
ਬੀਤੇ ਕੁਝ ਦਿਨਾਂ ਤੋਂ ਸਿੱਖ ਪੰਥ ਲਈ ਬਹੁਤ ਹੀ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੇਕਰ ਗੱਲ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਕਰੀਏ ਤਾਂ ਦੁਨੀਆਂਭਰ ਵਿਚ ਵਸਦੇ ਸਿੱਖਾਂ ਹੀ ਨਹੀਂ ਹੋਰ ਧਰਮਾਂ ਦੇ ਲੋਕਾਂ ਲਈ ਵੀ ਇਕ ਵੱਡਾ ਸ਼ਰਧਾ ਦਾ ਕੇਂਦਰ ਹੈ ਅਤੇ ਕੋਈ ਵੀ ਅਜਿਹੀ ਥਾਂ ’ਤੇ ਜਾ ਕੇ ਪੱੁਠਾ ਕੰਮ ਕਰਨ ਤੋਂ ਜਕਦਾ ਹੈ ਕਿਉਂਕਿ ਇਹੋ ਜਿਹੇ ਅਸਥਾਨ ਉੱਤੇ ਮਨੁੱਖਤਾ ਦੀ ਗੱਲ ਕੀਤੀ ਜਾਂਦੀ ਹੈ, ਗੁਰੂ ਦੀ ਗੱਲ ਕੀਤੀ ਜਾਂਦੀ ਅਤੇ ਅਤੇ ਕਿਸੇ ਦੇ ਖ਼ਿਲਾਫ਼ ਕੁਝ ਨਹੀਂ ਹੁੰਦਾ ਅਤੇ ਚਹੁੰ ਵਰਨਾ ਕੋ ਸਾਂਝਾ ਹੈ। ਪਰ ਫਿਰ ਵੀ ਉਸ ਅਸਥਾਨ ’ਤੇ ਬੰਬ ਧਮਾਕੇ ਹੋਣ, ਇਕ ਨਹੀਂ, ਦੋ ਨਹੀਂ ਤਿੰਨ-ਤਿੰਨ ਬੰਬ ਧਮਾਕੇ। ਹੋਰ ਤਾਂ ਹੋਰ ਬੰਬ ਧਮਾਕੇ ਕਰਨ ਵਾਲੇ ਫੜੇ ਜਾਣੇ ਵਾਲੇ ਦੋਸ਼ੀ ਅੰਮਿ੍ਰਤਧਾਰੀ ਹੋਣ, ਹੋਰ ਵੀ ਨਿਰਾਸ਼ਾ ਵਾਲੀ ਗੱਲ ਹੋ ਜਾਂਦੀ ਹੈ।
ਪੰਜਾਬ ਦੇ ਸ਼ਹਿਰ ਮੋਰਿੰਡਾ ਦੇ ਗੁਰਦੁਆਰਾ ਸਾਹਿਬ ਕੋਤਵਾਲੀ ਵਿਚ ਹੋਈ ਘਟਨਾ ਨੇ ਤਾਂ ਸਿੱਖ ਸੰਗਤਾਂ ਦੇ ਹਿਰਦੇ ਹੀ ਵਲ਼ੰਧਰ ਕੇ ਰੱਖ ਦਿੱਤੇ। ਵੀਡੀਓ ਫੁੱਟੇਜ ਵਿਚ ਦਿਖਾਈ ਦਿੰਦਾ ਹੈ ਕਿ ਇਕ ਸਿੱਖ ਨੌਜਵਾਨ ਹੀ ਜੁੱਤੀ ਪਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਆਉਂਦਾ ਹੈ, ਗੰ੍ਰਥੀ ਸਿੰਘਾਂ ਉੱਤੇ ਹਮਲਾ ਕਰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਦਾ ਹੈ ਤੇ ਰੱਜ ਕੇ ਬੇਅਦਬੀ ਕਰਦਾ ਹੈ। ਇੱਥੇ ਹਾਜ਼ਰ ਸੰਗਤਾਂ ਨੇ ਉਸ ਨੂੰ ਫੜ ਕੇ ਉਸਦਾ ਚੰਗੀ ਤਰਾਂ ਕੁਟਾਪਾ ਚਾੜਿਆ ਜਿਸ ਦੀ ਤਾਬ ਨਾ ਝੱਲਦਾ ਹੋਇਆ ਉਹ ਹਸਪਤਾਲ ਵਿਚ ਦਮ ਤੋੜ ਗਿਆ।
ਤੀਜੀ ਘਟਨਾ ਪਟਿਆਲਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਵਾਪਰਦੀ ਹੈ ਕਿ ਇਕ 35 ਸਾਲਾ ਲੜਕੀ ਸਰੋਵਰ ਸਾਹਿਬ ਕੋਲ ਬੈਠ ਕੇ ਸ਼ਰਾਬ ਪੀ ਰਹੀ ਹੈ ਤੇ ਨਸ਼ੇ ਦੀ ਹਾਲਤ ਵਿਚ ਧੱੁਤ ਹੈ। ਇਹ ਵੀ ਇਕ ਹੈਰਾਨੀ ਵਾਲੀ ਖਬਰ ਹੀ ਹੈ ਅਤੇ ਮੇਰੇ ਵਰਗੇ ਬਹੁਤਿਆਂ ਨੇ ਇਹ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਗੁਰਦੁਆਰਾ ਸਾਹਿਬ ਵਿਚ ਸ਼ਰਾਬ ਪੀਣ ਲਈ ਕੋਈ ਆ ਵੜਿਆ। ਉਹ ਵੱਖਰੀ ਗੱਲ ਹੈ ਕਿ ਇੱਥੇ ਹੀ ਇਕ ਸਿੱਖ ਨੌਜਵਾਨ ਨੂੰ ਤੋਂ ਇਹ ਸਹਾਰ ਨਾ ਹੋਇਆ ਤੇ ਉਸਨੇ ਇਸ ਬੀਬੀ ਨੂੰ ਗੋਲੀ ਮਾਰ ਕੇ ਸੋਧਾ ਲਾ ਦਿੱਤਾ।
ਉਪਰੋਕਤ ਤਿੰਨਾ ਘਟਨਾਵਾਂ ਨੂੰ ਵਿਚਾਰਨ ਦੀ ਲੋੜ ਹੈ ਕਿ ਲਗਾਤਾਰ ਗੁਰਦੁਆਰਾ ਸਾਹਿਬਾਨਾਂ ਉੱਤੇ ਹੀ ਹਮਲੇ ਕਿਉਂ ਹੋ ਰਹੇ ਹਨ? ਸਿੱਖਾਂ ਦੀ ਗੁਰਦੁਆਰਾ ਸਾਹਿਬਾਨ ਵਿਚ ਬਹੁਤ ਸ਼ਰਧਾ ਹੁੰਦੀ ਹੈ ਅਤੇ ਜਦੋਂ ਕਿਤੇ ਇਹਨਾਂ ਗੁਰਧਾਮਾ ਨਾਲ ਕੁਝ ਵਾਪਰਦਾ ਹੈ ਤਾਂ ਸਿੱਖਾਂ ਦਾ ਖੂਨ ਖੌਲਦਾ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਇਹ ਘਟਨਾਵਾਂ ਕੁਦਰਤੀ ਤੌਰ ’ਤੇ ਵਾਪਰੀਆਂ ਹੋਣਗੀਆਂ। ਅਸਲ ਵਿਚ ਸਿੱਖ ਪੰਥ ਵਿਚ ਇਹ ਸ਼ੱਕ ਕੀਤੀ ਜਾ ਰਹੀ ਹੈ ਸਿੱਖ ਵਿਰੋਧੀ ਸ਼ਕਤੀਆਂ ਵਲੋਂ ਸਿੱਖ ਪੰਥ ਵਿਰੱੁਧ ਕੋਈ ਵੱਡੀ ਸਾਜਿਸ਼ ਰਚੀ ਜਾ ਰਹੀ ਹੈ ਤਾਂ ਜੋ ਸਿੱਖਾਂ ਦੇ ਹੌਂਸਲਿਆਂ ਨੂੰ ਡੇਗਿਆ ਜਾਵੇ। ਖੁਫ਼ੀਆ ਏਜੰਸੀਆਂ ਕੁਝ ਵੀ ਕਰਵਾ ਸਕਦੀਆਂ ਹੁੰਦੀਆਂ ਹਨ। ਉਹਨਾਂ ਦੇ ਬੱਜਟ ਏਨੇ ਕੁ ਵੱਡੇ ਹੁੰਦੇ ਹਨ ਕਿ ਉਹ ਕਿਸੇ ਨੂੰ ਵੀ ਖਰੀਦ ਸਕਦੀਆਂ ਹਨ। ਸਮਾਜ ਵਿਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਜ਼ਿੰਦਗੀ ਤੋਂ ਹਾਰ ਚੱੁਕੇ ਹੁੰਦੇ ਹਨ ਅਤੇ ਉਹ ਮਰਨ ਕੰਢੇ ਹੀ ਹੁੰਦੇ ਹਨ, ਅਜਿਹੇ ਬੰਦਿਆਂ ਨੂੰ ਲੱਭ ਕੇ ਉਨਾਂ ਨੂੰ ਲਾਲਚ ਦੇ ਕੇ ਤੁਸੀਂ ਜਹਾਨ ਤੋਂ ਜਾਂਦੇ ਹੋਏ ਆਪਣੇ ਪਰਿਵਾਰ ਲਈ ਕੁਝ ਕਰ ਜਾਓ, ਆਪਣਾ ਕੰਮ ਕਢਵਾ ਸਕਦੀਆਂ ਹਨ। ਪਰ ਸਿੱਖ ਕੌਮ ਨੂੰ ਹੁਣ ਬਹੁਤ ਸੁਚੇਤ ਹੋਣ ਦੀ ਲੋੜ ਹੈ। ਹਰ ਗੁਰੂਘਰ ਵਿਚ ਨੌਜਵਾਨ ਸੇਵਾਦਾਰਾਂ ਦੀ ਨਿਯੁਕਤੀ ਜ਼ਰੂਰੀ ਬਣ ਗਈ ਹੈ। ਛੋਟੇ ਛੋਟੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਵੀ ਸੁਰੱਖਿਆ ਦੀ ਲੋੜ ਬਣ ਗਈ ਹੈ। ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਆਪਣੇ ਗੁਰੂਘਰਾਂ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਕਰਨ ਉੱਥੇ ਪਿੰਡ ਦੇ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬ ਵਿਚ ਲਗਾਤਾਰ ਆਉਣ ਲਈ ਪ੍ਰੇਰਿਤ ਕਰਨ ਤਾਂ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਭਾਈ ਸਾਹਿਬ ਨਿੱਤਨੇਮ ਕਰਨ ਤਾਂ ਘੱਟੋ ਘੱਟ ਪੰਜ ਸਿੱਖ ਨੌਜਵਾਨ ਤਾਂ ਉੱਥੇ ਜ਼ਰੂਰ ਹਾਜ਼ਰ ਰਹਿਣ। ਆਉਣ ਵਾਲੇ ਸਮੇਂ ਵਿਚ ਇਹੋ ਜਿਹੀਆਂ ਘਟਨਾਵਾਂ ਤੋਂ ਬਚਣ ਲਈ ਕਿਸੇ ਹੋਰ ’ਤੇ ਆਸ ਨਹੀਂ ਰੱਖੀ ਜਾ ਸਕਦੀ। ਸਿੱਖ ਕੌਮ ਦੂਜੀਆਂ ਕੌਮਾਂ ਦੀ ਰੱਖਿਆ ਕਰਦੀ ਆਈ ਹੈ ਪਰ ਹੁਣ ਆਪਣੀ ਰੱਖਿਆ ਕਰਨ ਦਾ ਸਮਾਂ ਹੈ। ਸੋ ਸਿੱਖ ਆਗੂਆਂ ਨੂੰ ਸਿੱਖ ਕੌਮ ਵਿਚ ਇਹ ਸੁਨੇਹਾ ਜ਼ਰੂਰ ਪੁੱਜਦਾ ਕਰਨਾ ਚਾਹੀਦਾ ਹੈ ਕਿ ਲੰਘੇ ਸੱਪ ਦੀ ਲਕੀਰ ਪਿੱਟਣ ਨਾਲੋਂ ਪਹਿਲਾਂ ਹੀ ਆਪਣੇ ਗੁਰੂਘਰਾਂ ਦੀ ਸੁਰੱਖਿਆ ਦੇ ਪ੍ਰਬੰਧ ਕਰ ਲੈਣੇ ਚਾਹੀਦੇ ਹਨ। ਇਸ ਤਰਾਂ ਕਰਨ ਨਾਲ ਨੌਜਵਾਨ ਵਰਗ ਗੁਰੂਗ੍ਰੰਥ ਸਾਹਿਬ ਨਾਲ ਵੀ ਜੁੜੇਗਾ ਅਤੇ ਅੰਮਿ੍ਰਤ ਛਕਣ ਲਈ ਵੀ ਪ੍ਰੇਰਿਤ ਹੋਵੇਗਾ। ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ’ਚ ਕਿਸੇ ਵੀ ਗੁਰੂਘਰ ਵਿਚ ਅਜਿਹੀ ਘਟਨਾ ਨਾ ਵਾਪਰੇ। ਆਮੀਨ!