ਬਰੈਂਪਟਨ ’ਚ ਹਿੰਦੂ ਮੰਦਿਰ ’ਤੇ ਹਮਲੇ ਵਰਗੀਆਂ ਘਟਨਾਵਾਂ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀ ਸਾਜਿਸ਼ ਤਾਂ ਨਹੀਂ!

ਬਰੈਂਪਟਨ ’ਚ ਹਿੰਦੂ ਮੰਦਿਰ ’ਤੇ ਹਮਲੇ ਵਰਗੀਆਂ ਘਟਨਾਵਾਂ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀ ਸਾਜਿਸ਼ ਤਾਂ ਨਹੀਂ!

ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਸਰੀ ਦੇ ਇਕ ਗੁਰਦੁਆਰਾ ਸਾਹਿਬ ’ਚ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਭਾਰਤ ਅਤੇ ਕਨੇਡਾ ਵਿਚਕਾਰ ਸਬੰਧ ਸੁਖਾਵੇਂ ਨਹੀਂ ਰਹੇ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕਨੇਡੀਅਨ ਸੰਸਦ ਵਿਚ ਸਿੱਧੇ ਤੌਰ ’ਤੇ ਭਾਰਤ ਉੱਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਲਗਾ ਦਿੱਤੇ ਗਏ ਸਨ। ਇਸ ਨਾਲ ਦੋਵਾਂ ਦੇਸ਼ਾਂ ਵਿਚ ਕੂਟਨੀਤਕ ਮਹੌਲ ਗਰਮਾ ਗਿਆ ਸੀ। ਭਾਰਤ ਵਲੋਂ ਇਹਨਾਂ ਦੋਸ਼ਾਂ ਤੋਂ ਕੋਰਾ ਇਨਕਾਰ ਕਰਦਿਆਂ ਉਲਟਾ ਟਰੂਡੋ ਦੀ ਅਗਵਾਈ ਵਾਲੀ ਕਨੇਡੀਅਨ ਸਰਕਾਰ ਉੱਤੇ ਦੋਸ਼ ਲਗਾਏ ਜਾਣ ਲੱਗੇ ਕਿ ਉਹ ਕਨੇਡਾ ਵਿਚ ਖ਼ਾਲਿਸਤਾਨੀਆਂ ਨੂੰ ਉਤਸ਼ਾਹਿਤ ਕਰਦੀ ਹੈ ਜਿਹਨਾਂ ਤੋਂ ਭਾਰਤ ਅਤੇ ਭਾਰਤੀਆਂ ਨੂੰ ਖ਼ਤਰਾ ਹੈ। ਇਹ ਮਹੌਲ ਅਜੇ ਠੰਡਾ ਨਹੀਂ ਸੀ ਹੋਇਆ ਕਿ ਨਵੀਂ ਖਬਰ ਨੇ ਭਾਰਤ ਅਤੇ ਕਨੇਡਾ ਨਾਲ ਸਬੰਧ ਰੱਖਣ ਵਾਲਿਆਂ ਸਭਨਾਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ। ਕਨੇਡਾ ਦੇ ਬਰੈਂਪਟਨ ਸ਼ਹਿਰ ’ਚ ਇਕ ਹਿੰਦੂ ਮੰਦਿਰ ਅਤੇ ਉੱਥੇ ਮੌਜੂਦ ਸ਼ਰਧਾਲੂਆਂ ’ਤੇ ਵੱਖਵਾਦੀਆਂ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਦੁਨੀਆਂ ਭਰ ਦੇ ਮੀਡੀਆ ਉੱਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਹਿੰਦੂ ਫੋਰਮ ਕਨੇਡਾ ਨੇ ਇਸ ਪੂਰੀ ਘਟਨਾ ਦੀ ਵੀਡੀਓ ਆਪਣੇ ਐਕਸ ਹੈਂਡਲ ’ਤੇ ਸ਼ੇਅਰ ਵੀ ਕੀਤੀ ਹੈ, ਜਿਸ ’ਚ ਵੱਖਵਾਦੀ ਹੱਥਾਂ ’ਚ ਪੀਲੇ ਝੰਡੇ ਲੈ ਕੇ ਮੰਦਰ ਦੀ ਹਦੂਦ ਦੇ ਅੰਦਰ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਕੁਝ ਵੱਖਵਾਦੀ ਹਿੰਦੂ ਸ਼ਰਧਾਲੂਆਂ ’ਤੇ ਲਾਠੀਆਂ ਨਾਲ ਹਮਲਾ ਕਰਦੇ ਦੇਖੇ ਜਾ ਸਕਦੇ ਹਨ। ਭਾਰਤੀ ਮੂਲ ਦੇ ਕਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਬਰੈਂਪਟਨ ਦੇ ਹਿੰਦੂ ਸਭਾ ਮੰਦਰ ’ਤੇ ਹੋਏ ਹਮਲੇ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨਾਂ ਨੇ ਐਕਸ ’ਤੇ ਇਕ ਪੋਸਟ ’ਚ ਲਿਖਿਆ, ‘ਕਨੇਡਾ ’ਚ ਵੱਖਵਾਦੀਆਂ ਕੱਟੜਪੰਥੀਆਂ ਨੇ ਹੱਦਾਂ ਪਾਰ ਕਰ ਦਿੱਤੀਆਂ ਹਨ। ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਦੇ ਅੰਦਰ ਹਿੰਦੂ-ਕਨੇਡੀਅਨ ਸ਼ਰਧਾਲੂਆਂ ’ਤੇ ਵੱਖਵਾਦੀਆਂ ਦੁਆਰਾ ਕੀਤਾ ਗਿਆ ਹਮਲਾ ਦਰਸਾਉਂਦਾ ਹੈ ਕਿ ਕਨੇਡਾ ਵਿਚ ਵੱਖਵਾਦੀ ਹਿੰਸਕ ਕੱਟੜਪੰਥੀ ਕਿੰਨੀ ਡੂੰਘੀ ਅਤੇ ਬੇਲਗਾਮ ਹੋ ਗਈ ਹੈ। ਮੈਂ ਸੋਚਣ ਲੱਗਾ ਹਾਂ ਕਿ ਇਹਨਾਂ ਰਿਪੋਰਟਾਂ ਵਿੱਚ ਕੁਝ ਸੱਚਾਈ ਹੈ ਕਿ ਕਨੇਡਾ ਦੇ ਸਿਆਸੀ ਸਿਸਟਮ ਤੋਂ ਇਲਾਵਾ, ਵੱਖਵਾਦੀਆਂ ਨੇ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਖ਼ਤਰਨਾਕ ਢੰਗ ਨਾਲ ਘੁਸਪੈਠ ਕੀਤੀ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਵੱਖਵਾਦੀ ਕੱਟੜਪੰਥੀਆਂ ਨੂੰ ਕਨੇਡਾ ’ਚ ਖੁੱਲ ਮਿਲੀ ਹੋਈ ਹੈ। ਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਕਹਿ ਰਿਹਾ ਹਾਂ, ਸਾਡੇ ਭਾਈਚਾਰੇ ਦੀ ਸੁਰੱਖਿਆ ਲਈ, ਹਿੰਦੂ-ਕਨੇਡੀਅਨਾਂ ਨੂੰ ਅੱਗੇ ਆਉਣਾ ਪਵੇਗਾ ਅਤੇ ਆਪਣੇ ਹੱਕਾਂ ਲਈ ਲੜਨਾ ਪਵੇਗਾ ਅਤੇ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਉਣਾ ਪਵੇਗਾ। ਕਨੇਡੀਅਨ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨਾਂ ਨੇ ਪੋਸਟ ਕੀਤਾ, ‘ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਪੂਜਾ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਪੂਰੀ ਤਰਾਂ ਅਸਵੀਕਾਰਨਯੋਗ ਹੈ। ਸਾਰੇ ਕਨੇਡੀਅਨਾਂ ਨੂੰ ਸ਼ਾਂਤੀ ਨਾਲ ਆਪਣੇ ਧਰਮ ਅਤੇ ਧਰਮ ਦੇ ਰੀਤੀ ਰਿਵਾਜ਼ਾਂ ਦੀ ਪਾਲਣਾ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕੰਸਰਵੇਟਿਵ ਪਾਰਟੀ ਇਸ ਹਿੰਸਾ ਦੀ ਸਪੱਸ਼ਟ ਨਿੰਦਾ ਕਰਦੀ ਹੈ। ਮੈਂ ਇਸ ਅਰਾਜਕਤਾ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਾਂਗਾ ਅਤੇ ਇਸ ਨੂੰ ਖ਼ਤਮ ਕਰਾਂਗਾ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਪੋਸਟ ’ਚ ਲਿਖਿਆ, ‘ਬਰੈਂਪਟਨ ’ਚ ਹਿੰਦੂ ਸਭਾ ਮੰਦਰ ’ਚ ਹਿੰਸਾ ਦੀਆਂ ਘਟਨਾਵਾਂ ਨਾ ਬਰਦਾਸ਼ਤਯੋਗ ਹਨ। ਹਰ ਕਨੇਡੀਅਨ ਨੂੰ ਆਪਣੇ ਧਰਮ ਅਤੇ ਵਿਸ਼ਵਾਸ ਦੀ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਰੀਤੀ ਰਿਵਾਜ਼ਾਂ ਦਾ ਪਾਲਣ ਕਰਨ ਦਾ ਅਧਿਕਾਰ ਹੈ। ਮੈਂ ਘਟਨਾ ਸਥਾਨ ’ਤੇ ਲੋਕਾਂ ਦੀ ਸੁਰੱਖਿਆ ਅਤੇ ਇਸ ਘਟਨਾ ਦੀ ਜਾਂਚ ਕਰਨ ਲਈ ਪੀਲ ਖੇਤਰੀ ਪੁਲਿਸ ਦੀ ਤੁਰੰਤ ਕਾਰਵਾਈ ਲਈ ਪ੍ਰਸ਼ੰਸਾ ਕਰਦਾ ਹਾਂ। ਇੱਥੇ ਦੱਸਣਯੋਗ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕਨੇਡਾ ਵਿੱਚ ਵੱਖਵਾਦੀਆਂ ਨੇ ਹਿੰਦੂਆਂ ਅਤੇ ਉਨਾਂ ਦੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਹੋਵੇ। ਇਸ ਤੋਂ ਪਹਿਲਾਂ ਜੁਲਾਈ ਵਿੱਚ, ਕਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਹਿੰਦੂ ਮੰਦਿਰ ਵਿੱਚ ਭੰਨਤੋੜ ਕੀਤੀ ਗਈ ਸੀ ਅਤੇ ਇਸ ਦੀਆਂ ਕੰਧਾਂ ਉੱਤੇ ਹਿੰਦੂ ਵਿਰੋਧੀ ਨਾਅਰੇ ਅਤੇ ਤਸਵੀਰਾਂ ਲਿਖੀਆਂ ਗਈਆਂ ਸਨ। 23 ਜੁਲਾਈ, 2024 ਦੀ ਸਵੇਰ ਨੂੰ, ਐਡਮਿੰਟਨ ਵਿੱਚ  ਸ੍ਰੀ ਸਵਾਮੀਨਾਰਾਇਣ ਮੰਦਿਰ ਦੇ ਬਾਹਰਲੇ ਹਿੱਸੇ ਨੂੰ ਹਿੰਦੂ ਵਿਰੋਧੀ ਤਸਵੀਰਾਂ ਅਤੇ ਨਾਅਰਿਆਂ ਨਾਲ ਪੇਂਟ ਕੀਤਾ ਸਪਰੇਅ ਪਾਇਆ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ-ਕਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੰਦਿਰ ਦੀਆਂ ਕੰਧਾਂ ’ਤੇ ‘ਹਿੰਦੂ ਅਤਿਵਾਦੀ’ ਸ਼ਬਦ ਲਿਖੇ ਗਏ ਸਨ। ਸਤੰਬਰ 2022 ਤੋਂ ਬਾਅਦ ਇਹ ਚੌਥੀ ਵਾਰ ਸੀ ਜਦੋਂ ਕਨੇਡਾ ਵਿੱਚ ਕਿਸੇ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ, ਟੋਰਾਂਟੋ ਵਿੱਚ ਬੀ.ਏ.ਪੀ.ਐੱਸ. ਸ੍ਰੀ ਸਵਾਮੀਨਾਰਾਇਣ ਮੰਦਿਰ ਨੂੰ ਸਤੰਬਰ 2022 ਵਿੱਚ ਗਰਮਖ਼ਿਆਲੀ ਪੱਖੀ ਤਸਵੀਰਾਂ ਅਤੇ ਨਾਅਰਿਆਂ ਨਾਲ ਪੇਂਟ ਕੀਤਾ ਗਿਆ ਸੀ। ਪਿਛਲੇ ਸਾਲ ਅਪ੍ਰੈਲ ਵਿੱਚ, ਵਿੰਡਸਰ, ਓਨਟਾਰੀਓ ਵਿੱਚ ਬੀ.ਏ.ਪੀ.ਐੱਸ. ਮੰਦਿਰ ਨੂੰ ਵੀ ਇਸੇ ਤਰਾਂ ਨਿਸ਼ਾਨਾ ਬਣਾਇਆ ਗਿਆ ਸੀ, ਇਸ ਤੋਂ ਬਾਅਦ ਅਗਸਤ 2023 ਵਿੱਚ ਮੈਟਰੋ ਵੈਨਕੂਵਰ ਖ਼ੇਤਰ ਵਿੱਚ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਸੰਸਥਾ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੁੱਲ ਮਿਲਾ ਕੇ, 2022 ਤੋਂ ਬਾਅਦ ਕਨੇਡਾ ਵਿੱਚ 20 ਤੋਂ ਵੱਧ ਹਿੰਦੂ ਮੰਦਿਰਾਂ ਨੂੰ ਇਸੇ ਤਰਾਂ ਨਿਸ਼ਾਨਾ ਬਣਾਇਆ ਗਿਆ ਹੈ। ਕਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਜੇ ਤੱਕ ਇਨਾਂ ਘਟਨਾਵਾਂ ਪਿੱਛੇ ਲੋਕਾਂ ਦੀ ਪਛਾਣ ਨਹੀਂ ਕਰ ਸਕੀਆਂ ਹਨ।  ਬਰੈਂਪਟਨ ਦੀ ਘਟਨਾ ਨੇ ਬਲਦੀ ’ਤੇ ਤੇਲ ਪਾਉਣ ਵਾਲੀ ਗੱਲ ਕੀਤੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਸਿੱਖ ਧਰਮ ਦੇ ਸਿਧਾਂਤ ਵਿਚ ਦੂਜੇ ਧਰਮਾਂ ਦੀ ਰੱਖਿਆ ਅਤੇ ਸਤਿਕਾਰ ਕਰਨ ਦੀ ਗੱਲ ਕੀਤੀ ਗਈ ਹੈ ਪਰ ਇਹ ਹਿੰਦੂ ਮੰਦਿਰਾਂ ਉੱਪਰ ਹਮਲੇ ਕਰਨ ਵਾਲੇ ਸਿੱਖ ਕੌਣ ਹਨ? ਇਹਨਾਂ ਬਾਰੇ ਪਤਾ ਕਰਨਾ ਸਮੇਂ ਦੀ ਜ਼ਰੂਰਤ ਹੈ। ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਹਮੇਸ਼ਾ ਹੀ ਹਿੰਦੂਆਂ ਅਤੇ ਹੋਰ ਧਰਮਾਂ ਦੇ ਲੋਕਾਂ ਦੀ ਰੱਖਿਆ ਕਰਨ ਲਈ ਆਪਣੀਆਂ ਹਿੱਕਾਂ ਡਾਹੀਆਂ ਹਨ। ਪਰ ਇਸ ਤਰਾਂ ਦੇ ਹਮਲਿਆਂ ਨਾਲ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੇ ਅਕਸ ਨੂੰ ਢਾਹ ਲੱਗ ਸਕਦੀ ਹੈ। ਅਸਲੀ ਸਿੱਖ ਆਪਣੀ ਗੱਲ ਬਹੁਤ ਹੀ ਸਪੱਸ਼ਟ ਢੰਗ ਨਾਲ ਕਹਿੰਦਾ ਹੈ ਅਤੇ ਉਹ ਆਪਣੇ ਕਿਸੇ ਵੀ ਸੰਘਰਸ਼ ਨੂੰ ਲੁਕਵੇਂ ਢੰਗ ਨਾਲ ਨਹੀਂ ਚਲਾਉਂਦਾ ਪਰ ਇਹ ਮੰਦਿਰਾਂ ਦੀਆਂ ਕੰਧਾਂ ਉੱਤੇ ਨਾਅਰੇ ਲਿਖਣ ਵਾਲੇ ਜਾਂ ਹਿੰਦੂਆਂ ਨੂੰ ਪੇ੍ਰਸ਼ਾਨ ਕਰਨ ਵਾਲੇ ਲੋਕਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੈ। ਕਨੇਡਾ ਅਤੇ ਭਾਰਤ ਵਿਚਲੇ ਹਾਲਾਤਾਂ ਬਾਰੇ ਦੁਨੀਆਂ ਜਾਣਦੀ ਹੈ ਕਿ ਸੁਖਾਵੇਂ ਨਹੀਂ ਹਨ, ਪਰ ਇਹੋ ਜਿਹੇ ਹਾਲਾਤਾਂ ਵਿਚ ਬਰੈਂਪਟਨ ਵਰਗੀਆਂ ਘਟਨਾਵਾਂ ਦਾ ਵਾਪਰਨਾ ਸਭ ਲਈ ਚਿੰਤਾ ਪੈਦਾ ਕਰਦਾ ਹੈ। ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਸੁਮੱਤ ਬਖਸ਼ੇ ਅਤੇ ਦੋਵਾਂ ਦੇਸ਼ਾਂ ਵਿਚ ਸਬੰਧ ਸਹੀ ਹੋਣ ਕਿਉਂਕਿ ਭਾਰਤ-ਕਨੇਡਾ ਦਾ ਇਤਿਹਾਸਕ ਕੋਈ ਵੀ ਵਿਵਾਦ ਨਹੀਂ ਹੈ ਪਰ ਜੋ ਹੁਣ ਵਿਵਾਦ ਪੈਦਾ ਹੋਇਆ ਹੈ ਉਹ ਵੀ ਵਕਤੀ ਹੀ ਹੋਣਾ ਚਾਹੀਦਾ ਹੈ। ਸੋ ਦੋਵਾਂ ਦੇਸ਼ਾਂ ਦੇ ਰਾਜਨੀਤੀਵਾਨਾ ਨੂੰ ਕਿਸ ਅਣਪਛਾਤੀ ਸਾਜਿਸ਼ ਨੂੰ ਹਰਾਉਂਦੇ ਹੋਏ ਆਪਸ ਵਿਚ ਪਹਿਲਾਂ ਵਰਗੀ ਸਾਂਝ ਪੈਦਾ ਕਰਨ ਲਈ ਕਦਮ ਵਧਾਉਣੇ ਚਾਹੀਦੇ ਹਨ। ਸਾਨੂੰ ਸਭ ਨੂੰ ਧਾਰਮਿਕ ਅਸਥਾਨਾਂ ਉੱਤੇ ਹੋ ਰਹੇ ਅਜਿਹੇ ਹਮਲਿਆਂ ਦੀ ਹਮੇਸ਼ਾ ਕਰੜੀ ਨਿੰਦਾ ਕਰਨੀ ਚਾਹੀਦੀ ਹੈ। ਆਮੀਂਨ!