ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਦਰੁਸਤ ਫ਼ੈਸਲਾ!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਦਰੁਸਤ ਫ਼ੈਸਲਾ!

ਯੁੱਗ ਭਾਵੇਂ ਜਿੰਨਾ ਮਰਜ਼ੀ ਨਵਾਂ ਆ ਜਾਵੇ ਪਰ ਕੁਝ ਕੁ ਮਸਲੇ ਅਜਿਹੇ ਹੁੰਦੇ ਹਨ ਜਿਨਾਂ ਉੱਤੇ ਨਵੇਂ ਯੁੱਗ ਦੇ ਪ੍ਰਭਾਵ ਨੂੰ ਰੋਕਣਾ ਪੈਂਦਾ ਹੈ। ਅੱਜ ਦੁਨੀਆਂ ਵਿਚ ਹਰ ਪਾਸੇ ਆਨਲਾਈਂਨ ਵਿਕਰੀ ਦੀ ਚੜ ਮਚੀ ਹੋਈ ਹੈ। ਐਮਾਜ਼ਨ, ਫਲਿਪਕਾਰਟ ਤੋਂ ਇਲਾਵਾ ਸੈਂਕੜੇ ਹੀ ਹੋਰ ਅਜਿਹੀਆਂ ਈਕਾਮਰਸ ਸਾਈਟਾਂ ਹਨ ਜਿਨਾਂ ਉੱਤੇ ਸੈਂਕੜੇ ਤਰਾਂ ਦਾ ਸਮਾਨ ਵੇਚਿਆ ਅਤੇ ਖਰੀਦਿਆ ਜਾ ਰਿਹਾ ਹੈ। ਈਕਾਰਮਸ ਯੱੁਗ ਨੇ ਦੁਨੀਆਂ ਵਿਚ ਇਕ ਤਰਾਂ ਦੀ ਕ੍ਰਾਂਤੀ ਲਿਆ ਦਿੱਤੀ ਹੈ। ਘਰ ਬੈਠਿਆਂ ਹੀ ਕੋਈ ਵੀ ਵਿਅਕਤੀ ਦੁਨੀਆਂ ਭਰ ਵਿਚੋਂ ਕੋਈ ਵੀ ਸਮਾਨ ਮੰਗਵਾ ਸਕਦਾ ਹੈ। ਇਹਨਾਂ ਸਾਈਟਾਂ ਨੇ ਗ੍ਰਾਹਕਾਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ। ‘ਕੈਸ਼ ਆਨ ਡਿਲਵਰੀ’ ਅਜਿਹੀ ਸਹੂਲਤ ਹੈ ਜਿਸਦੇ ਕਰੋੜਾਂ ਗ੍ਰਾਹਕ ਲਾਭ ਉਠਾਉਂਦੇ ਹਨ। ਇਸ ਸਹੂਲਤ ਰਾਹੀਂ ਕੋਈ ਵੀ ਗ੍ਰਾਹਕ ਈਕਾਰਮਸ ਸਾਈਟ ਉੱਤੇ ਜਾ ਕੇ ਲੋੜੀਂਦੇ ਸਮਾਨ ਦੀ ਖਰੀਦੋਫ਼ਰੋਖਤ ਕਰ ਸਕਦਾ ਹੈ ਤੇ ਉਸਨੂੰ ਉਸੇ ਵੇਲੇ ਪੈਸੇ ਦੇਣ ਦੀ ਲੋੜ ਨਹੀਂ। ਜਦ ਸਮਾਨ ਉਸਦੇ ਘਰ ਪੁੱਜੇਗਾ ਤਾਂ ਉਹ ਸਮਾਨ ਲੈ ਕੇ ਪੈਸੇ ਅਦਾ ਕਰ ਸਕਦਾ ਹੈ। ਇਹਨਾਂ ਸਾਈਟਾਂ ਨੂੰ ਸਿਰਫ ਅਤੇ ਸਿਰਫ ਆਪਣੇ ਵਪਾਰ ਨਾਲ ਹੀ ਮਤਲਬ ਹੁੰਦਾ ਹੈ, ਇਹਨਾਂ ਨੂੰ ਕਿਸੇ ਦੇ ਸਤਿਕਾਰ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਇਸੇ ਦੇ ਚੱਲਦਿਆਂ ਇਹਨਾਂ ਈਕਾਮਰਸ ਸਾਈਟਾਂ ਵਲੋਂ ਗੁਟਕਾ ਸਾਹਿਬ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ। ਜਦੋਂ ਇਸ ਸਬੰਧੀ ਸੰਗਤਾਂ ਨੂੰ ਪਤਾ ਲੱਗਾ ਤਾਂ ਇਹ ਵਿਵਾਦ ਦਾ ਕਾਰਨ ਬਣ ਗਿਆ ਅਤੇ ਇਹ ਮਸਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚ ਗਿਆ। ਆਨਲਾਈਨ ਵਪਾਰਕ ਵੈੱਬਸਾਈਟ ਐਮਾਜ਼ੋਨ ਵੱਲੋਂ ਪਾਵਨ ਗੁਰਬਾਣੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਵੇਚਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਗੁਟਕਾ ਸਾਹਿਬ ਦੀ ਵਿਕਰੀ ਤੁਰੰਤ ਰੋਕਣ ਲਈ ਆਖਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਪੋਥੀਆਂ ਅਤੇ ਪਵਿੱਤਰ ਗੁਟਕਾ ਸਾਹਿਬ ਨੂੰ ਇਸ ਐਪ ’ਤੇ ਆਨਲਾਈਨ ਵੇਚਣਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਦੇ ਸਟੋਰਾਂ ’ਤੇ ਪਾਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ।ਜਦੋਂ ਪਾਰਸਲ ਰਾਹੀਂ ਇਹ ਇਕ ਤੋਂ ਦੂਜੀ ਥਾਂ ’ਤੇ ਪੁੱਜਦੇ ਹਨ ਤਾਂ ਕੁਦਰਤੀ ਹੈ ਕਿ ਇਸ ਦੇ ਸਤਿਕਾਰ ਨੂੰ ਠੇਸ ਪੁੱਜਦੀ ਹੈ। ਉਨਾਂ ਕਿਹਾ ਕਿ ਸਿੱਖ ਸੰਗਤਾਂ ਦੇ ਮਨਾਂ ਅੰਦਰ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਹੈ ਅਤੇ ਐਮਾਜ਼ੋਨ ਵੱਲੋਂ ਆਨਲਾਈਨ ਗੁਟਕਾ ਸਾਹਿਬਾਨ ਦੀ ਵਿਕਰੀ ਨਾਲ ਸਿੱਖ ਮਨਾਂ ਅੰਦਰ ਭਾਰੀ ਰੋਸ ਦੀ ਲਹਿਰ ਹੈ। ਐਡਵੋਕੇਟ ਧਾਮੀ ਨੇ ਐਮਾਜ਼ੋਨ ਨੂੰ ਆਪਣੀ ਵੈੱਬਸਾਈਟ ਤੋਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਸੇਲ ਨੂੰ ਤੁਰੰਤ ਹਟਾਉਣ ਲਈ ਕਿਹਾ।ਉਨਾਂ ਪਬਲਿਸ਼ਰਾਂ ਨੂੰ ਅਪੀਲ ਕੀਤੀ ਕਿ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਹ ਗੁਟਕਾ ਸਾਹਿਬ ਅਤੇ ਪਾਵਨ ਪੋਥੀਆਂ ਨੂੰ ਆਨਲਾਈਨ ਵੇਚਣ ਤੋਂ ਗੁਰੇਜ ਕਰਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ, ਜਿਸ ਨੂੰ ਧਰਮ ਪ੍ਰਚਾਰ ਕਮੇਟੀ ਦੀ ਆਉਣ ਵਾਲੀ ਇਕੱਤਰਤਾ ਵਿਚ ਵੀ ਵਿਚਾਰਿਆ ਜਾਵੇਗਾ।ਉਨਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਐਮਾਜ਼ੋਨ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ, ਜਿਸ ਮਗਰੋਂ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਬੰਦ ਕਰ ਦਿੱਤੀ ਗਈ ਸੀ। ਇਸ ਸਬੰਧੀ ਐਮਾਜ਼ੋਨ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਕਿ ਉਹ ਤੁਰੰਤ ਵੈੱਬਸਾਈਟ ਤੋਂ ਗੁਰਬਾਣੀ ਦੇ ਗੁਟਕਾ ਸਾਹਿਬਾਨ ਨੂੰ ਹਟਾ ਕੇ ਆਪਣਾ ਸਪੱਸ਼ਟੀਕਰਨ ਸ਼੍ਰੋਮਣੀ ਕਮੇਟੀ ਨੂੰ ਭੇਜਣ।ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਵੱਖ-ਵੱਖ ਈ-ਕਾਮਰਸ ਵੈੱਬਸਾਈਟਾਂ ਤੇ ਐਪਸ ’ਤੇ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਸੈਂਚੀਆਂ ਦੀ ਕੀਤੀ ਜਾ ਰਹੀ ਆਨਲਾਈਨ ਵਿਕਰੀ ਦਾ ਵੀ ਸਖ਼ਤ ਨੋਟਿਸ ਲੈਂਦਿਆਂ ਇਸ ’ਤੇ ਮੁਕੰਮਲ ਪਾਬੰਦੀ ਲਗਾਉਣ ਦਾ ਮਤਾ ਪਾਸ ਕੀਤਾ ਗਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਿਆ ਗਿਆ ਫ਼ੈਸਲਾ ਦਰੁਸਤ ਕਿਹਾ ਜਾ ਸਕਦਾ ਹੈ ਕਿਉਂਕਿ ਸਿੱਖ ਪੰਥ ਅੰਦਰ ਗੁਰਬਾਣੀ ਦਾ ਅਥਾਹ ਸਤਿਕਾਰ ਹੈ। ਜੇਕਰ ਕਿਤੇ ਵੀ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ ਤਾਂ ਸਿੱਖ ਸੰਗਤਾਂ ਦੇ ਹਿਰਦੇ ਨੂੰ ਸੱਟ ਵੱਜਦੀ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮਾਂ ਰਹਿੰਦੀਆਂ ਜੋ ਫ਼ੈਸਲਾ ਲਿਆ ਗਿਆ ਹੈ ਉਸ ਦਾ ਨਤੀਜਾ ਵੀ ਸਾਹਮਣੇ ਆਵੇਗਾ ਅਤੇ ਇਸ ਨਾਲ ਸਿੱਖ ਸੰਗਤਾਂ ਵਿਚ ਤਸੱਲੀ ਵੀ ਕਾਇਮ ਹੋਈ ਹੈ। ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਜਦੋਂ ਵੀ ਕਿਤੇ ਅਜਿਹਾ ਵਰਤਾਰਾ ਸਾਹਮਣੇ ਦਿਖਾਈ ਦਿੰਦਾ ਹੈ ਤਾਂ ਉਹ ਐੱਸ.ਜੀ.ਪੀ.ਸੀ. ਦੇ ਧਿਆਨ ਹਿਤ ਲਿਆ ਕੇ ਧਰਮ ਦਾ ਕਾਰਜ ਜ਼ਰੂਰ ਕਰਨ। ਆਮੀਨ!