ਹੰਸ ਰਾਜ ਦੇ ਵਿਰੋਧ ਸਮੇਂ ਕਿਸਾਨਾਂ ਤੇ ਪੁਲੀਸ ਦਰਮਿਆਨ ਖਿੱਚ-ਧੂਹ

ਹੰਸ ਰਾਜ ਦੇ ਵਿਰੋਧ ਸਮੇਂ ਕਿਸਾਨਾਂ ਤੇ ਪੁਲੀਸ ਦਰਮਿਆਨ ਖਿੱਚ-ਧੂਹ

ਭਗਤਾ ਭਾਈ, -ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਪਿੰਡ ਕੋਠਾ ਗੁਰੂ ਵਿੱਚ ਰੱਖੇ ਚੋਣ ਪ੍ਰੋਗਰਾਮ ਦੀ ਭਿਣਕ ਪੈਂਦਿਆਂ ਹੀ ਬੀਕੇਯੂ (ਉਗਰਾਹਾਂ), ਬੀਕੇਯੂ (ਕ੍ਰਾਂਤੀਕਾਰੀ) ਪੰਜਾਬ, ਬੀਕੇਯੂ (ਸਿੱਧੂਪੁਰ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਵਿਰੋਧ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਅੱਗੇ ਵਧ ਰਹੇ ਕਿਸਾਨਾਂ ਤੇ ਪੁਲੀਸ ਪ੍ਰਸ਼ਾਸਨ ਦਰਮਿਆਨ ਕੁਝ ਖਿੱਚਧੂਹ ਵੀ ਹੋਈ। ਇਸ ਸਮੇਂ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਬੀਕੇਯੂ (ਕ੍ਰਾਂਤੀਕਾਰੀ) ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਬੀਤੇ ਦਿਨੀਂ ਹੰਸ ਰਾਜ ਹੰਸ ਨੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਪ੍ਰਤੀ ਕੁਝ ਵਿਵਾਦਤ ਗੱਲਾਂ ਕਹੀਆਂ ਸਨ, ਜਿਨ੍ਹਾਂ ਤੋਂ ਕਿਸਾਨਾਂ ਵਿੱਚ ਭਾਰੀ ਰੋਸ ਹੈ। ਬੀਕੇਯੂ (ਉਗਰਾਹਾਂ) ਬਲਾਕ ਭਗਤਾ ਦੇ ਪ੍ਰਧਾਨ ਜਸਪਾਲ ਸਿੰਘ ਪਾਲਾ, ਬੀਕੇਯੂ (ਸਿੱਧੂਪੁਰ) ਦੇ ਗੁਰਜੰਟ ਸਿੰਘ ਕੋਠਾਗੁਰੂ, ਔਰਤ ਆਗੂ ਮਾਲਣ ਕੌਰ ਅਤੇ ਮਜ਼ਦੂਰ ਆਗੂ ਤੀਰਥ ਸਿੰਘ ਨੇ ਮੁੜ ਦੁਹਰਾਇਆ ਕਿ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਲਏ ਫ਼ੈਸਲੇ ਤਹਿਤ ਪੰਜਾਬ ਭਰ ਵਿੱਚ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਜਾਰੀ ਰਹੇਗਾ।
              ਸਮਾਲਸਰ (ਪੱਤਰ ਪ੍ਰੇਰਕ): ਡੇਰਾ ਭੋਰੇ ਵਾਲਾ ਸੁਖਾਨੰਦ ਵਿੱਚ ਪਹੁੰਚੇ ਭਾਜਪਾ ਉਮੀਦਵਾਰ ਹੰਸ ਰਾਜ ਦੀ ਕਿਸਾਨਾਂ ਨੂੰ ਭੈਣਕ ਪੈ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ ਆਗੂ ਹੰਸ ਰਾਜ ਦਾ ਵਿਰੋਧ ਕਰਨ ਲਈ ਡੇਰੇ ਦੇ ਗੇਟ ਅੱਗੇ ਪਹੁੰਚ ਗਏ। ਕਿਸਾਨਾਂ ਦੇ ਵਿਰੋਧ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਪੁਲੀਸ ਵੀ ਇੱਥੇ ਪਹੁੰਚ ਗਈ। ਪੁਲੀਸ ਨੇ ਕਿਸਾਨਾਂ ਨੂੰ ਬਾਹਰ ਹੀ ਰੋਕੀ ਰੱਖਿਆ। ਭਾਜਪਾ ਉਮੀਦਵਾਰ ਜਦੋਂ ਇੱਥੋਂ ਭਗਤਾ ਭਾਈ ਰੋਡ ਨੂੰ ਜਾਣ ਲਈ ਨਿਕਲਿਆ ਤਾਂ ਕਿਸਾਨਾਂ ਨੇ ਮੁਰਦਾਬਾਦ ਦੇ ਨਾਅਰੇ ਲਗਾ ਕੇ ਉਸ ਨੂੰ ਕਾਲੀਆਂ ਝੰਡੀਆਂ ਦਿਖਾਈਆਂ।