
-ਅਰਜਨ ਰਿਆੜ (ਮੁੱਖ ਸੰਪਾਦਕ)
ਪੰਜਾਬ ਵਿਚ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਪਹਿਲੀਆਂ ਸਰਕਾਰਾਂ ਉੱਤੇ ਸੈਂਕੜੇ ਹੀ ਦੋਸ਼ ਮੜ੍ਹੇ ਸਨ। ਧਰਨੇ ਮੁਜ਼ਾਹਰਿਆਂ ਵਿਚੋਂ ਨਿਕਲੀ ਇਸ ਪਾਰਟੀ ਉੱਤੇ ਲੋਕਾਂ ਨੇ ਯਕੀਨ ਕਰ ਲਿਆ ਸੀ ਕਿ ਸ਼ਾਇਦ ਇਹ ਹੀ ਉਹ ਪਾਰਟੀ ਹੈ ਜੋ ਪੰਜਾਬ ਵਿਚ ਇਨਕਲਾਬ ਲਿਆ ਸਕਦੀ ਹੈ ਜਿਸ ਕਾਰਨ ਪੰਜਾਬੀਆਂ ਨੇ ਉਸ ਉੱਪਰ ਯਕੀਨ ਕਰ ਲਿਆ। ਪਰ ਡੇਢ ਸਾਲ ਬੀਤਦਿਆਂ ਹੀ ਪੰਜਾਬ ਸਰਕਾਰ ਕਈ ਤਰਾਂ ਦੇ ਇਲਜ਼ਾਮਾਂ ਵਿਚ ਘਿਰਦੀ ਜਾ ਰਹੀ ਹੈ। ਹੁਣ ਤਾਜ਼ਾ ਮਾਮਲਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਬੰਧ ਵਿਚ ਹੈ ਜਿਨ੍ਹਾਂ ਉੱਪਰ ਇਕ ਸਹਾਇਕ ਮਹਿਲਾ ਪ੍ਰੋਫ਼ੈਸਰ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਲੱਗ ਰਹੇ ਹਨ। ਖ਼ਬਰ ਅਨੁਸਾਰ ਰੂਪਨਗਰ ’ਚ ਅਸਿਸਟੈਂਟ ਪ੍ਰੋਫ਼ੈਸਰ ਬਲਵਿੰਦਰ ਕੌਰ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਨਿਯੁਕਤ ਹੋਣ ਦੇ ਬਾਵਜੂਦ ਸਟੇਸ਼ਨ ਅਲਾਟ ਨਾ ਕੀਤੇ ਜਾਣ ’ਤੇ ਪ੍ਰੇਸ਼ਾਨ ਸੀ। ਉਹ ਰੂਪਨਗਰ ਦੇ ਪਿੰਡ ਬਸੀ ਦੇ ਰਹਿਣ ਵਾਲੇ ਸਨ ਅਤੇ ਰਾਜਨੀਤੀ ਸ਼ਾਸ਼ਤਰ ਪੜ੍ਹਾਉਂਦੇ ਸਨ। ਬਲਵਿੰਦਰ ਕੌਰ ਆਪਣੇ ਸਾਥੀਆਂ ਸਮੇਤ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਧਰਨੇ ’ਤੇ ਬੈਠੀ ਹੋਏ ਸੀ। ਇਸੇ ਦੌਰਾਨ ਉਨ੍ਹਾਂ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਕੌਰ ਨੇ ਮਰਨ ਤੋਂ ਪਹਿਲਾਂ ਇੱਕ ਕਥਿਤ ਸੁਸਾਈਡ ਨੋਟ ਵੀ ਲਿਖਿਆ ਸੀ, ਜੋ ਵਾਇਰਲ ਹੋ ਰਿਹਾ ਹੈ। ਪਰ ਦੂਜੇ ਪਾਸੇ ਪੁਲਿਸ ਨੇ ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ ਹੈ। ਰੂਪਨਗਰ ਦੇ ਐੱਸ.ਐੱਸ.ਪੀ. ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਬਲਵਿੰਦਰ ਕੌਰ ਨੇ ਕਥਿਤ ਸੁਸਾਈਡ ਨੋਟ ’ਚ ਲਿਖਿਆ ਹੈ ਕਿ ਉਹ ਬੇਹੱਦ ਮਾਨਸਿਕ ਤਣਾਅ ’ਚੋਂ ਲੰਘ ਰਹੀ ਹੈ। ਇਸ ਦਾ ਕਾਰਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਨ। ਕਿਉਂਕਿ ਉਹ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਮੈ ਪ੍ਰੇਸ਼ਾਨ ਹਾਂ। ਇਸ ਵਿੱਚ ਅੱਗੇ ਲਿਖਿਆ ਹੈ ਕਿ ਉਨ੍ਹਾਂ ਦੇ ਦੋ ਵਾਰ ਡਿਲੀਵਰੀ ਕੇਸ ਵੀ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਖ਼ਰਾਬ ਹੋ ਗਏ। ਉਨ੍ਹਾਂ ਲਿਖਿਆ ਕਿ ਦੋਵਾਂ ਬੱਚਿਆਂ ਦੀ ਮੌਤ ਦਾ ਕਾਰਨ ਸਿੱਖਿਆ ਮੰਤਰੀ ਹਰਜੋਤ ਬੈਂਸ ਹਨ। ਕਿਉਂਕਿ ਉਨ੍ਹਾਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣ ਦੇ ਬਾਵਜੂਦ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਉਨ੍ਹਾਂ ਲਿਖਿਆ ਕਿ ਮੇਰੀ ਮੌਤ ਲਈ ਜ਼ਿੰਮੇਵਾਰ ਹਰਜੋਤ ਸਿੰਘ ਬੈਂਸ ਖਿਲਾਫ਼ ਕੇਸ ਦਰਜ ਕੀਤਾ ਜਾਵੇ।
ਹਾਲਾਂਕਿ, ਇਸ ਮਾਮਲੇ ਵਿੱਚ ਸਿੱਖਿਆ ਮੰਤਰੀ ਦਾ ਪੱਖ ਅਜੇ ਤੱਕ ਨਹੀਂ ਆਇਆ ਹੈ। ਪਰ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਸ ਨੂੰ ਕਥਿਤ ਖੁਦਕਸ਼ੀ ਨੋਟ ਦੇ ਅਧਾਰ ਉੱਤੇ ਸਿਰਜਿਆ ਗਿਆ ਸਿਆਸੀ ਬਿਰਤਾਂਤ ਦੱਸਿਆ ਹੈ।
ਜਿਹੜੀ ਪਾਰਟੀ ਹਮੇਸ਼ਾ ਹੀ ਦੂਜਿਆਂ ਵਿਚ ਨੁਕਸ ਕੱਢਣ ਵਿਚ ਮਾਹਿਰ ਹੋਵੇ ਉਹ ਖੁਦ ਸਹੀ ਕੰਮ ਕਿਉਂ ਨਹੀਂ ਕਰਦੀ। ਜੇਕਰ ਆਪਾਂ ਬਲਵਿੰਦਰ ਕੌਰ ਦੇ ਮਾਮਲੇ ਦੀ ਗੱਲ ਕਰਦੇ ਹਾਂ ਤਾਂ ਪੁਲਿਸ ਨੇ ਉਸ ਦੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਤਾਂ ਦਰਜ ਕਰ ਦਿੱਤਾ ਪਰ ਇਹ ਜਾਂਚਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਸੁਸਾਈਡ ਨੋਟ ਵਿਚ ਸਿੱਖਿਆ ਮੰਤਰੀ ਖਿਲ਼ਾਫ਼ ਲਿਖੇ ਦੋਸ਼ ਸਹੀ ਹਨ ਜਾਂ ਨਹੀਂ। ਕੀ ਸਚਮੁੱਚ ਉਸਨੂੰ ਨਿਯੁਕਤੀ ਹੋਣ ਦੇ ਬਾਵਜੂਦ ਵੀ ਸਟੇਸ਼ਨ ਅਲਾਟ ਨਹੀਂ ਕੀਤਾ ਗਿਆ। ਇਸਦਾ ਮਤਲਬ ਵਾਕਿਆ ਹੀ ਅਧਿਆਪਕਾਂ ਨਾਲ ਆਮ ਆਦਮੀ ਪਾਰਟੀ ਸਰਕਾਰ ਵਲੋਂ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮਰਨਾ ਕੋਈ ਅਸਾਨ ਕੰਮ ਨਹੀਂ ਹੁੰਦਾ ਜਿਹੜਾ ਵੀ ਇਸ ਦੁਨੀਆਂ ਤੋਂ ਜਾਂਦਾ ਹੈ ਉਹ ਅੱਤ ਦੀਆਂ ਤੰਗੀਆਂ ਤੋਂ ਅੱਕ ਕੇ ਹੀ ਇਹ ਕਦਮ ਚੁੱਕਦਾ ਹੈ। ਸੋ ਬਲਵਿੰਦਰ ਕੌਰ ਦੀ ਮੌਤ ਉੱਤੇ ਸਿਆਸਤ ਨਾ ਕਰਦਿਆਂ ਅਸਲ ਸਚਾਈ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ ਅਤੇ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਹੁਣ ਇਕ ਗੱਲ ਜ਼ਰੂਰ ਸਾਬਤ ਹੁੰਦੀ ਜਾ ਰਹੀ ਹੈ ਕਿ ਜਿਹੜੀ ਪਾਰਟੀ ‘ਬਦਲਾਅ’ ਦੇ ਨਾਅਰੇ ਨਾਲ ਪੰਜਾਬ ਦੀ ਸੱਤਾ ਵਿਚ ਆਈ ਸੀ ਉਹ ਅਜੇ ਤੱਕ ਬਦਲਾਅ ਦਿਖਾਉਣ ਤੋਂ ਅਸਮਰੱਥ ਰਹੀ ਹੈ, ਪੰਜਾਬ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਹ ਪਹਿਲੀਆਂ ਸਰਕਾਰਾਂ ਵਾਲਾ ਹੀ ਹੋ ਰਿਹਾ ਹੈ ਸਿਰਫ਼ ਹਾਕਮਾਂ ਦੇ ਚਿਹਰੇ ਹੀ ਬਦਲੇ ਹਨ। ਹੁਣ ਸਿੱਖਿਆ ਮੰਤਰੀ ਹਰਜੋਤ ਬੈਂਸ ਲਈ ਪਰਖ ਦੀ ਘੜੀ ਹੈ ਕਿ ਉਹ ਇਹਨਾਂ ਸੰਗੀਨ ਦੋਸ਼ਾਂ ਦਾ ਸਾਹਮਣਾ ਕਿਵੇਂ ਕਰਦੇ ਹਨ? ਆਮੀਨ!