ਦਾਦੂਵਾਲ ਵੱਲੋਂ ਹਰਸਿਮਰਤ ਬਾਦਲ ਨੂੰ ਹਰਾਉਣ ਦਾ ਸੱਦਾ

ਦਾਦੂਵਾਲ ਵੱਲੋਂ ਹਰਸਿਮਰਤ ਬਾਦਲ ਨੂੰ ਹਰਾਉਣ ਦਾ ਸੱਦਾ

ਬਠਿੰਡਾ,-ਪੰਥਕ ਆਗੂ ਬਲਜੀਤ ਸਿੰਘ ਦਾਦੂਵਾਲ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਲਈ ਮੀਡੀਆ ਰਾਹੀਂ ਅਪੀਲ ਕਰਨ ਲਈ ਅੱਜ ਬਠਿੰਡਾ ਪਹੁੰਚੇ। ਉਨ੍ਹਾਂ ਵੋਟਰਾਂ ਨੂੰ ਸੱਦਾ ਦਿੱਤਾ ਕਿ ਜਿਹੜਾ ਵੀ ਉਮੀਦਵਾਰ ਹਰਸਿਮਰਤ ਨੂੰ ਹਰਾ ਸਕਦਾ ਹੈ, ਉਸ ਨੂੰ ਵੋਟ ਪਾ ਦੇਣ ਪਰ ਬਾਦਲ ਪਰਿਵਾਰ ਨੂੰ ਇਸ ਚੋਣ ਵਿੱਚ ਹਰ ਹਾਲ ਸ਼ਿਕਸਤ ਮਿਲਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਨੇ ਪੰਜਾਬ ਅਤੇ ਪੰਥ ਨਾਲ ਧਰੋਹ ਕਮਾਇਆ ਹੈ। ਇਥੇ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਦਾਦੂਵਾਲ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਹੋਈ ਬੇਅਦਬੀਆਂ ਅਤੇ ਬਹਿਬਲ ਗੋਲੀ ਕਾਂਡ ਲਈ ਅਕਾਲੀਆਂ ਦੀ ਭੂਮਿਕਾ ਸਿੱਖ ਵਿਰੋਧੀ ਸੀ। ਉਨ੍ਹਾਂ ਡੇਰਾ ਸਿਰਸਾ ਦੇ ਮੁਖੀ ਨਾਲ ਬਾਦਲ ਪਰਿਵਾਰ ਦੀ ਨੇੜਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਿਰਫ ‘ਮਗਰਮੱਛ ਦੇ ਹੰਝੂ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਕਦਮ-ਕਦਮ ’ਤੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਸ੍ਰੀ ਦਾਦੂਵਾਲ ਨੇ ਫ਼ਰੀਦਕੋਟ ਹਲਕੇ ਦੇ ਵੋਟਰਾਂ ਨੂੰ ਸਰਬਜੀਤ ਸਿੰਘ ਖਾਲਸਾ ਅਤੇ ਖਡੂਰ ਸਾਹਿਬ ਹਲਕੇ ਦੇ ਨਿਵਾਸੀਆਂ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਫ਼ਤਵਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੀ ਕਿਹਾ ਕਿ ਉਹ ਫ਼ਰੀਦਕੋਟ ਤੋਂ ਆਪਣੇ ਉਮੀਦਵਾਰ ਨੂੰ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ’ਚ ਪਾਸੇ ਹਟਾ ਲਵੇ।