
ਪਿੰਡ ਤੱਗੜ ਦੇ ਕਰਤਾਰ ਮੈਮੋਰੀਅਲ ਹਸਪਤਾਲ ’ਚ ਭਲਕ ਤੋਂ ਸ਼ੁਰੂ ਹੋਣਗੀਆਂ ਸਿਹਤ ਸੇਵਾਵਾਂ; ਰਿਆਇਤੀ ਦਰਾਂ ’ਤੇ ਮਿਲੇਗੀ ੲਿਲਾਜ ਦੀ ਸਹੂਲਤ
ਹੁਸ਼ਿਆਰਪੁਰ,(ਪੰਜਾਬੀ ਰਾਈਟਰ)- ਕੈਨੇਡਾ ਰਹਿੰਦੇ ਪਰਵਾਸੀ ਭਾਰਤੀ ਉਂਕਾਰ ਸਿੰਘ ਤੱਗੜ ਨੇ ‘‘ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ’’ ਦੇ ਨਾਅਰੇ ਤਹਿਤ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਪੈਂਦੇ ਆਪਣੇ ਜੱਦੀ ਪਿੰਡ ਤੱਗੜ ’ਚ ਇੱਕ ਮਲਟੀ ਸਪੈਸ਼ਲਟੀ ਹਸਪਤਾਲ ਬਣਵਾਇਆ ਹੈ। ਹਸਪਤਾਲ ’ਚ ਸਿਹਤ ਸਹੂਲਤਾਂ ਰਿਆਇਤੀ ਦਰਾਂ ’ਤੇ ਦਿੱਤੀਆਂ ਜਾਣਗੀਆਂ।
ਉਂਕਾਰ ਸਿੰਘ ਤੱਗੜ, ਜੋ ਕਿ 1972 ’ਚ ਪਿੰਡ ਤੋਂ ਕੈਨੇਡਾ ਚਲੇ ਗਏ ਸਨ, ਨੇ ਆਪਣੇ ਭਰਾਵਾਂ, ਚਚੇਰੇ ਭਰਾਵਾਂ ਤੇ ਭਤੀਜਿਆਂ ਦੀ ਮਦਦ ਨਾਲ ‘ਕਰਤਾਰ ਮੈਮੋਰੀਅਲ ਹਸਪਤਾਲ’ ਦਾ ਨਿਰਮਾਣ ਕਰਵਾਇਆ ਹੈ। ਇਸ ਦਾ ਉਦਘਾਟਨ 9 ਮਾਰਚ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਇਲਾਕੇ ਦੇ ਲੋਕਾਂ ਦੀ ‘ਸੇਵਾ’ ਲਈ ਇੱਕ ਉਪਰਾਲਾ ਹੈ। ਕੈਨੇਡਾ ’ਚ ਹੋਟਲ ਕਾਰੋਬਾਰ ਵਿੱਚ ਸਥਾਪਤ ਹੋਣ ਮਗਰੋਂ ਰੀਅਲ ਅਸਟੇਟ ਖੇਤਰ ’ਚ ਨਾਮਣਾ ਖੱਟਣ ਵਾਲੇ ਉਂਕਾਰ ਸਿੰਘ ਨੇ ਕਿਹਾ ਕਿ ਇਹ ਹਸਪਤਾਲ ਸਹੂਲਤਾਂ ਦੇ ਮਾਮਲੇ ’ਚ ਕਿਸੇ ਕਾਰਪੋਰੇਟ ਹਸਪਤਾਲ ਤੋਂ ਘੱਟ ਨਹੀਂ ਹੈ ਪਰ ਇੱਥੇ ਇਲਾਜ ਦਾ ਖਰਚ ਸਾਰਿਆਂ ਲਈ ਸਹਿਣਯੋਗ ਹੋਵੇਗਾ। ਉਂਕਾਰ ਸਿੰਘ ਪਿਤਾ ਕੈਪਟਨ ਕਰਤਾਰ ਸਿੰਘ ਦੀ ਯਾਦ ਵਿੱਚ ਇਹ ਹਸਪਤਾਲ ਐੱਨਆਰਆਈ ਤੇ ਉਸ ਦੇ ਭਤੀਜੇ ਪਰਮਜੀਤ ਸਿੰਘ ਤੱਗੜ ਦੀ ਲਗਪਗ ਛੇ ਏਕੜ ਜ਼ਮੀਨ ’ਤੇ ਬਣਾਇਆ ਗਿਆ ਹੈ।
ਹਸਪਤਾਲ ਦੇ ਐੱਮਡੀ ਪਰਮਵੀਰ ਜਗਤ ਨੇ ਕਿਹਾ ਕਿ ਪਹਿਲੇ ਪੜਾਅ ’ਚ 80 ਬੈੱਡਾਂ ਵਾਲੇ ਇਸ ਹਸਪਤਾਲ ’ਚ 11 ਡਾਕਟਰ, 30 ਨਰਸਾਂ ਤੇ 25 ਸਹਾਇਕ ਕਰਮਚਾਰੀ ਹੋਣਗੇ, ਜੋ ਜਨਰਲ ਸਰਜਰੀ, ਆਮ ਰੋਗਾਂ ਦੇ ਇਲਾਜ, ਦੰਦਾਂ ਦਾ ਇਲਾਜ ਤੇ ਫਿਜ਼ੀਓਥੈਰੇਪੀ ਤੋਂ ਇਲਾਵਾ ਔਰਤਾਂ ਤੇ ਬੱਚਿਆਂ ਦੇ ਰੋਗਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ’ਚ ਹੱਡੀਆਂ ਦੇ ਇਲਾਜ ਸਬੰਧੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇੱਕ ਡਾਇਨੋਸਟਿਕ ਸੈਂਟਰ ਵੀ ਸ਼ਰੂ ਕੀਤਾ ਜਾਵੇਗਾ। ਅਗਲੇ ਸਾਲ ਤੋਂ ਕਾਰਡੀਓਲੋਜੀ ਤੇ ਅੱਖਾਂ ਦੇ ਇਲਾਜ ਸਬੰਧੀ ਵਿਭਾਗ ਵੀ ਸ਼ੁਰੂ ਕੀਤੇ ਜਾਣਗੇ। ਸ੍ਰੀ ਜਗਤ ਨੇ ਆਖਿਆ, ‘‘ਅਸੀਂ ਪਰਿਵਾਰ ’ਚ ਕੈਂਸਰ ਨਾਲ ਸਬੰਧਤ ਮੌਤਾਂ ਦੀ ਪੀੜ ਨੂੰ ਨੇੜੇ ਤੋਂ ਦੇਖਿਆ ਤੇ ਮਹਿਸੂਸ ਕੀਤਾ ਹੈ। ਅਸੀਂ ਓਨਕੋਲੋਜੀ ਵਿਭਾਗ ਦੀ ਲੋੜ ਨੂੰ ਸਮਝਦੇ ਹਾਂ। ਭਵਿੱਖ ’ਚ ਹਸਪਤਾਲ ਵਿੱਚ ਇਹ ਵਿਭਾਗ ਵੀ ਸ਼ੁਰੂ ਕੀਤਾ ਜਾਵੇਗਾ।’’
ਰੀਅਲ ਅਸਟੇਟ ਪ੍ਰਾਜੈਕਟ ਦੀ ਕਾਮਯਾਬੀ ਨੇ ਵੱਡੇ ਹਸਪਤਾਲ ਲਈ ਹੱਲਾਸ਼ੇਰੀ ਦਿੱਤੀ: ਉਂਕਾਰ ਸਿੰਘ
ਹਸਪਤਾਲ ਦੇ ਚੇਅਰਮੈਨ ਉਂਕਾਰ ਸਿੰਘ ਨੇ ਕਿਹਾ ਕਿ ਪਹਿਲਾਂ ਛੋਟਾ ਹਸਪਤਾਲ ਸ਼ੁਰੂ ਕਰਨ ਦਾ ਵਿਚਾਰ ਸੀ, ਜਿੱਥੇ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ, ‘‘ਮੈਂ ਕੈਨੇਡਾ ’ਚ ਨਵੇਂ ਰੀਅਲ ਅਸਟੇਟ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹਾਂ ਅਤੇ ਇਸ ਦੀ ਕਾਮਯਾਬੀ ਨੇ ਮੈਨੂੰ ਵੱਡੇ ਹਸਪਤਾਲ ਦੀ ਯੋਜਨਾ ਲਈ ਹੱਲਾਸ਼ੇਰੀ ਦਿੱਤੀ।’’ ਉਂਕਾਰ ਸਿੰਘ ਪਿਛਲੇ 20 ਸਾਲਾਂ ਤੋਂ ਸੂਬੇ ’ਚ ਸਿੱਖਿਆ ਤੇ ਸਿਹਤ ਸੰਭਾਲ ਲਈ ਵਿੱਤੀ ਮਦਦ ਮੁਹੱਈਆ ਕਰਵਾ ਰਹੇ ਹਨ। ਸ੍ਰੀ ਜਗਤ ਨੇ ਕਿਹਾ, ‘‘ਇਸ (ਹਸਪਤਾਲ) ਦਾ ਟੀਚਾ ਮੁਨਾਫ਼ਾ ਕਮਾਉਣਾ ਨਹੀਂ ਅਤੇ ਹਸਪਤਾਲ ਤੋਂ ਪ੍ਰਾਪਤ ਲਾਭ ਦੀ ਵਰਤੋਂ ਹਸਪਤਾਲ ’ਚ ਸੇਵਾਵਾਂ ਦੇ ਵਿਸਤਾਰ ਤੋਂ ਇਲਾਵਾ ਹੋਰ ਕਿਤੇ ਨਹੀਂ ਕੀਤੀ ਜਾਵੇਗੀ।’’