ਭਾਜਪਾ ਉਮੀਦਵਾਰ ਨਵੀਨ ਜਿੰਦਲ ਵੱਲੋਂ ਸ਼ਕਤੀ ਪ੍ਰਦਰਸ਼ਨ

ਭਾਜਪਾ ਉਮੀਦਵਾਰ ਨਵੀਨ ਜਿੰਦਲ ਵੱਲੋਂ ਸ਼ਕਤੀ ਪ੍ਰਦਰਸ਼ਨ

ਭਾਜਪਾ ਉਮੀਦਵਾਰ ਨਵੀਨ ਜਿੰਦਲ ਵੱਲੋਂ ਸ਼ਕਤੀ ਪ੍ਰਦਰਸ਼ਨ

ਸ਼ਾਹਬਾਦ ਮਾਰਕੰਡਾ,- ਲੋਕ ਸਭਾ ਹਲਕੇ ਕੁਰੂਕਸ਼ੇਤਰ ਤੋਂ ਭਾਜਪਾ ਉਮੀਦਵਾਰ ਨਵੀਨ ਜਿੰਦਲ ਨੇ ਦੇਵੀ ਮੰਦਰ ਚੌਕ ਤੋਂ ਰੋਡ ਸ਼ੋਅ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਨਵੀਨ ਜਿੰਦਲ, ਸਾਬਕਾ ਮੰਤਰੀ ਕ੍ਰਿਸ਼ਨ ਬੇਦੀ, ਨਗਰ ਕੌਂਸਲ ਪ੍ਰਧਾਨ ਗੁਲਸ਼ਨ ਕਵਾਤਰਾ, ਦੇਵੀ ਮੰਦਰ ਦੇ ਪ੍ਰਧਾਨ ਪਵਨ ਗਰਗ ਤੇ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਕਰਤਾਰ ਕੌਰ ਨੇ ਸ੍ਰੀ ਬਾਲਾ ਸੁੰਦਰੀ ਮੰਦਰ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ। ਇਸ ਮਗਰੋਂ ਰੋਡ ਸ਼ੋਅ ਵਿਚ ਸ਼ਾਮਲ ਵਰਕਰਾਂ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਏ। ਵੱਡੀ ਗਿਣਤੀ ਲੋਕਾਂ ਨੇ ਘਰਾਂ ਦੀਆਂ ਛੱਤਾਂ ਤੋਂ ਫੁੱਲਾਂ ਦੀ ਵਰਖਾ ਕਰ ਕੇ ਨਵੀਨ ਜਿੰਦਲ ਦਾ ਸਵਾਗਤ ਕੀਤਾ। ਕੜਾਕੇ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਭਾਜਪਾ ਵਰਕਰਾਂ ਤੇ ਆਮ ਲੋਕਾਂ ਵੱਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ। ਰੋਡ ਸ਼ੋਅ ਦੇਵੀ ਮੰਦਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਗੌਰੀ ਸ਼ੰਕਰ ਮੰਦਰ, ਦੁਰਗਾ ਮੰਦਰ ਚੌਕ, ਰਾਜ ਬੁੱਕ ਡਿੱਪੂ ਰੋਡ ਤੋਂ ਹੁੰਦਾ ਹੋਇਆ ਇਤਿਹਾਸਕ ਸ੍ਰੀ ਮਾਰਕੰਡੇਸ਼ਵਰ ਸ਼ਿਵ ਮੰਦਰ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਨਵੀਨ ਜਿੰਦਲ ਨੇ ਕਿਹਾ ਕਿ ਉਹ ਕੁਰੂਕਸ਼ੇਤਰ ਨੂੰ ਦੇਸ਼ ਦਾ ਮੋਹਰੀ ਸੰਸਦੀ ਹਲਕਾ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਤੇ ਕੈੱਥਲ ਵਿੱਚ ਵਿਸ਼ਵ ਪੱਧਰ ਦੇ ਦੋ ਹੁਨਰ ਕੇਂਦਰ ਸਥਾਪਤ ਕੀਤੇ ਜਾਣਗੇ। ਜਿਥੇ ਵਿਸ਼ਵ ਦੀਆਂ ਨਾਮੀ ਕੰਪਨੀਆਂ ਖੁਦ ਆ ਕੇ ਨੌਜਵਾਨਾਂ ਨੂੰ ਨੌਕਰੀਆਂ ਦੇਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੀਤੇ ਵਿਕਾਸ ਕਾਰਜਾਂ ਕਰਕੇ ਭਾਰਤ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਗ਼ਰੀਬਾਂ, ਮਹਿਲਾਵਾਂ, ਬਜ਼ੁਰਗਾਂ ਤੇ ਨੌਜਵਾਨਾਂ ਸਣੇ ਹਰ ਵਰਗਾਂ ਲਈ ਤੇਜ਼ੀ ਨਾਲ ਕੰਮ ਕੀਤੇ ਹਨ। ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ‘ਅਬ ਕੀ ਬਾਰ 400 ਪਾਰ’ ਦਾ ਨਾਅਰਾ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦਾ ਦਿਸ਼ਾ ਵਿਚ ਸਭ ਤੋਂ ਮਜ਼ਬੂਤ ਕਦਮ ਹੋਵੇਗਾ। ਇਸ ਮੌਕੇ ਭਾਜਪਾ ਆਗੂ ਸੰਦੀਪ ਗਰਗ, ਮੰਡਲ ਪ੍ਰਧਾਨ ਮੁਲਖ ਰਾਜ ਗੁੰਬਰ, ਕਰਨ ਰਾਜ ਸਿੰਘ ਤੂਰ, ਗੌਰਵ ਬੇਦੀ, ਮੋਹਿਤ ਸ਼ਰਮਾ, ਤਿਲਕ ਰਾਜ ਅਗਰਵਾਲ, ਬਲਦੇਵ ਰਾਜ ਸੇਠੀ, ਰਾਜੂ ਚਾਵਲਾ, ਤਰਲੋਚਨ ਸਿੰਘ ਹਾਂਡਾ, ਸਰਵਜੀਤ ਸਿੰਘ ਕਲਸਾਣੀ ਆਦਿ ਮੌਜੂਦ ਸਨ।