ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨੇ ਅਕਾਲੀ ਦਲ ਨੂੰ ਦਿੱਤਾ ‘ਤਿਣਕੇ ਦਾ ਸਹਾਰਾ’

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨੇ ਅਕਾਲੀ ਦਲ ਨੂੰ ਦਿੱਤਾ ‘ਤਿਣਕੇ ਦਾ ਸਹਾਰਾ’

ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਵੇਲੇ ਜਿਹਨਾਂ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ, ਸ਼ਾਇਦ ਇਤਿਹਾਸ ਵਿਚ ਏਨੇ ਮਾੜੇ ਹਾਲਾਤ ਕਦੇ ਵੀ ਨਾ ਬਣੇ ਹੋਣ। ਵੱਖਰੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਕਾਂਗਰਸ ਵਰਗੀਆਂ ਹੁਕਮਰਾਨ ਪਾਰਟੀਆਂ ਵਲੋਂ ਬੜੇ ਹੀ ਤਿੱਖੇ ਹਮਲੇ ਕੀਤੇ ਗਏ ਹੋਣ, ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਹੋਣ ਪਰ ਅੱਜ ਜੋ ਨਮੋਸ਼ੀ ਵਾਲੇ ਹਾਲਾਤ ਹਨ ਉਹ ਕਦੇ ਵੀ ਨਹੀਂ ਰਹੇ। ਅਕਾਲੀ ਵਰਕਰ ਡਾਂਗਾ, ਸੋਟੇ, ਬੰਦੂਕਾਂ ਦੀਆਂ ਗੋਲੀਆਂ ਖਾ ਕੇ, ਜੇਲਾਂ ਕੱਟ ਕੇ ਵੀ ਚੜਦੀ ਕਲਾ ਵਿਚ ਰਹਿੰਦਾ ਸੀ ਪਰ ਅੱਜ ਦਾ ਅਕਾਲੀ ਵਰਕਰ ਧੌਣ ਸੁੱਟ ਕੇ ਪਿਆ ਹੈ। ਇਸ ਸਭ ਕਾਸੇ ਦਾ ਜ਼ਿੰਮੇਵਾਰ ਬਾਦਲ ਪਰਿਵਾਰ ਹੀ ਗਿਣਿਆ ਜਾ ਰਿਹਾ ਹੈ। ਅਕਾਲੀ ਦਲ ਦਾ ਜਨਮ ਧਰਮ ਦੀ ਨੀਂਹ ’ਤੇ ਹੋਇਆ ਸੀ ਪਰ ਜਦੋਂ ਬਾਦਲਾਂ ਦੇ ਹੱਥਾਂ ਵਿਚ ਅਕਾਲੀ ਦਲ ਆਇਆ ਤਾਂ ਧਰਮ ਦੇ ਓਟ ਆਸਰੇ ਨੂੰ ਭੁਲਾ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਹੰਕਾਰ ਦਾ ਪ੍ਰਗਟਾਵਾ ਕਰਦਿਆਂ ਕਦੇ ਵੀ ਕਿਸੇ ਦੀ ਪਰਵਾਹ ਨਹੀਂ ਕੀਤੀ। ਸੀਨੀਅਰ ਅਕਾਲੀ ਆਗੂਆਂ ਨੂੰ ਵੀ ਜ਼ਲੀਲ ਕਰਨ ਉੱਤੇ ਹੀ ਜ਼ੋਰ ਦੇਈ ਰੱਖਿਆ ਜਿਸ ਦਾ ਖਮਿਆਜ਼ਾ ਉਸ ਨੂੰ ਅੱਜ ਭੁਗਤਣਾ ਪੈ ਰਿਹਾ ਹੈ ਅਤੇ ਅੱਜ ਉਹ ਇਤਿਹਾਸ ਦੀ ਸਭ ਤੋਂ ਵੱਡੀ ਸਜ਼ਾ ਕੌਮ ਦਾ ਤਨਖ਼ਾਹੀਆ ਹੋ ਕੇ ਭੁਗਤ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਤਾਂ ਇਹ ਹਾਲਾਤ ਹਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਧਾਨ ਸਭਾ ਦੀਆਂ ਹੋ ਰਹੀਆਂ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲੜਨ ਤੋਂ ਵੀ ਭੱਜ ਰਿਹਾ ਹੈ ਕਿਉਂਕਿ ਪਤਾ ਹੈ ਕਿ ਹਾਰਾਂ ਪੱਕੀਆਂ ਹਨ। ਖੈਰ! ਇਸੇ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਲਾਨਾ ਚੋਣ ਵੀ ਆਣ ਖੜੀ ਹੋਈ। ਡਿੱਗਦੇ ਢਹਿੰਦੇ ਅਕਾਲੀ ਦਲ ਦੇ ਅੱਗੇ ਇਕ ਵਿਰੋਧੀ ਅਕਾਲੀ ਧੜਾ ਵੀ ਇਸ ਵੇਲੇ ਕਾਫੀ ਜ਼ੋਰ ਮਾਰ ਰਿਹਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਾਲੇ ਇਸ ਧੜੇ ਨੇ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਬਾਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੁਕਾਬਲੇ ਖੜਾ ਕਰ ਦਿੱਤਾ। ਚੋਣ ਦੀ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਉੱਤੇ ਇਕ ਪੰਛੀ ਝਾਤ ਜ਼ਰੂਰ ਮਾਰ ਲੈਣੀ ਚਾਹੀਦੀ ਹੈ। ਗੁਰਦੁਆਰਾ ਐਕਟ 1925 ਤਹਿਤ ਬਣੀ ਸ਼੍ਰੋਮਣੀ ਕਮੇਟੀ ਦੀ ਪਹਿਲੇ 21 ਸਾਲਾਂ ਦੀ ਕਹਾਣੀ ਬੜੀ ਰੀਚਕ ਹੈ। ਪੰਜਾਬ ਸਰਕਾਰ ਨੇ ਪਹਿਲੀ ਗੁਰਦੁਆਰਾ ਚੋਣ 18 ਜੂਨ 1926 ਨੂੰ ਕਰਵਾਈ ਸੀ। ਉਸ ਚੋਣ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਮੁਕਾਬਲੇ ’ਚ ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਧੜਾ ਨਿੱਤਰਿਆ ਸੀ। ਸਰਦਾਰ ਬਹਾਦਰ ਧੜੇ ਨੂੰ ਪੰਜਾਬ ਸਰਕਾਰ ਦੀ ਸ਼ਹਿ ਸੀ ਤੇ ਮਹਾਰਾਜਾ ਪਟਿਆਲਾ ਦੀ ਹੱਲਾਸ਼ੇਰੀ ਸੀ। ਇਸ ਦੌਰਾਨ ਚੋਣ ਸੰਗਰਾਮ ਸ਼ੁਰੂ ਹੋਇਆ ਅਤੇ ਇੱਕ ਦੂਜੇ ਖਿਲਾਫ ਧੂੰਆਧਾਰ ਪ੍ਰਚਾਰ ਵੀ ਹੋਇਆ ਤੇ ਵੋਟਾਂ ਪਈਆਂ। 120 ਸੀਟਾਂ ਦੇ ਨਤੀਜੇ ਨਿਕਲੇ। ਸ਼੍ਰੋਮਣੀ ਅਕਾਲੀ ਦਲ ਦੇ 85 ਮੈਂਬਰ ਕਾਮਯਾਬ ਹੋਏ। ਸਰਦਾਰ ਬਹਾਦਰ ਨੂੰ 26 ਸੀਟਾਂ ਮਿਲੀਆਂ, ਸੁਧਾਰ ਕਮੇਟੀ ਦੇ 5 ਉਮੀਦਵਾਰ ਜਿੱਤੇ ਅਤੇ 4 ਆਜ਼ਾਦ ਉਮੀਦਵਾਰ ਜਿੱਤੇ। ਲੋਕ ਮੱਤ ਰਾਹੀ ਚੁਣੀ ਗਈ ਪਹਿਲੀ ਸ਼੍ਰੋਮਣੀ ਕਮੇਟੀ ਦੀ ਪਹਿਲੀ ਮੀਟਿੰਗ ਮਿਤੀ 4 ਨਵੰਬਰ 1926 ਨੂੰ ਟਾਊਨ ਹਾਲ ਅੰਮਿ੍ਰਤਸਰ ਵਿਖੇ ਹੋਈ। ਪੰਜ ਤਖ਼ਤਾਂ ਦੇ ਜਥੇਦਾਰ, ਦਰਬਾਰ ਸਾਹਿਬ ਅੰਮਿ੍ਰਤਸਰ ਦੇ ਹੈੱਡ ਗ੍ਰੰਥੀ, 15 ਨਾਮਜ਼ਦ ਮੈਂਬਰ ਅਤੇ 170 ਚੁਣੇ ਹੋਏ ਮੈਂਬਰਾਂ ਸਮੇਤ ਐੱਸ.ਜੀ.ਪੀ.ਸੀ. ਦੇ 191 ਮੈਂਬਰ ਹੁੰਦੇ ਹਨ। ਇਨਾਂ ਵਿੱਚ ਤਕਰੀਬਨ 30 ਸੀਟਾਂ ਔਰਤਾਂ ਲਈ ਰਾਖਵੀਆਂ ਹੁੰਦੀਆਂ ਹਨ। ਇਹ ਡਬਲ ਸੀਟਾਂ ਹੁੰਦੀਆਂ ਹਨ ਯਾਨੀ ਇਥੋਂ ਇੱਕ ਮਹਿਲਾ ਮੈਂਬਰ ਅਤੇ ਦੂਸਰਾ ਕੋਈ ਵੀ ਸਾਬਤ ਸੂਰਤ ਸਿੱਖ ਮੈਂਬਰ ਹੋ ਸਕਦਾ ਹੈ।ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਵੇਂ ਚੁਣੇ ਮੈਂਬਰ ਜਦੋਂ ਪਹਿਲਾਂ ਜਨਰਲ ਹਾਊਸ ਇਜਲਾਸ ਕਰਦੇ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮੈਂਬਰਾਂ ਰਾਹੀਂ ਚੁਣਿਆ ਜਾਂਦਾ ਹੈ। ਪਹਿਲੇ ਇਜਲਾਸ ਤੋਂ ਬਾਅਦ ਦੋ ਸਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਂਦੇ ਹਨ। ਉਸ ਤੋਂ ਬਾਅਦ ਆਉਣ ਵਾਲੇ ਸਾਲਾਂ ਵਿੱਚ ਹਰ ਸਾਲ ਹੋਣ ਵਾਲੇ ਜਨਰਲ ਇਜਲਾਸ ਵਿੱਚ ਇੱਕ ਸਾਲ ਲਈ ਪ੍ਰਧਾਨ ਦੀ ਚੋਣ ਹੁੰਦੀ ਹੈ। ਇਸੇ ਵਿਧਾਨ ਅਨੁਸਾਰ ਹੀ ਬੀਤੇ ਦਿਨੀਂ ਹੋਈ ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਹਰਾ ਕੇ ਚੌਥੀ ਵਾਰ ਪ੍ਰਧਾਨਗੀ ਦਾ ਤਾਜ ਫਿਰ ਹਾਸਲ ਕਰ ਲਿਆ ਹੈ। ਹੋਈਆਂ ਵੋਟਾਂ ਦੌਰਾਨ ਕੁੱਲ 142 ਵੋਟਾਂ ਪੋਲ ਹੋਈਆਂ ਜਿਹਨਾਂ ਵਿਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ 107 ਵੋਟਾਂ ਲੈਣ ਵਿਚ ਕਾਮਯਾਬ ਰਹੇ ਅਤੇ ਜਦਕਿ ਬੀਬੀ ਜਗੀਰ ਕੌਰ ਨੂੰ ਸਿਰਫ 33 ਵੋਟ ਹੀ ਮਿਲੇ, 2 ਵੋਟਾਂ ਰੱਦ ਹੋ ਗਈਆਂ। ਭਾਵੇਂ ਐਡਵੋਕੇਟ ਧਾਮੀ ਦੀ ਜਿੱਤ ਯਕੀਨੀ ਹੀ ਸਮਝੀ ਜਾ ਰਹੀ ਸੀ ਪਰ ਮਾੜੇ ਹਾਲਾਤਾਂ ਵਿਚੋਂ ਗੁਜ਼ਰ ਰਹੇ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਦਿਲ ਧੁੜਕੂ ਧੁੜਕੂ ਕਰ ਰਿਹਾ ਸੀ ਅਤੇ ਆਖਰ ਇਸ ਜਿੱਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਕ ਤਿਣਕੇ ਦਾ ਸਹਾਰਾ ਦੇ ਦਿੱਤਾ ਹੈ ਕਿਉਂਕਿ ਬੀਤੇ ਸਮੇਂ ’ਚ ਹੋਈ ਹਰ ਚੋਣ ਵਿਚ ਅਕਾਲੀ ਦਲ ਬਾਦਲ ਹਾਰ ਹਾਰ ਕੇ ਅੱਕ ਤੇ ਥੱਕ ਚੱੁਕਾ ਹੈ। ਤਨਖਾਹੀਆਰ ਕਰਾਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਵਾਰ ਤਾਂ ‘ਕੋਮਾ’ ਦੀ ਮੁਦਰਾ ਵਿਚ ਚਲੇ ਗਏ ਹਨ, ਹੁਣ ਵਰਕਰ ਆਸਵੰਦ ਹਨ ਕਿ ਪਾਰਟੀ ਦੀ ਕਮਾਂਡ ਜੇਕਰ ਕੋਈ ਨੌਜਵਾਨ ਅਤੇ ਯੋਗ ਆਗੂ ਸੰਭਾਲ ਲਵੇ ਤਾਂ ਅਕਾਲੀ ਦਲ ਬਾਦਲ ਮੁੜ ਪਹਿਲਾਂ ਵਾਲੇ ਰੰਗ ਵਿਚ ਆ ਸਕਦਾ ਹੈ ਕਿਉਂਕਿ ਪਾਰਟੀ ਵਰਕਰਾਂ ਦੀ ਨਰਾਜ਼ਗੀ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਨਾਲ ਹੀ ਹੀ ਅਕਾਲੀ ਦਲ ਨਾਲ ਨਹੀਂ। ਖੈਰ! ਜੋ ਵੀ ਹੋਵੇ ਪਰ ਐੱਸ.ਜੀ.ਪੀ.ਸੀ. ਦੀ ਪ੍ਰਧਾਨਗੀ ਚੋਣ ਵਿਚ ਜਿੱਤ ਨੇ ਅਕਾਲੀ ਦਲ ਬਾਦਲ ਨੂੰ ਇਕ ਵਾਰ ਥੋੜੀ ਬਹੁਤੀ ਆਕਸੀਜ਼ਨ ਤਾਂ ਜ਼ਰੂਰ ਦਿੱਤੀ ਹੈ, ਹੁਣ ਆਉਣ ਵਾਲੇ ਸਮੇਂ ’ਚ ਦੇਖਣਾ ਹੋਵੇਗਾ ਕਿ ਕੀ ਪਾਰਟੀ ਲੀਡਰਿਸ਼ਪ ਇਸ ਲੈਅ ਨੂੰ ਬਰਕਰਾਰ ਰੱਖ ਸਕਦੀ ਹੈ ਕਿ ਨਹੀਂ। ਆਮੀਨ!