
ਗੁਆਂਢੀ ਸੂਬੇ ਦੀ ਵਿਧਾਨ ਸਭਾ ’ਚ ਗੂੰਜਿਆ ਮਾਮਲਾ; ਮੁੱਖ ਮੰਤਰੀ ਸੁੱਖੂ ਵੱਲੋਂ ਮਸਲਾ ਭਗਵੰਤ ਮਾਨ ਕੋਲ ਉਠਾਉਣ ਦਾ ਭਰੋਸਾ
ਹੁਸ਼ਿਆਰਪੁਰ, (ਪੰਜਾਬੀ ਰਾਈਟਰ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੀਤੇ ਦਿਨ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪੋਸਟਰ ਉਤਾਰਨ ਅਤੇ ਹਿਮਾਚਲ ਪੁਲੀਸ ਵੱਲੋਂ ਇਨ੍ਹਾਂ ਵਾਹਨਾਂ ਦੇ ਚਲਾਨ ਕਰਨ ਦਾ ਮਾਮਲਾ ਦੋ ਸੂਬਿਆਂ ਦੇ ਭਾਈਚਾਰਿਆਂ ਦਰਮਿਆਨ ਤਣਾਅ ਦਾ ਕਾਰਨ ਬਣਨ ਲੱਗਾ ਹੈ।
ਸਿੱਖ ਯੂਥ ਆਫ ਪੰਜਾਬ ਅਤੇ ਦਲ ਖ਼ਾਲਸਾ ਵੱਲੋਂ ਕੱਲ੍ਹ ਤੋਂ ਹੁਸ਼ਿਆਰਪੁਰ ਵਿੱਚ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਅੰਦਰ ਦਾਖ਼ਲ ਹੋਣ ਵਾਲੀਆਂ ਗੱਡੀਆਂ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਲਗਾਉਣ ਮਗਰੋਂ ਤਕਰਾਰ ਵਧਦੀ ਨਜ਼ਰ ਆ ਰਹੀ ਹੈ। ਇਹ ਮਾਮਲਾ ਅੱਜ ਹਿਮਾਚਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਜੈ ਰਾਮ ਠਾਕੁਰ ਨੇ ਵੀ ਉਠਾਇਆ, ਜਿਸ ਕਾਰਨ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਇਹ ਮਸਲਾ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਕੋਲ ਚੁੱਕਣ ਦਾ ਭਰੋਸਾ ਦਿੱਤਾ।
ਦਲ ਖ਼ਾਲਸਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾ ਵੱਲੋਂ ਨੌਜਵਾਨਾਂ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਦੇ ਬੱਸ ਅੱਡੇ ਤੋਂ ਹਿਮਾਚਲ ਨੂੰ ਜਾਣ ਵਾਲੀਆਂ ਅਤੇ ਪੰਜਾਬ ਅੰਦਰ ਦਾਖ਼ਲ ਹੋਣ ਵਾਲੀਆਂ ਬੱਸਾਂ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਚਿਪਕਾਏ ਗਏ।
ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲੇ ਦੇ ਪੋਸਟਰ ਵਾਲੇ ਵਾਹਨਾਂ ਨੂੰ ਹਿਮਾਚਲ ਵਿੱਚ ਦਾਖ਼ਲ ਨਹੀਂ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਫੋਟੋ ਤੋਂ ਬਿਨਾਂ ਬੱਸਾਂ ਤੇ ਵਾਹਨਾਂ ਨੂੰ ਹਿਮਾਚਲ ਤੋਂ ਪੰਜਾਬ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਿੱਖ ਜਥੇਬੰਦੀਆਂ ਨੇ 19 ਮਾਰਚ ਨੂੰ ਪੰਜਾਬ-ਹਿਮਾਚਲ ਹੱਦ ’ਤੇ ਪ੍ਰਦਰਸ਼ਨ ਦਾ ਵੀ ਐਲਾਨ ਕੀਤਾ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਅਜਿਹਾ ਪਹਿਲਾ ਮੌਕਾ ਨਹੀਂ ਹੈ, ਜਦੋਂ ਸਿੱਖਾਂ ਅੰਦਰ ਬੇਗਾਨਗੀ ਦੀ ਭਾਵਨਾ ਪੈਦਾ ਕੀਤਾ ਗਈ ਹੋਵੇ।
ਉੱਧਰ, ਇਹ ਮਾਮਲਾ ਹਿਮਾਚਲ ਵਿਧਾਨ ਸਭਾ ਵਿੱਚ ਚੁੱਕਦਿਆਂ ਵਿਰੋਧੀ ਧਿਰ ਦੇ ਆਗੂ ਜੈ ਰਾਮ ਠਾਕੁਰ ਨੇ ਕਿਹਾ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲਗਾ ਕੇ ਦਹਿਸ਼ਤ ਫੈਲਾਈ ਜਾ ਰਹੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਤਲਵਾਰਾਂ ਲਹਿਰਾ ਕੇ ਹਿਮਾਚਲ ਦੇ ਵਾਹਨਾਂ ’ਤੇ ਅਜਿਹੀਆਂ ਫੋਟੋਆਂ ਲਗਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਇਹ ਮਾਮਲਾ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਕੋਲ ਉਠਾਉਣ ਦਾ ਭਰੋਸਾ ਦਿਵਾਇਆ।