ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਮਚੀ, 116 ਮੌਤਾਂ

ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਮਚੀ, 116 ਮੌਤਾਂ

ਮ੍ਰਿਤਕਾਂ ’ਚ ਬਹੁਤੀ ਗਿਣਤੀ ਔਰਤਾਂ ਦੀ; ਮੁੱਖ ਮੰਤਰੀ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ; ਮੋਦੀ ਤੇ ਯੋਗੀ ਨੇ ਮ੍ਰਿਤਕਾਂ ਦੇ ਵਾਰਸਾਂ ਤੇ ਜ਼ਖ਼ਮੀਆਂ ਲਈ ਮੁਆਵਜ਼ਾ ਐਲਾਨਿਆ

* ਸ਼ਾਹ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ

* ਆਗਰਾ ਦੇ ਏਡੀਜੀਪੀ ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ 24 ਘੰਟਿਆਂ ਅੰਦਰ ਸੌਂਪੇਗੀ ਜਾਂਚ ਰਿਪੋਰਟ

ਹਾਥਰਸ,- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਅੱਜ ਸਤਿਸੰਗ ਦੌਰਾਨ ਭਗਦੜ ਮੱਚਣ ਕਾਰਨ 116 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮ੍ਰਿਤਕਾਂ ਵਿਚ ਬਹੁਗਿਣਤੀ ਔਰਤਾਂ ਦੀ ਹੈ ਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਰਕੇ ਹੋਈਆਂ। ਸਤਿਸੰਗ ਭੋਲੇ ਬਾਬਾ ਨਾਂ ਦੇ ਸਾਧ ਵੱਲੋਂ ਕਰਵਾਇਆ ਗਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਆਗਰਾ ਦੇ ਏਡੀਜੀਪੀ ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ ਘਟਨਾ ਦੀ ਜਾਂਚ ਕਰਕੇ 24 ਘੰਟਿਆਂ ਅੰਦਰ ਰਿਪੋਰਟ ਸੌਂਪੇਗੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਸਤਿਸੰਗ ਕਰਵਾਉਣ ਵਾਲੇ ਪ੍ਰਬੰਧਕਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਲਈ ਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।