ਹੀ ਹੁੰਦੇ ਹਨ।
ਹੁਣੇ ਹੁਣੇ ਭਾਰਤ ਵਿਚ ਕਿ੍ਰਕਟ ਦਾ ਵਰਲਡ ਕੱਪ ਹੋ ਕੇ ਹਟਿਆ ਹੈ। 48 ਮੁਕਾਬਲਿਆਂ ਦੁਨੀਆਂ ’ਚ ਵਸਦੇ ਕਿ੍ਰਕਟ ਪ੍ਰੇਮੀਆਂ ਨੇ ਖੂਬ ਅਨੰਦ ਮਾਣਿਆ। ਇਕ ਚੈਂਪੀਅਨ ਦੀ ਤਰ੍ਹਾਂ ਖੇਡਣ ਵਾਲੀ ਟੀਮ ਇੰਡੀਆ ਨੂੰ 19 ਨਵੰਬਰ ਨੂੰ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਨਰਿੰਦਰ ਮੋਦੀ ਸਟੇਡੀਅਮ ’ਚ ਆਸਟ੍ਰੇਲੀਆ ਖਿਲਾਫ਼ ਮਿਲੀ ਹਾਰ ਨੇ ਮੈਨ ਇਨ ਬਲੂ ਦੇ ਨਾਲ-ਨਾਲ 140 ਕਰੋੜ ਲੋਕ ਨਿਰਾਸ਼ ਹੋ ਗਏ। ਸਾਰੇ ਦੇਸ਼ਾਂ ਦੇ ਦਰਸ਼ਕ ਆਪੋ ਆਪਣੇ ਦੇਸ਼ਾਂ ਦੀਆਂ ਟੀਮਾਂ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਹੁੰਦੇ ਨੇ, ਜਦੋਂ ਉਹਨਾਂ ਦੀ ਟੀਮ ਜਿੱਤਦੀ ਹੈ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਅਤੇ ਜਦੋਂ ਹਾਰਦੀ ਹੈ ਤਾਂ ਨਿਰਾਸ਼ਾ ਹੁੰਦੀ ਹੈ। ਇੱਥੋਂ ਤੱਕ ਤਾਂ ਠੀਕ ਹੈ ਪਰ ਜਦੋਂ ਖੁਸ਼ੀ ਜਾਂ ਨਿਰਾਸ਼ਾ ਦੀ ਹੱਦ ਟੱਪਦੀ ਹੈ ਨੁਕਸਾਨ ਹੁੰਦਾ ਹੈ। ਇਕ ਖ਼ਬਰ ਆਈ ਹੈ ਕਿ ਆਸਟ੍ਰੇਲੀਆ ਤੋਂ ਭਾਰਤ ਦੀ ਹਾਰ ਨਾ ਬਰਦਾਸ਼ਤ ਕਰਦੇ ਹੋਏ ਇਕ ਭਾਰਤੀ ਪ੍ਰਸ਼ੰਸਕ ਨੇ ਖੁਦਕੁਸ਼ੀ ਕਰ ਲਈ। ਇਹੋ ਜਿਹੀਆਂ ਹੋਰ ਵੀ ਬਹੁਤ ਖਬਰਾਂ ਆਉਂਦੀ ਰਹਿੰਦੀਆਂ ਹਨ ਕਿ ਕਿਸੇ ਨੇ ਆਪਣਾ ਟੀ.ਵੀ. ਤੋੜ ਲਿਆ ਜਾਂ ਕਿਸੇ ਨੇ ਕਿਸੇ ਨਾਲ ਲੜਾਈ ਕਰ ਲਈ। ਫੁੱਟਬਾਲ ਮੁਕਾਬਲਿਆਂ ਦੌਰਾਨ ਤਾਂ ਦੋਵਾਂ ਟੀਮਾਂ ਦੇ ਪ੍ਰਸ਼ੰਸ਼ਕਾਂ ਵਿਚਕਾਰ ਹੀ ਲੜਾਈ ਹੋ ਜਾਂਦੀ ਹੈ। ਸੈਮੀਫ਼ਾਈਨਲ ਮੁਕਾਬਲੇ ’ਚ ਨਿਊਜ਼ੀਲੈਂਡ ਖਿਲਾਫ਼ ਤਕੜੀ ਖੇਡ ਦਿਖਾਉਣ ਵਾਲਾ ਮੁਹੰਮਦ ਸ਼ੰਮੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਵਧੀਆ ਸੁਨੇਹਾ ਸਾਂਝਾ ਕੀਤਾ ਹੈ। ਭਾਵੇਂ ਕਿ ਹਾਰ ਕਾਰਨ ਉਹ ਖੁਦ ਵੀ ਨਿਰਾਸ਼ ਹੈ ਪਰ ਉਸਦੀ ਇਕ ਇਕ ਗੱਲ ਉੱਤੇ ਧਿਆਨ ਦੇਣਾ ਬਣਦਾ ਹੈ। ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਨੇ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਖਾਸ ਸੰਦੇਸ਼ ਦਿੰਦਿਆਂ ਤਕੜੀ ਵਾਪਸੀ ਕਰਨ ਦੀ ਗੱਲ ਕਹੀ। ਉਨ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਫੋਟੋ ਸਾਂਝੀ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਟੀਮ ਦੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਟੀਮ ਦੇ ਡਰੈਸਿੰਗ ਰੂਮ ਵਿੱਚ ਪਹੁੰਚੇ। ਉੱਥੇ ਉਨ੍ਹਾਂ ਨੇ ਹਾਰ ਤੋਂ ਟੁੱਟੇ ਖਿਡਾਰੀਆਂ ਨੂੰ ਦਿਲਾਸਾ ਦਿੱਤਾ। ਸ਼ੰਮੀ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਜੱਫ਼ੀ ਪਾਉਂਦੇ ਨਜ਼ਰ ਆ ਰਹੇ ਹਨ। ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਸ਼ੰਮੀ ਭਾਵੁਕ ਹਨ ਅਤੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਕੁਝ ਸਮਝਾ ਰਹੇ ਹਨ। ਮੁਹੰਮਦ ਸ਼ੰਮੀ ਨੇ ਟਵੀਟ ਕੀਤਾ ਕਿ ਬਦਕਿਸਮਤੀ ਨਾਲ ਕੱਲ੍ਹ ਸਾਡਾ ਦਿਨ ਨਹੀਂ ਸੀ। ਮੈਂ ਪੂਰੇ ਟੂਰਨਾਮੈਂਟ ਦੌਰਾਨ ਸਾਡੀ ਟੀਮ ਅਤੇ ਮੇਰਾ ਸਮਰਥਨ ਕਰਨ ਲਈ ਸਾਰੇ ਭਾਰਤੀਆਂ ਦਾ ਧੰਨਵਾਦ ਕਰਨਾ ਚਾਹਾਂਗਾ। ਡਰੈਸਿੰਗ ਰੂਮ ਵਿੱਚ ਆਉਣ ਅਤੇ ਸਾਨੂੰ ਹੌਂਸਲਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ। ਅਸੀਂ ਵਾਪਸ ਆਵਾਂਗੇ!’’ ਅਸਲ ’ਚ ਭਾਰਤ ਦਾ 12 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਨਿਊਜ਼ੀਲੈਂਡ ’ਤੇ ਸੈਮੀਫ਼ਾਈਨਲ ਜਿੱਤ ਸਮੇਤ ਲਗਾਤਾਰ 10 ਮੈਚ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਪਰ ਹਾਰ ਜਿੱਤ ਇਕ ਖੇਡ ਦਾ ਹਿੱਸਾ ਹੈ, ਬਿਨਾਂ ਸ਼ੱਕ ਭਾਰਤੀ ਟੀਮ ਨੇ ਪੂਰਾ ਮੁਕਾਬਲਾ ਕੀਤਾ ਅਤੇ ਆਸਟ੍ਰੇਲੀਆ ਦਾ ਰਸਤਾ ਕਿਸੇ ਵੀ ਤਰ੍ਹਾਂ ਅਸਾਨ ਨਹੀਂ ਰਹਿਣ ਦਿੱਤਾ ਪਰ ਖੇਡ ਦੀ ਰੌਚਕਤਾ ਹੀ ਇਹੋ ਹੁੰਦੀ ਹੈ ਜਦੋਂ ਪਤਾ ਨਾ ਲੱਗੇ ਕਿ ਕੌਣ ਜਿੱਤੇਗਾ। ਕੁਲ ਮਿਲਾ ਕੇ ਇਕ ਬਹੁਤ ਹੀ ਵਧੀਆ ਹੀ ਮੁਕਾਬਲਾ ਸੀ, ਦੋਵਾਂ ਪਾਸਿਆਂ ਦੇ ਦਰਸ਼ਕਾਂ ਨੇ ਮੁਕਾਬਲੇ ਦਾ ਅਨੰਦ ਮਾਣਿਆ ਪਰ ਭਾਰਤੀ ਦਰਸ਼ਕ ਨਿਰਾਸ਼ ਜ਼ਰੂਰ ਹਨ ਅਤੇ ਉਹਨਾਂ ਨੂੰ ਮੁਹੰਮਦ ਸ਼ਮੀ ਦੀ ਦੇ ਸੁਨੇਹੇ ਉੱਤੇ ਯਕੀਨ ਕਰਨਾ ਹੈ ਕਿ ਅਸੀਂ ਦੁਬਾਰਾ ਵਾਪਸ ਆਵਾਂਗੇ। ਡਿੱਗ ਕੇ ਉੱਠਣ ਦਾ ਖੇਡ ਸੰਦੇਸ਼ ਦਿੰਦੀ ਹੈ ਅਤੇ ਭਾਰਤੀ ਟੀਮ ਫਿਰ ਉਸੇ ਲੈਅ ਵਿਚ ਆ ਕੇ ਵਿਰੋਧੀ ਟੀਮਾਂ ਨੂੰ ਟੱਕਰ ਦੇਵੇਗੀ, ਸਾਰੇ ਦੇਸ਼ ਨੂੰ ਆਪਣੇ ਜੁਝਾਰੂ ਖਿਡਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਖੇਡ ਆਖਰਕਾਰ ਇਕ ਖੇਡ ਹੈ, ਇਹ ਕੋਈ ਜੰਗ ਨਹੀਂ ਜਿਸ ਦੀ ਜਿੱਤ ਜਾਂ ਹਾਰ ਨਾਲ ਪ੍ਰਭੂਸੱਤਾ ਨੂੰ ਖ਼ਤਰਾ ਬਣਦਾ ਹੋਵੇ। ਆਮੀਨ!