
ਪਰਵਾਸੀ ਭਾਰਤੀ ਨੇ ਆਪਣੇ ਪਿਤਾ ਦੀ ਯਾਦ ’ਚ ਬਣਵਾਇਆ ਹੈ ਹਸਪਤਾਲ; ਬਿਹਤਰ ਤੇ ਸਸਤੀਆਂ ਸਿਹਤ ਸਹੂਲਤਾਂ ਸਮੇਂ ਦੀ ਮੁੱਖ ਲੋੜ: ਗੁਰਬਚਨ ਜਗਤ
ਹੁਸ਼ਿਆਰਪੁਰ,(ਪੰਜਾਬੀ ਰਾਈਟਰ)- ਕੈਨੇਡੀਅਨ ਐੱਨਆਰਆਈ ਉਂਕਾਰ ਸਿੰਘ ਤੱਗੜ ਵਲੋਂ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਜੱਦੀ ਪਿੰਡ ਤੱਗੜ ’ਚ ਆਪਣੇ ਪਿਤਾ ਕਰਤਾਰ ਸਿੰਘ ਦੀ ਯਾਦ ’ਚ ਬਣਵਾਏ ਮਲਟੀ ਸਪੈਸ਼ਲਟੀ ਹਸਪਤਾਲ ਦਾ ਉਦਘਾਟਨ ਅੱਜ ਮਨੀਪੁਰ ਦੇ ਸਾਬਕਾ ਰਾਜਪਾਲ ਗੁਰਬਚਨ ਜਗਤ ਵਲੋਂ ਕੀਤਾ ਗਿਆ। ‘ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ’ ਦੇ ਨਾਅਰੇ ਤਹਿਤ ਸ਼ੁਰੂ ਕੀਤੇ ‘ਕਰਤਾਰ ਮੈਮੋਰੀਅਲ ਹਸਪਤਾਲ’ ਵਿੱਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਰਿਆਇਤੀ ਦਰਾਂ ’ਤੇ ਦਿੱਤੀਆਂ ਜਾਣਗੀਆਂ।
ਸ੍ਰੀ ਗੁਰਬਚਨ ਜਗਤ ਨੇ ਪਰਵਾਸੀ ਭਾਰਤੀ ਉਂਕਾਰ ਸਿੰਘ ਤੱਗੜ ਵਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਹਤਰ ਤੇ ਸਸਤੀਆਂ ਸਿਹਤ ਸਹੂਲਤਾਂ ਸਮੇਂ ਦੀ ਲੋੜ ਹਨ ਅਤੇ ਐੱਨਆਰਆਈ ਉਂਕਾਰ ਸਿੰਘ ਤੱਗੜ ਨੇ ਇਹ ਸਹੂਲਤਾਂ ਮੁੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਪਰਵਾਸੀ ਭਾਰਤੀਆਂ ਨੂੰ ਅਜਿਹੀਆਂ ਸੰਸਥਾਵਾਂ ਖੋਲ੍ਹਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਜੇਕਰ ਉਂਕਾਰ ਸਿੰਘ ਤੱਗੜ ਵਰਗੇ ਉਪਰਾਲੇ ਹੋਰ ਪਰਵਾਸੀ ਭਾਰਤੀ ਵੀ ਕਰਨ ਤਾਂ ਦੇਸ਼ ਤੇ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ। ਉਨ੍ਹਾਂ ਨੇ ਘੱਟ ਗਿਣਤੀਆਂ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਵਿਕਾਸ ਲਈ ਸੰਗਠਿਤ ਤਰੀਕੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹਸਪਤਾਲ ਦੇ ਐੱਮਡੀ ਪਰਮਵੀਰ ਜਗਤ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਹਸਪਤਾਲ ’ਚ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਸਪਤਾਲ ’ਚ 80 ਫ਼ੀਸਦੀ ਨੌਕਰੀਆਂ ਇਲਾਕੇ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ।
ਹਸਪਤਾਲ ਦੇ ਸੰਸਥਾਪਕ ਉਂਕਾਰ ਸਿੰਘ ਤੱਗੜ ਨੇ ਕਿਹਾ ਕਿ ਹਸਪਤਾਲ ਦਾ ਮੰਤਵ ਪੈਸਾ ਕਮਾਉਣਾ ਨਾ ਹੋ ਕੇ ਇਲਾਕੇ ਦੇ ਲੋਕਾਂ ਨੂੰ ਸਸਤੇ ਰੇਟਾਂ ’ਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਸਪਤਾਲ ਨੂੰ ਕੈਂਸਰ ਹਸਪਤਾਲ ਵਜੋਂ ਵਿਕਸਿਤ ਕੀਤਾ ਜਾਵੇਗਾ ਜਾਂ ਫਿਰ ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਬਣਾਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਬੀਬੀ ਕਰਮਜੀਤ ਕੌਰ, ਪਰਮਜੀਤ ਤੱਗੜ, ਦਵਿੰਦਰ ਜਗਤ, ਅਭੈ ਜਗਤ ਅਤੇ ਗੁਰਪਿੰਦਰ ਤੱਗੜ ਆਦਿ ਹਾਜ਼ਰ ਸਨ।