ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਡੀ.ਐੱਮ.ਵੀ. ਦੇ ਵੱਖ-ਵੱਖ ਗੁਰੂਘਰਾਂ ’ਚ ਕੀਤਾ ਇਲਾਹੀ ਕੀਰਤਨ

ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਡੀ.ਐੱਮ.ਵੀ. ਦੇ ਵੱਖ-ਵੱਖ ਗੁਰੂਘਰਾਂ ’ਚ ਕੀਤਾ ਇਲਾਹੀ ਕੀਰਤਨ

ਵਾਸ਼ਿੰਗਟਨ (ਐੱਸ.ਐੱਸ. ਮਾਣਕੂ)  ਵਾਸ਼ਿੰਗਟਨ ਡੀ.ਸੀ., ਮੈਰੀਲੈਂਡ ਅਤੇ ਵਰਜ਼ੀਨੀਆ ਇਲਾਕੇ ਦੀਆਂ ਸੰਗਤਾਂ ਵਲੋਂ ਅਯੋਜਿਤ ਡੀ.ਐੱਮ.ਵੀ. ਏਰੀਆ ਕੀਰਤਨ ਦਰਬਾਰ ਦੌਰਾਨ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਕੀਰਤਨੀ ਜਥੇ ਨੇ ਵਾਸ਼ਿੰਗਟਨ ਮੈਟਰੋ ਏਰੀਆ ਦੇ ਛੇ ਵੱਖ-ਵੱਖ ਗੁਰੂਘਰਾਂ ’ਚ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਾਰੇ ਹੀ ਗੁਰੂਘਰਾਂ ’ਚ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਕੀਰਤਨ ਸਰਵਣ ਕਰਨ ਲਈ ਪਹੁੰਚੀਆਂ। ਇਸ ਦੌਰਾਨ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਪਹਿਲੇ ਦਿਨ ਸਿੱਖ ਸੈਂਟਰ ਆਫ ਵਰਜ਼ੀਨੀਆਂ, ਦੂਜੇ ਦਿਨ ਸਿੱਖ ਫਾਊਂਡੇਸ਼ਨ ਆਫ ਫੇਅਰਫੈਕਸ ਸਟੇਸ਼ਨ ਵਰਜ਼ੀਨੀਆਂ, ਤੀਜੇ ਦਿਨ ਰਾਜ ਖਾਲਸਾ ਗੁਰਦੁਆਰਾ ਸਟਰਲਿੰਗ ਵਰਜ਼ੀਨੀਆਂ, ਚੌਥੇ ਦਿਨ ਸਿੱਖ ਸੰਗਤ ਗੁਰਦੁਆਰਾ ਮੈਸਾਚੂਸਸ ਤੇ ਗੁਰਦੁਆਰਾ ਗੁਰ ਗਿਆਨ ਸਾਗਰ ਬਰਟੌਨਸਵਿਲੇ ਮੈਰੀਲੈਂਡ ਅਤੇ ਪੰਜਵੇਂ ਦਿਨ ਸਿੱਖ ਗੁਰਦੁਆਰਾ ਡੀ.ਸੀ. ਮੈਸਾਚੂਸਸ ਵਾਸ਼ਿੰਗਟਨ ਡੀ.ਸੀ. ਵਿਖੇ ਕੀਰਤਨ ਦੀ ਸੇਵਾ ਨਿਭਾਈ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਵਾਲੋਂ ਕੀਰਤਨ ਦੇ ਨਾਲ ਨਾਲ ਜੂਨ ਚੁਰਾਸੀ ਦੇ ਘਟਨਕ੍ਰਮ ਉੱਤੇ ਵੀ ਵਿਚਾਰਾਂ ਕੀਤੀਆਂ ਗਈਆਂ। ਜਿੱਥੇ ਉਹਨਾਂ ਵਲੋਂ ਇਸ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਉੱਤੇ ਸੰਗਤਾਂ ਨੂੰ ਇਹ ਬੇਨਤੀ ਵੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਗੁਰਧਾਮਾਂ ਦੇ ਸਮੇਂ ਸਮੇਂ ’ਤੇ ਦਰਸ਼ਨ ਜ਼ਰੂਰ ਕਰਵਾਉਂਦੇ ਰਹਿਣ ਤਾਂ ਜੋ ਉਹਨਾਂ ਦੀ ਅਗਲੀ ਪੀੜੀ ਸਿੱਖ ਇਤਿਹਾਸ ਤੋਂ ਜਾਣੂੰ ਹੋ ਸਕੇ ਅਤੇ ਸਿੱਖੀ ਨਾਲ ਜੁੜ ਸਕੇ। ਸਾਰੇ ਹੀ ਗੁਰੂਘਰਾਂ ਵਲੋਂ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।