
-ਅਰਜਨ ਰਿਆੜ (ਮੁੱਖ ਸੰਪਾਦਕ)
ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਚਾਨਕ ਆਏ ਬਿਆਨ ਨੇ ਸਮੱੁਚੀ ਦੁਨੀਆਂ ਦੀ ਸਿਆਸਤ ਉੱਤੇ ਨਜ਼ਰ ਰੱਖਣ ਵਾਲੇ ਲੋਕਾਂ ਨੂੰ ਹਰਕਤ ਵਿਚ ਲਿਆ ਦਿੱਤਾ ਹੈ। ਉਹਨਾਂ ਨੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਨੇਡਾ ਦੇ ਸਰ੍ਹੀ ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ਵਿਚ ਹੋਏ ਕਤਲ ਦਾ ਦੋਸ਼ ਭਾਰਤ ਸਰਕਾਰ ਦੇ ਸਿਰ ਮੜ੍ਹ ਦਿੱਤਾ ਹੈ। ਇਹ ਕੋਈ ਛੋਟਾ ਦੋਸ਼ ਨਹੀਂ ਹੈ। ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੋਦੀ ਮੀਡੀਆ ਨੇ ਏਨੀ ਕੁ ਚੜ੍ਹਤ ਮਚਾਈ ਹੋਈ ਹੈ ਕਿ ਮੋਦੀ ਸਾਬ੍ਹ ਨੂੰ ਵੀ ਭੁਲੇਖਾ ਪੈ ਗਿਆ ਹੈ ਕਿ ਉਹ ਵਿਸ਼ਵ ਗੁਰੂ ਹਨ ਅਤੇ ਸਾਰੇ ਦੇਸ਼ ਉਹਨਾਂ ਤੋਂ ਪੱੁਛ ਕੇ ਸਰਕਾਰਾਂ ਚਲਾਉਣਗੇ ਪਰ ਟਰੂਡੋ ਦੇ ਬਿਆਨ ਨੇ ਉਨ੍ਹਾਂ ਨੂੰ ਝਟਕਾ ਜ਼ਰੂਰ ਦਿੱਤਾ ਹੈ। ਅਸਲ ਵਿਚ ਭਾਰਤ ਸਰਕਾਰ ਖਾਲਿਸਤਾਨੀਆਂ ਖਿਲਾਫ਼ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਸਖਤੀ ਦਿਖਾ ਰਹੀ ਹੈ ਜਿਸਦੇ ਚੱਲਦਿਆਂ ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ, ਇੰਗਲੈਂਡ ਵਿਚ ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਕਨੇਡਾ ਵਿਚ ਅਣਕਿਆਸੇ ਕਾਰਨਾਂ ਕਰ ਕੇ ਇਸ ਦੁਨੀਆਂ ਤੋਂ ਕੂਚ ਕਰ ਗਏ। ਭਾਰਤ ਸਰਕਾਰ ਆਪਣੇ ਬਿਆਨਾਂ ਵਿਚ ਇਸ ਸਖਤੀ ਦਾ ਇਜ਼ਹਾਰ ਕਰਦੀ ਰਹੀ ਹੈ ਅਤੇ ਇਸੇ ਦੇ ਚੱਲਦਿਆਂ ਮੋਦੀ ਸਰਕਾਰ ਵਲੋਂ ਕਨੇਡੀਅਨ ਸਰਕਾਰ ਕੋਲ ਵੀ ਖਾਲਿਸਤਾਨੀ ਗਤੀਵਿਧੀਆਂ ਦੇ ਮੱੁਦੇ ਉਠਾਏ ਜਾਂਦੇ ਹਨ। ਅਸਲ ਵਿਚ ਭਾਰਤ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਗੱਲ ਰਿਹਾ ਹੈ ਭਾਰਤ ਇਕ ਸੁਪਰ ਪਾਵਰ ਬਣ ਚੁੱਕਾ ਹੈ ਅਤੇ ਦੁਨੀਆਂ ਦੇ ਹਰ ਦੇਸ਼ ਨੂੰ ਉਸ ਦੇ ਇਸ਼ਾਰਿਆਂ ਉੱਤੇ ਚੱਲਣਾ ਚਾਹੀਦਾ ਹੈ। ਇੱਥੇ ਇਹ ਜ਼ਰੂਰ ਵਿਚਾਰ ਕਰਨਾ ਬਣਦਾ ਹੈ ਕਿ ਹਰ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਅਤੇ ਉਸ ਤੋਂ ਬਾਹਰ ਨਹੀਂ ਜਾ ਸਕਦਾ। ਕਨੇਡਾ ਵਿਚ ਹਰ ਇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਆਪਣੇ ਅਧਿਕਾਰਾਂ ਦੀ ਮੰਗ ਕਰਨ ਦਾ ਹੱਕ ਹਾਸਲ ਹੈ। ਕਨੇਡਾ ਵਿਚ ਵਸਦੇ ਗਰਮ ਖਿਆਲੀ ਸਿੱਖ ਭਾਰਤ ਵਿਚ ਖਾਲਿਸਤਾਨ ਦੀ ਸਥਾਪਤੀ ਦੀ ਮੰਗ ਲਗਾਤਾਰ ਕਰਦੇ ਆ ਰਹੇ ਹਨ ਅਤੇ ਇਸ ਸਬੰਧੀ ਰਾਏਸ਼ੁਮਾਰੀ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਇਸ ਉੱਪਰ ਭਾਰਤ ਸਰਕਾਰ ਨੂੰ ਸਖਤ ਇਤਰਾਜ਼ ਹੈ ਅਤੇ ਉਹ ਲਗਾਤਾਰ ਕਨੇਡਾ ਸਰਕਾਰ ਉੱਪਰ ਦਬਾਅ ਬਣਾ ਰਹੀ ਸੀ ਕਿ ਇਹਨਾਂ ਖਾਲਿਸਤਾਨੀਆਂ ਗਤੀਵਿਧੀਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਰੋਕਿਆ ਜਾਵੇ ਤੇ ਇਸੇ ਦੇ ਚੱਲਦਿਆਂ ਹੀ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ। ਇਸੇ ਕਤਲ ਦਾ ਦੋਸ਼ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦੇ ਸਿਰ ਮੜ੍ਹ ਦਿੱਤਾ ਹੈ।
ਟਰੂਡੋ ਨੇ ਹਾਊਸ ਆਫ ਕਾਮਨਜ਼ ਵਿਚ ਬੋਲਦਿਆਂ ਕਿਹਾ ਕਿ ਕਨੇਡਾ ਨੇ ਨਿੱਝਰ ਦੀ ਮੌਤ ਬਾਰੇ ਆਪਣੀ ਚਿੰਤਾ ਭਾਰਤ ਦੀਆਂ ਹਾਈ-ਲੈਵਲ ਸਕਿਊਰਿਟੀ ਅਤੇ ਖੁਫ਼ੀਆ ਏਜੰਸੀਆਂ ਨਾਲ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਟਰੂਡੋ ਨੇ ਇਹ ਮਸਲਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅੱਗੇ ਵੀ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਦਿ੍ਰੜਤਾ ਨਾਲ ਇਹ ਗੱਲ ਪੁੱਛਦਾ ਰਹਿੰਦਾ ਹਾਂ ਕਿ ਭਾਰਤ ਸਰਕਾਰ ਇਸ ਸਥਿਤੀ ਉੱਤੇ ਰੌਸ਼ਨੀ ਪਾਉਣ ਲਈ ਕਨੇਡਾ ਨਾਲ ਸਹਿਯੋਗ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਨਿੱਝਰ ਦੇ ਕਤਲ ਕਾਨ ਕਨੇਡਾ ਦਾ ਲੋਕਾਂ ਵਿੱਚ ਗੁੱਸਾ ਭਰਿਆ ਹੈ ਅਤੇ ਉਨ੍ਹਾਂ ਦਰਮਿਆਨ ਸੁਰੱਖਿਆ ਨੂੰ ਲੈ ਕੇ ਡਰ ਬਣ ਗਿਆ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਸਣੇ ਕਨੇਡਾ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਜੋ ਉਨ੍ਹਾਂ ਦੇ ਭਾਈਚਾਰੇ ਵਿੱਚ ਵਿਸ਼ਵਾਸ ਹੈ, ਉਸ ਨੂੰ ਟਰੂਡੋ ਨੇ ਪੁਖਤਾ ਕੀਤਾ ਹੈ। ਇੱਕ ਅੰਦਾਜ਼ੇ ਮੁਤਾਬਕ ਭਾਰਤੀ ਮੂਲ ਦੇ ਕਨੇਡੀਅਨ ਲੋਕਾਂ ਦੀ ਗਿਣਤੀ 14 ਲੱਖ ਤੋਂ 18 ਲੱਖ ਦਰਮਿਆਨ ਹੈ। ਪੰਜਾਬ ਤੋਂ ਬਾਹਰ ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਕਨੇਡਾ ਵਿੱਚ ਹੈ।
ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਨੇਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਦੇ ਬਿਆਨ ਨੂੰ ਵਾਚਿਆ ਅਤੇ ਰੱਦ ਕਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਕਨੇਡਾ ਵਿੱਚ ਹਿੰਸਾ ਦੀ ਕਿਸੇ ਵੀ ਕਾਰਵਾਈ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ‘ਅਸੀਂ ਕਾਨੂੰਨ ਦੇ ਸਾਸ਼ਨ ਲਈ ਮਜਬੂਤ ਵਚਨਬੱਧਤਾ ਵਾਲਾ ਇੱਕ ਲੋਕਤੰਤਰੀ ਮੁਲਕ ਹਾਂ, ਅਜਿਹੇ ਬੇਬੁਨਿਆਦ ਇਲਜ਼ਾਮ ਖ਼ਾਲਿਸਤਾਨੀ ਅੱਤਵਾਦੀਆਂ ਅਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਕਨੇਡਾ ਵਿੱਚ ਪਨਾਹ ਦਿੱਤੀ ਗਈ ਹੈ ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਖਤਰਾ ਬਣਾਉਂਦੇ ਰਹਿੰਦੇ ਹਨ। ਇਸ ਮਾਮਲੇ ’ਤੇ ਕਨੇਡੀਅਨ ਸਰਕਾਰ ਦੀ ਅਣਗਹਿਲੀ ਲੰਬੇ ਸਮੇਂ ਤੋਂ ਅਤੇ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਹੈ, ਕਨੇਡੀਅਨ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਅਜਿਹੇ ਤੱਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਨੇਡਾ ਵਿੱਚ ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਸਮੇਤ ਕਈ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਦਿੱਤੀ ਗਈ ਜਗ੍ਹਾ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਭਾਰਤ ਸਰਕਾਰ ਨੂੰ ਅਜਿਹੇ ਵਰਤਾਰੇ ਨਾਲ ਜੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ। ਅਸੀਂ ਕਨੇਡਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਧਰਤੀ ਤੋਂ ਕੰਮ ਕਰ ਰਹੇ ਸਾਰੇ ਭਾਰਤ ਵਿਰੋਧੀ ਤੱਤਾਂ ਵਿਰੁੱਧ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ ਕਰੇ। ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਲਗਾਏ ਗਏ ਇਲਜ਼ਾਮਾਂ ਉੱਤੇ ਪ੍ਰਤੀਕਰਿਆ ਦਿੰਦਿਆਂ ਐੱਨ.ਡੀ.ਪੀ. ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਵੀ ਪ੍ਰੋੜਤਾ ਕੀਤੀ ਹੈ ਅਤੇ ਉਹਨਾਂ ਕਿਹਾ ਹੈ ਕਿ ਮੈਂ ਅਹਿਦ ਕਰਦਾ ਹਾਂ ਕਿ ਨਰਿੰਦਰ ਮੋਦੀ ਸਰਕਾਰ ਨੂੰ ਜਵਾਬਦੇਹ ਬਣਾਉਣ ਅਤੇ ਹਰਦੀਪ ਸਿੰਘ ਨਿੱਝਰ ਦੇ ਇਨਸਾਫ਼ ਦੀ ਪੈਰਵਾਈ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ।
ਇਹ ਮਸਲਾ ਇੱਥੋਂ ਤੱਕ ਪਹੁੰਚ ਚੁੱਕਾ ਹੈ ਕਿ ਦੋਵਾਂ ਦੇਸ਼ਾਂ ਨੇ ਇਕ ਦੂਜੇ ਦੇ ਸੀਨੀਅਰ ਕੂਟਨੀਤਕਾਂ ਨੂੰ ਆਪਣਾ ਦੇਸ਼ ਛੱਡ ਕੇ ਜਾਣ ਲਈ ਕਹਿ ਦਿੱਤਾ ਹੈ। ਇਹ ਕਾਰਵਾਈ ਉਦੋਂ ਹੀ ਹੁੰਦੀ ਹੈ ਜਦੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਖੱਟਾਸ ਪੈਦਾ ਹੋਣ ਲੱਗੇ। ਭਾਰਤ ਅਤੇ ਕਨੇਡਾ ਦੇ ਸਬੰਧ ਕਦੇ ਵੀ ਬਹੁਤੇ ਖਰਾਬ ਨਹੀਂ ਰਹੇ ਪਰ ਕਿਉਂਕਿ ਕਨੇਡਾ ਸਰਕਾਰ ਸਿੱਖਾਂ ਨੂੰ ਆਪਣੀਆਂ ਮੰਗਾਂ ਦੀ ਅਵਾਜ਼ ਉਠਾਉਣ ਲਈ ਅਜ਼ਾਦੀ ਦਿੰਦੀ ਹੈ ਇਸ ਲਈ ਮੋਦੀ ਸਰਕਾਰ ਟਰੂਡੋ ਸਰਕਾਰ ਪ੍ਰਤੀ ਹਮੇਸ਼ਾ ਇਤਰਾਜ਼ ਜਤਾਉਂਦੀ ਰਹਿੰਦੀ ਹੈ ਜਦਕਿ ਕਨੇਡਾ ਇਕ ਸਮਰੱਥ ਅਤੇ ਸ਼ਕਤੀਸ਼ਾਲੀ ਮੁਲਕ ਹੈ, ਜੇਕਰ ਉਹ ਭਾਰਤ ਸਰਕਾਰ ਦੇ ਹਰ ਗੱਲ ਮੰਨਣ ਲੱਗੇ ਤਾਂ ਉਸਦਾ ਆਪਣੀ ਪ੍ਰਭੂਸੱਤਾ ਕੀ ਰਹਿ ਜਾਵੇਗੀ। ਇਸ ਲਈ ਟਰੂਡੋ ਸਰਕਾਰ ਵਲੋਂ ਇਹ ਇਕ ਬਹੁਤ ਹੀ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਭਾਰਤ ਸਰਕਾਰ ਖਿਲਾਫ਼ ਹਰਦੀਪ ਨਿੱਝਰ ਦੇ ਕਤਲ ਸਬੰਧੀ ਬਿਆਨ ਦਿੱਤਾ ਗਿਆ ਹੈ। ਇਸ ਨਾਲ ਯਕੀਨਨ ਹੀ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਖੱਟਾਸ ਪੈਦਾ ਹੋਵੇਗੀ ਜਿਸ ਨਾਲ ਦੁਵੱਲੇ ਵਪਾਰ ਵਰਗੇ ਮਸਲਿਆਂ ਵਿਚ ਵੀ ਸਮੱਸਿਆ ਆ ਸਕਦੀ ਹੈ। ਆਸ ਹੈ ਕਿ ਦੋਵਾਂ ਦੇਸ਼ਾਂ ਦੇ ਕੂਟਨੀਤਕ ਇਸ ਮਸਲੇ ਨੂੰ ਵਧਣ ਤੋਂ ਪਹਿਲਾਂ ਕਿਸੇ ਨਾ ਕਿਸੇ ਢੰਗ ਨਾਲ ਹੱਲ ਕਰ ਲੈਣਗੇ ਕਿਉਂਕਿ ਕਨੇਡਾ ਦਾ ਭਾਰਤ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਹੈ, ਲੱਖਾਂ ਹੀ ਭਾਰਤੀ ਕਨੇਡਾ ਵਿਚ ਵਸ ਕੇ ਭਾਰਤ ਵਿਚ ਵਸਦੇ ਆਪਣੇ ਪਰਿਵਾਰਾਂ, ਸਕੇ ਸਬੰਧੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੱੁਕ ਰਹੇ ਹਨ, ਇਸ ਲਈ ਅਰਦਾਸ ਕਰਦੇ ਹਾਂ ਕਿ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਦੀ ਤਰ੍ਹਾਂ ਨਰਮ ਹੋ ਜਾਣ। ਆਮੀਨ!