
-ਅਰਜਨ ਰਿਆੜ (ਮੱੁਖ ਸੰਪਾਦਕ)
ਪੰਜਾਬ ਪਿੰਡਾਂ ਵਿਚ ਵਸਦਾ ਹੈ ਅਤੇ ਪਿੰਡਾਂ ਵਿਚ ਖੁਸ਼ਹਾਲੀ ਹੈ ਤੇ ਖੁਸ਼ਹਾਲੀ ਤਾਂ ਹੈ ਕਿਉਂਕਿ ਪਿੰਡਾਂ ਦੇ ਲੋਕ ਵਿਦੇਸ਼ਾਂ ਵਿਚ ਆ ਕੇ ਆਪਣੇ ਪਰਿਵਾਰਾਂ ਅਤੇ ਸੂਬੇ ਦੀ ਬਿਹਤਰੀ ਲਈ ਡਾਲਰ ਪੌਂਡ ਭੇਜਦੇ ਹਨ। ਜੇਕਰ ਪੰਜਾਬ ਦੇ ਲੋਕ ਵਿਦੇਸ਼ਾਂ ਵਿਚ ਨਾ ਪਹੁੰਚੇ ਹੁੰਦੇ ਤਾਂ ਇਸ ਸੂਬੇ ਦਾ ਹਾਲ ਵੀ ਬਿਹਾਰ, ਯੂ.ਪੀ. ਵਰਗਾ ਹੁੰਦਾ ਜਿੱਥੇ ਅਜੇ ਤੱਕ ਵੀ ਬੁਨਿਆਦੀ ਸਹੂਲਤਾਂ ਨਹੀਂ ਪਹੂੰਚੀਆਂ। ਇਸ ਲਈ ਇਹ ਜ਼ਿਕਰ ਜਰੂਰ ਕਰਨਾ ਬਣਦਾ ਹੈ ਕਿ ਵਿਦੇਸ਼ਾਂ ਦਾ ਪੰਜਾਬੀਆਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਹੈ। ਵਰ੍ਹਿਆਂ ਤੋਂ ਕਨੇਡਾ ਪੰਜਾਬੀਆਂ ਲਈ ਸੁਪਨਮਈ ਦੇਸ਼ ਰਿਹਾ ਹੈ ਅਤੇ ਹਰ ਪੰਜਾਬੀ ਕਿਸੇ ਨਾ ਕਿਸੇ ਢੰਗ ਨਾਲ ਕਨੇਡਾ ਜਾ ਕੇ ਵਸਣਾ ਚਾਹੁੰਦਾ ਹੈ। ਦਸ ਕੁ ਸਾਲ ਤੋਂ ਵਿਦਿਆਰਥੀ ਵੀਜ਼ਾ ਨੇ ਤਾਂ ਪੰਜਾਬੀਆਂ ਦੇ ਕਨੇਡਾ ਪਹੁੰਚਣ ਦੇ ਸੁਪਨੇ ਨੂੰ ਅਸਾਨ ਅਤੇ ਤੇਜ਼ ਬਣਾ ਦਿੱਤਾ ਹੈ। ਮਾਪੇ ਆਪਣੇ ਬੱਚਿਆਂ ਨੂੰ ਬਾਰਵੀਂ ਕਰਵਾਉਣ ਉਪਰੰਤ ਆਈਲੈੱਟਸ ਕਰਵਾ ਕੇ ਕਨੇਡਾ ਭੇਜਣ ਵਿਚ ਹੀ ਬਿਹਤਰੀ ਸਮਝਦੇ ਹਨ ਕਿਉਂਕਿ ਇੱਥੇ ਪੰਜਾਬ ਵਿਚ ਉਹਨਾਂ ਨੂੰ ਬੱਚਿਆਂ ਦਾ ਭਵਿੱਖ ਉੱਜਵਲ ਦਿਖਾਈ ਨਹੀਂ ਦਿੰਦਾ। ਵੱਡੀਆਂ ਵੱਡੀਆਂ ਟਾਹਰਾਂ ਮਾਰਨ ਵਾਲੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਵਲੋਂ ਆਪਣੇ ਲੋਕਾਂ ਲਈ ਰੁਜ਼ਗਾਰ, ਸਿਹਤ, ਵਿੱਦਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਪ੍ਰਬੰਧ ਦੇਸ਼ ਦੀ ਅਜ਼ਾਦੀ ਦੀ ਪੌਣੀ ਸਦੀ ਦੇ ਬਾਅਦ ਤੱਕ ਵੀ ਨਹੀਂ ਕੀਤੇ ਜਾ ਸਕੇ। ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਲੁੱਟਾਂ ਖੋਹਾਂ ਅਤੇ ਨਸ਼ਾ ਤਸਕਰੀ ਵੱਲ ਜਾ ਰਹੇ ਹਨ। ਚੰਗੇ ਨੌਜਵਾਨਾਂ ਦੀ ਸਰਕਾਰ ਬਾਂਹ ਹੀ ਨਹੀਂ ਫੜ ਰਹੀ ਅਤੇ ਹਰ ਪਾਸੇ ਹਾਹਾਕਾਰ ਮਚੀ ਹੋਈ ਦਿਖਾਈ ਦਿੰਦੀ ਹੈ। ਪੰਜਾਬ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਭਵਿੱਖ ਕਨੇਡਾ ਵਿਚ ਹੀ ਸੁਰੱਖਿਅਤ ਦਿਖਾਈ ਦਿੰਦਾ ਹੈ। ਭਾਵੇਂ ਕਿ ਜ਼ਿੰਦਗੀ ਵਿਚ ਕਨੇਡਾ ਵਿਚ ਸੁਖਾਲੀ ਨਹੀਂ ਪਰ ਉੱਥੇ ਮੌਕੇ ਜ਼ਿਆਦਾ ਹੋਣ ਕਾਰਨ ਕੋਈ ਵੀ ਵਿਦਿਆਰਥੀ ਤਿੰਨ ਚਾਰ ਸਾਲ ਵਿਚ ਹੀ ਆਪਣੇ ਪੈਰ ਜਮਾਂ ਲੈਂਦਾ ਹੈ।
ਇਕ ਸਰਵੇਖਣ ਅਨੁਸਾਰ ਕਨੇਡਾ ਵਿਚ 17 ਲੱਖ ਭਾਰਤੀ ਰਹਿੰਦੇ ਹਨ ਅਤੇ ਉਹਨਾਂ ਵਿਚੋਂ ਇਕੱਲੇ ਸਾਢੇ 9 ਲੱਖ ਪੰਜਾਬੀ ਹੀ ਹਨ। ਜਿਸ ਦੇਸ਼ ਵਿਚ ਇੰਨੀ ਵੱਡੀ ਗਿਣਤੀ ’ਚ ਭਾਰਤੀ ਰਹਿੰਦੇ ਹੋਣ ਉਸ ਦੇਸ਼ ਨਾਲ ਵਿਵਾਦ ਹੋਣਾ ਕੋਈ ਛੋਟੀ ਗੱਲ ਨਹੀਂ ਹੋ ਸਕਦੀ। ਕਿਉਂਕਿ ਜਦੋਂ ਦੋ ਦੇਸ਼ਾਂ ਵਿਚ ਵਿਵਾਦ ਹੁੰਦਾ ਹੈ ਤਾਂ ਉਸਦਾ ਨਤੀਜਾ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਭੁਗਤਣਾ ਪੈਂਦਾ ਹੈ। ਭਾਰਤ ਦੇ ਸੂਬੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਭਾਰਸਿੰਘ ਪੁਰਾ ਦੇ ਜੰਮਪਲ ਅਤੇ ਕਨੇਡਾ ਪੱਕੇ ਤੌਰ ’ਤੇ ਵਸਦੇ ਖਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਸਰ੍ਹੀ ਕਨੇਡਾ ਦੇ ਇਕ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਅਣਪਛਾਤੇ ਹਮਲਵਰਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦਾ ਵਿਰੋਧ ਦੇਸ਼ ਵਿਦੇਸ਼ ਵਿਚ ਹੋਣ ਲੱਗਾ ਅਤੇ ਕਈ ਦੇਸ਼ਾਂ ਵਿਚ ਭਾਰਤੀ ਦੂਤਘਰਾਂ ਉੱਪਰ ਹਮਲੇ ਵੀ ਹੋਏ, ਤਿਰੰਗੇ ਦਾ ਅਪਮਾਨ ਅਤੇ ਦੂਤਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵਰਗੀਆਂ ਘਟਨਾਵਾਂ ਵੀ ਹੋਈਆਂ। ਭਾਰਤ ਸਰਕਾਰ ਵਲੋਂ ਕਨੇਡਾ ਸਰਕਾਰ ਉੱਪਰ ਖਾਲਿਸਤਾਨੀ ਆਗੂਆਂ ਨੂੰ ਕਾਬੂ ਕਰਨ ਦਾ ਬਹੁਤ ਜ਼ਿਆਦਾ ਦਬਾਅ ਪਾਇਆ ਜਾਣ ਲੱਗਾ। ਇਕ ਡੇਢ ਸਾਲ ਤੋਂ ਭਾਰਤ ਸਰਕਾਰ ਖਾਲਿਸਤਾਨੀਆਂ ਪ੍ਰਤੀ ਬਹੁਤ ਹੀ ਸਖ਼ਤ ਹੋਣ ਲੱਗੀ ਹੈ ਤੇ ਇੰਨੇ ਕੁ ਸਮੇਂ ਵਿਚ ਹੀ ਪਾਕਿਸਤਾਨ ਵਿਚ ਖਾਲਿਸਤਾਨੀ ਆਗੂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋ ਗਿਆ, ਇੰਗਲੈਂਡ ਵਿਚ ਭਾਈ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਅਤੇ ਕਨੇਡਾ ’ਚ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ। ਇਸ ਤੋਂ ਲੱਗਣ ਲੱਗਾ ਕਿ ਜਿਵੇਂ ਭਾਰਤੀ ਸਰਕਾਰ ਵਿਦੇਸ਼ਾਂ ਵਿਚ ਖ਼ਾਲਿਸਤਾਨੀਆਂ ਦੇ ਖਿਲਾਫ਼ ‘ਸਰਜੀਕਲ ਸਟਰਾਈਕ’ ਕਰ ਰਹੀ ਹੋਵੇ।
ਪੱਛਮੀਂ ਮੁਲਕਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੇ ਹਿਤਾਂ ਲਈ ਸਾਰੀ ਦੁਨੀਆਂ ਨਾਲ ਭਿੜਨ ਤੱਕ ਜਾਂਦੀਆਂ ਹਨ। ਕਨੇਡਾ ਵੀ ਉਹਨਾਂ ਮੁਲਕਾਂ ’ਚੋਂ ਇਕ ਹੈ ਜੋ ਆਪਣੇ ਨਾਗਰਿਕਾਂ ਦੇ ਹਿਤਾਂ ਲਈ ਡਟ ਕੇ ਖੜ੍ਹਦਾ ਹੈ। ਭਾਈ ਹਰਦੀਪ ਸਿੰਘ ਨਿੱਝਰ ਭਾਵੇਂ ਪੰਜਾਬ ਦਾ ਜੰਮਪਲ ਸੀ ਪਰ ਉਹ ਕਨੇਡੀਅਨ ਸਿਟੀ ਸੀ। ਇਸ ਲਈ ਉੱਥੋਂ ਦੀ ਟੂਰਡੋ ਸਰਕਾਰ ਵਲੋਂ ਇਸ ਕਤਲ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਅਤੇ ਉਸਦੀ ਜਾਂਚ ਸ਼ੂਰੂ ਕਰ ਦਿੱਤੀ ਗਈ। ਉਹਨਾਂ ਵਲੋਂ ਦੇਸ਼ ਦੀ ਪਾਰਲੀਮੈਂਟ ਵਿਚ ਭਾਰਤ ਖਿਲਾਫ਼ ਦਿੱਤੇ ਗਏ ਬਿਆਨ ਨਾਲ ਦੁਨੀਆਂ ਦੀ ਸਿਆਸਤ ਵਿਚ ਉਬਾਲ ਆ ਗਿਆ। ਉਹਨਾਂ ਸਿੱਧੇ ਹੀ ਭਾਰਤ ਉੱਤੇ ਦੋਸ਼ ਲਗਾ ਦਿੱਤੇ ਕਿ ਮੋਦੀ ਸਰਕਾਰ ਨੇ ਹੀ ਭਾਈ ਨਿੱਝਰ ਦਾ ਕਤਲ ਕਰਵਾਇਆ ਹੈ। ਟਰੂਡੋ ਦੇ ਬਿਆਨ ਨੇ ਬੈਠੀ ਸੁੱਤੀ ਵਿਸ਼ਵ ਗੁਰੂ ਮੋਦੀ ਸਰਕਾਰ ਨੂੰ ਹਰਕਤ ਵਿਚ ਲਿਆਂਦਾ। ਉਸ ਨੂੰ ਹੋਰ ਤਾਂ ਕੁਝ ਸੁੱਝਿਆ ਨਹੀਂ ਕਨੇਡੀਅਨ ਸਿਟੀਜ਼ਨਾਂ ਲਈ ਵੀਜ਼ੇ ਸਸਪੈਂਡ ਕਰ ਦਿੱਤੇ ਅਤੇ ਭਾਈ ਨਿੱਝਰ ਦੇ ਕਤਲ ਵਿਚ ਭਾਰਤ ਦਾ ਹੱਥ ਹੋਣ ਦੇ ਸਬੂਤਾਂ ਦੀ ਮੰਗ ਕੀਤੀ ਜਾਣ ਲੱਗੀ। ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਦੂਜੇ ਦੇਸ਼ਾਂ ਵਿਚ ਜਾ ਕੇ ਸਰਜੀਕਲ ਸਟਰਾਈਕ ਕਰਦੇ ਹਾਂ ਉਹ ਭਾਈ ਨਿੱਝਰ ਦੇ ਕਤਲ ਤੋਂ ਇਨਕਾਰ ਕਰਨ ਲੱਗੀ।
ਦੂਜੇ ਪਾਸੇ ਨਿਊਯਾਰਕ ਟਾਈਮਜ਼ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, ‘‘ਨਿੱਝਰ ਦੀ ਹੱਤਿਆ ਤੋਂ ਬਾਅਦ, ਅਮਰੀਕੀ ਖੁਫ਼ੀਆ ਏਜੰਸੀਆਂ ਨੇ ਆਪਣੇ ਕਨੇਡੀਅਨ ਹਮਰੁਤਬਾ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਿਸ ਨਾਲ ਕਨੇਡਾ ਨੂੰ ਇਹ ਸਿੱਟਾ ਕੱਢਣ ਵਿੱਚ ਮਦਦ ਮਿਲੀ ਕਿ ਭਾਰਤ ਇਸ ਵਿੱਚ ਸ਼ਾਮਲ ਸੀ।’’ ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਕਨੇਡੀਅਨ ਅਧਿਕਾਰੀਆਂ ਨੇ ਭਾਰਤੀ ਕੂਟਨੀਤਕਾਂ ਦੀ ਗੱਲਬਾਤ ’ਤੇ ਨਜ਼ਰ ਰੱਖੀ ਤੇ ਇਹੀ ਉਹ ਸਬੂਤ ਹਨ ਜਿਸ ਤੋਂ ਭਾਰਤ ਦੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਸੰਕੇਤ ਮਿਲਦਾ ਹੈ। ਕਨੇਡਾ ਵਿਚ ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨੇ ਸੀ.ਟੀ.ਵੀ. ਨਿਊਜ਼ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘‘ਫਾਈਵ ਆਈਜ਼ ਭਾਈਵਾਲਾਂ ਦਰਮਿਆਨ ਖੁਫ਼ੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ’’ ਜਿਸ ਦੇ ਅਧਾਰ ’ਤੇ ਟਰੂਡੋ ਨੇ ਭਾਰਤ ਸਰਕਾਰ ਤੇ ਇਕ ਕਨੇਡਿਆਈ ਨਾਗਰਿਕ ਦੀ ਹੱਤਿਆ ਦਰਮਿਆਨ ‘ਸੰਭਾਵੀ’ ਸਬੰਧ ਦੇ ਦੋਸ਼ ਨੂੰ ਲੈ ਕੇ ਜਨਤਕ ਬਿਆਨ ਦਿੱਤਾ।
ਖੈਰ ਇਹ ਤਾਂ ਵਿਸ਼ਾ ਬਹੁਤ ਵੱਡੇ ਅਤੇ ਕੂਟਨੀਤਕ ਪੱਧਰ ਦਾ ਹੈ, ਅਸੀਂ ਗੱਲ ਕਰਦੇ ਹਾਂ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨਾਲ ਕੀ ਅਸਰ ਪਵੇਗਾ। ਇਸ ਵੇਲੇ ਕਨੇਡਾ ਵਸਦੇ ਭਾਰਤੀ ਅਤੇ ਉਹਨਾਂ ਦੇ ਭਾਰਤ/ਪੰਜਾਬ ਵਸਦੇ ਰਿਸ਼ਤੇਦਾਰ ਤੇ ਸਕੇ ਸਬੰਧੀ ਪੂਰੀ ਚਿੰਤਾ ਵਿਚ ਹਨ ਕਿ ਪਤਾ ਨਹੀਂ ਆਉਣ ਵਾਲੇ ਸਮੇਂ ’ਚ ਕੀ ਬਣੇਗਾ? ਭਾਰਤ ਵਲੋਂ ਕਨੇਡੀਅਨ ਨਾਗਰਿਕਾਂ ਲਈ ਵੀਜ਼ੇ ਸਸਪੈਂਡ ਕਰ ਦਿੱਤੇ ਗਏ ਹਨ ਪਰ ਕਿੰਨੇ ਕੁ ਗੋਰੇ ਲੋਕ ਹੋਣਗੇ ਜੋ ਇੰਡੀਆ ਆਉਣ ਲਈ ਤੜਪ ਰਹੇ ਹੋਣਗੇ? ਜਿਨ੍ਹਾਂ ਉੱਪਰ ਇਹ ਹੁਕਮ ਲਾਗੂ ਹੋਵੇਗਾ ਉਹ ਸਾਰੇ ਹੀ ਭਾਰਤੀ ਹੀ ਹੋਣਗੇ ਜਿਹੜੇ ਕਨੇਡਾ ਦੀ ਸਿਟੀਜ਼ਨਸ਼ਿਪ ਲੈ ਚੁੱਕੇ ਹੋਣਗੇ। ਇਸ ਲਈ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਕਨੇਡੀਅਨਾਂ ਨੂੰ ਨਾਮਾਤਰ ਪਰ ਭਾਰਤੀਆਂ ਨੂੰ ਹੀ ਸਭ ਤੋਂ ਵੱਧ ਅਸਰ ਪਵੇਗਾ। ਦੋਵਾਂ ਦੇਸ਼ਾਂ ਵਿਚ ਵਸਦੇ ਭਾਰਤੀਆਂ ਵਲੋਂ ਪਲ ਪਲ ਮੀਡੀਆ ਖ਼ਬਰਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਪਸ ਵਿਚ ਗੱਲਬਾਤ ਦਾ ਦੌਰਾ ਜਾਰੀ ਰੱਖਿਆ ਜਾ ਰਿਹਾ ਹੈ। ਇਤਿਹਾਸ ਵਿਚ ਕਦੇ ਵੀ ਕਨੇਡਾ-ਭਾਰਤ ਦੇ ਸਬੰਧਾਂ ਵਿਚ ਇੰਨੀ ਖੱਟਾਸ ਨਹੀਂ ਆਈ ਜਿੰਨੀ ਹੁਣ ਆ ਚੱੁਕੀ ਹੈ, ਭਾਰਤ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਨੇਡਾ ਖਾਲਿਸਤਾਨ ਦਾ ਸਮੱਰਥਕ ਹੈ ਪਰ ਜੇਕਰ ਧਿਆਨ ਨਾਲ ਘੋਖਿਆ ਜਾਵੇ ਤਾਂ ਟਰੂਡੋ ਨੇ ਕਿਤੇ ਵੀ ਖਾਲਿਸਤਾਨ ਦਾ ਸਮੱਰਥਨ ਨਹੀਂ ਕੀਤਾ ਉਸ ਵਲੋਂ ਸਿਰਫ਼ ਤੇ ਸਿਰਫ਼ ਆਪਣੇ ਨਾਗਰਿਕ ਦੇ ਕਤਲ ਦੀ ਲੜਾਈ ਲੜੀ ਜਾ ਰਹੀ ਹੈ ਅਤੇ ਇਹੀ ਪੱਛਮੀਂ ਦੇਸ਼ਾਂ ਦੀ ਖੂਬਸੂਰਤੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਆਪਣੇ ਲਈ ਸਭ ਤੋਂ ਅਹਿਮ ਸਮਝਦੇ ਹਨ। ਆਮੀਨ!