ਕੈਨੇਡਾ ਦੇ ਫੋਕਸ ਕਾਲਜ ਅਤੇ ਸਵਾਈਟ ਪਟਿਆਲਾ ਨੇ ਆਪਸੀ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ

ਕੈਨੇਡਾ ਦੇ ਫੋਕਸ ਕਾਲਜ ਅਤੇ ਸਵਾਈਟ ਪਟਿਆਲਾ ਨੇ ਆਪਸੀ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ

ਸਰੀ, 13 ਜੂਨ (ਹਰਦਮ ਮਾਨ)-ਬੀ.ਸੀ. (ਕੈਨੇਡਾ) ਦੇ ਫੋਕਸ ਕਾਲਜ ਅਤੇ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟਸ (ਸਵਾਈਟ), ਪਟਿਆਲਾ (ਪੰਜਾਬ) ਵੱਲੋਂ ਬੀਤੇ ਦਿਨ ਵਿਦਿਅਕ ਉੱਦਮ ਨਾਲ ਇੱਕ ਸਮਝੌਤਾ ਪੱਤਰ (MOU) 'ਤੇ ਹਸਤਾਖਰ ਕੀਤੇ ਗਏ ਹਨ। ਇਸ ਆਪਸੀ ਸਮਝੌਤੇ ਨਾਲ SVIET ਦੇ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਫੋਕਸ ਕਾਲਜ ਕੈਨੇਡਾ ਵਿਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਇਸ ਆਪਸੀ ਸਹਿਮਤੀ ਪੱਤਰ ਉੱਪਰ ਫੋਕਸ ਕਾਲਜ ਦੇ ਸੀ.ਈ.ਓ. ਸਜਾਦ ਅਲੀ ਅਤੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟਸ (ਸਵਾਈਟ) ਦੇ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰੈਜ਼ੀਡੈਂਟ ਅਸ਼ੋਕ ਗਰਗ ਨੇ ਹਸਤਾਖਰ ਕੀਤੇ ਹਨ।

ਇਸ ਮੌਕੇ ਸਵਾਈਟ ਦੇ ਚੇਅਰਮੈਨ ਅਸ਼ਵਨੀ ਗਰਗ ਨੇ ਦੱਸਿਆ ਕਿ SVIET ਦੀ ਸਥਾਪਨਾ 2004 ਵਿੱਚ ਰਘੂਨਾਥ ਰਾਏ ਮੈਮੋਰੀਅਲ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਵੱਲੋਂ ਚੰਡੀਗੜ੍ਹ-ਪਟਿਆਲਾ ਨੈਸ਼ਨਲ ਹਾਈਵੇ 'ਤੇ ਚੰਡੀਗੜ੍ਹ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਬਨੂੜ ਸਥਿਤ ਇੱਕ ਅਤਿ-ਆਧੁਨਿਕ ਕੈਂਪਸ ਰਾਹੀਂ ਕੀਤੀ ਗਈ ਸੀ। ਇਸ ਇੰਸਟੀਚਿਊਟ ਵਿਚ ਇੰਜੀਨੀਅਰਿੰਗ ਅਤੇ ਤਕਨਾਲੋਜੀ, ਫਾਰਮੇਸੀ, ਪ੍ਰਾਹੁਣਚਾਰੀ ਅਤੇ ਕੇਟਰਿੰਗ, ਸਿੱਖਿਆ, ਕੰਪਿਊਟਰ ਐਪਲੀਕੇਸ਼ਨ, ਬਿਜ਼ਨਸ ਸਟੱਡੀਜ਼, ਪੈਰਾ ਮੈਡੀਕਲ, ਬੇਸਿਕ ਸਾਇੰਸਜ਼ ਅਤੇ ਕਾਨੂੰਨ ਦੇ ਖੇਤਰ ਨਾਲ ਸੰਬਧਤ 42 ਕੋਰਸਾਂ ਵਿਚ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ।

ਫੋਕਸ ਕਾਲਜ ਦੇ ਸੀ.ਈ..ਓ. ਸਜਾਦ ਅਲੀ ਨੇ ਦੱਸਿਆ ਕਿ ਉਨ੍ਹਾਂ 1992 ਵਿਚ ਫੋਕਸ ਕਾਲਜ ਦੀ ਸਥਾਪਨਾ ਕੀਤੀ ਸੀ ਅਤੇ ਇਸ ਰਾਹੀਂ ਵਪਾਰ, ਆਈ.ਟੀ., ਅਤੇ ਸੈਰ-ਸਪਾਟਾ ਵਿੱਚ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ,  ਰੁਜ਼ਗਾਰ-ਕੇਂਦ੍ਰਿਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਆਫਿਸ ਮੈਨੇਜਮੈਂਟ, ਅਕਾਊਂਟਿੰਗ, ਬਾਈ ਲਾ ਅਤੇ ਈ.ਐਸ.ਐਲ. ਛੋਟੇ ਕੋਰਸ ਵੀ ਕਰਵਾਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਹ ਸਹਿਯੋਗ ਦੋਵਾਂ ਸੰਸਥਾਵਾਂ ਲਈ ਆਪਸੀ ਤੌਰ 'ਤੇ ਲਾਭਦਾਇਕ ਹੋਵੇਗਾ ਅਤੇ ਸਵਾਈਟ ਦੇ ਵਿਦਿਆਰਥੀਆਂ ਲਈ ਬੀ.ਸੀ. (ਕੈਨੇਡਾ) ਵਿੱਚ ਕੇਲੋਨਾ, ਐਬਟਸਫੋਰਡ, ਸਰੀ ਅਤੇ ਵੈਨਕੂਵਰ ਵਿਖੇ ਸਥਿਤ ਫੋਕਸ ਕਾਲਜ ਦੇ ਚਾਰ ਕੈਂਪਸਾਂ ਵਿੱਚੋਂ ਕਿਸੇ ਵਿਚ ਵੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਵੱਖ-ਵੱਖ ਰਸਤੇ ਖੁੱਲ੍ਹ ਜਾਣਗੇ। ਇਸ ਮੌਕੇ ਕਾਲਜ ਦੀ ਮੈਨੇਜਮੈਂਟ ਵੱਲੋਂ ਉਮਰ ਦੁਰਾਨੀ, ਰੁਚੀ ਸਿੰਗਲਾ ਅਤੇ ਸਰੀ ਦੀ ਅਹਿਮ ਸ਼ਖ਼ਸੀਅਤ ਜਸਵਿੰਦਰ ਦਿਲਾਵਰੀ ਵੀ ਮੌਜੂਦ ਸਨ।