ਭਾਰਤ-ਚੀਨ ਸਬੰਧਾਂ ’ਚ ਸੰਤੁਲਨ ਬਣਾਉਣਾ ਚੁਣੌਤੀ: ਜੈਸ਼ੰਕਰ

ਭਾਰਤ-ਚੀਨ ਸਬੰਧਾਂ ’ਚ ਸੰਤੁਲਨ ਬਣਾਉਣਾ ਚੁਣੌਤੀ: ਜੈਸ਼ੰਕਰ

ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ-ਚੀਨ ਸਬੰਧਾਂ ’ਚ ਸੰਤੁਲਨ ਬਣਾਉਣਾ ਤੇ ਇਨ੍ਹਾਂ ਨੂੰ ਕਾਇਮ ਰੱਖਣਾ ਵੱਡੀ ਚੁਣੌਤੀ ਹੋਵੇਗਾ। ਉਨ੍ਹਾਂ ਹਾਲਾਂਕਿ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੇਈਚਿੰਗ ਵੱਲੋਂ ਨਿਯਮਾਂ ਦਾ ਪਾਲਣ ਨਾ ਕੀਤੇ ਜਾਣ ਕਾਰਨ ਮੌਜੂਦਾ ਹਾਲਾਤ ਬਣੇ ਹਨ ਤੇ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਪੈਦਾ ਹੋਇਆ ਹੈ। ਰਾਇਸੀਨਾ ਡਾਇਲਗ ਦੇ ਇੱਕ ਸੈਸ਼ਨ ਦੌਰਾਨ ਜੈਸ਼ੰਕਰ ਕਿਹਾ ਕਿ ਚੀਨ ਮਸਲਿਆਂ ਨੂੰ ਹੱਲ ਹੋਣ ਦੇਣ ਦੀ ਥਾਂ ਇਨ੍ਹਾਂ ਨੂੰ ਉਲਝਾ ਰਿਹਾ ਹੈ ਅਤੇ ਇਸ ਲਈ ਭਾਰਤ ਨੂੰ ਬਰਾਬਰੀ ਦੀ ਸਥਿਤੀ ਤੱਕ ਪਹੁੰਚਣ ਲਈ ਹੋਰਨਾਂ ਬਦਲਾਂ ਦੀ ਵਰਤੋਂ ਕਰਨ ਦੇ ਆਪਣੇ ਅਧਿਕਾਰ ਨੂੰ ਛੱਡਣਾ ਨਹੀਂ ਚਾਹੀਦਾ। ਵਿਦੇਸ਼ ਮੰਤਰੀ ਨੇ ਆਰਥਿਕ ਮੋਰਚੇ ’ਤੇ ਕਿਹਾ ਕਿ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਚੀਨ ਦਾ ਅਰਥਚਾਰਾ ਵਿਕਾਸ ਨਹੀਂ ਕਰੇਗਾ ਅਤੇ ਭਾਰਤ ਦਾ ਅਰਥਚਾਰਾ ਅੱਗੇ ਵਧੇਗਾ। ਉਨ੍ਹਾਂ ਆਲਮੀ ਰੇਟਿੰਗ ਏਜੰਸੀ ਗੋਲਡਮੈਨ ਸੈਸ਼ ਦੇ ਅਨੁਮਾਨਾਂ ਦਾ ਹਵਾਲਾ ਦਿੱਤਾ ਜਿਸ ਅਨੁਸਾਰ 2075 ਤੱਕ ਦੋਵੇਂ ਦੇਸ਼ 50 ਲੱਖ ਕਰੋੜ ਅਮਰੀਕੀ ਡਾਲਰ ਤੋਂ ਵਧ ਦੇ ਅਰਥਚਾਰੇ ਬਣ ਜਾਣਗੇ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਰੂਸ ਸ਼ਾਸਨ ਕਲਾ ਦੀ ਮਹਾਨ ਰਵਾਇਤ ਵਾਲੀ ਸ਼ਕਤੀ ਹੈ ਅਤੇ ਏਸ਼ੀਆ ਜਾਂ ਗੈਰ ਪੱਛਮੀ ਮੁਲਕਾਂ ਵੱਲ ਇਸ ਦੀ ਪਹੁੰਚ ਵੱਧ ਰਹੀ ਹੈ। ਪੇਈਚਿੰਗ ਨਾਲ ਮਾਸਕੋ ਦੀ ਵਧਦੀ ਨੇੜਤਾ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਰੂਸ ਨੂੰ ਕਈ ਬਦਲ ਦੇਣ ਦੇ ਵੱਖਰੇ ਮਾਇਨੇ ਹਨ ਅਤੇ ਇਸ ਨੂੰ ਸਿਰਫ਼ ਇੱਕ ਬਦਲ ਅਨੁਸਾਰ ਢਾਲ ਕੇ ਇਸ ਦੀ ਆਲੋਚਨਾ ਕਰਨਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘ਅੱਜ ਹੋਰ ਮੁਲਕਾਂ ਤੇ ਖਾਸ ਕਰਕੇ ਏਸ਼ੀਆ ਲਈ ਰੂਸ ਨਾਲ ਜੁੜਨਾ ਮਹੱਤਵਪੂਰਨ ਹੈ।’ ਉਨ੍ਹਾਂ ਕਿਹਾ ਕਿ ਰੂਸ ਏਸ਼ੀਆ ਜਾ ਦੁਨੀਆ ਦੇ ਗ਼ੈਰ ਪੱਛਮੀ ਮੁਲਕਾਂ ਵੱੱਲ ਵਧੇਰੇ ਪਹੁੰਚ ਕਰ ਰਿਹਾ ਹੈ।