ਗੁਰਦਾਸ ਮਾਨ ਦੇ ਸੰਗੀਤਕ ਕੈਰੀਅਰ ਦਾ ਸਭ ਤੋਂ ਔਖਾ ਦੌਰ!

ਗੁਰਦਾਸ ਮਾਨ ਦੇ ਸੰਗੀਤਕ ਕੈਰੀਅਰ ਦਾ ਸਭ ਤੋਂ ਔਖਾ ਦੌਰ!

ਸਿਆਣੇ ਕਹਿੰਦੇ ਨੇ ਜਵਾਨੀ ਜਿਵੇਂ ਮਰਜ਼ੀ ਲੰਘੇ ਪਰ ਬੁਢਾਪਾ ਅਰਾਮਦਾਇਕ ਹੋਣਾ ਚਾਹੀਦਾ ਹੈ ਕਿਉਂਕਿ ਇਸ ਉਮਰ ਵਿਚ ਸਰੀਰਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਇਨਸਾਨ ਮੰਨੇ ਜਾਂ ਨਾ ਮੰਨੇ ਪਰ ਕਮਜ਼ੋਰ ਜ਼ਰੂਰ ਹੋ ਗਿਆ ਹੁੰਦਾ ਹੈ। ਗੁਰਦਾਸ ਮਾਨ ਪੰਜਾਬੀਆਂ ਦਾ ਉਹ ਕਲਾਕਾਰ ਹੈ ਜਿਸਨੂੰ ਪੰਜਾਬੀ ਸਰੋਤਿਆਂ ਨੇ ਰੱਬ ਮੰਨ ਲਿਆ ਸੀ। ਕਿਸੇ ਵੇਲੇ ਲੱਗਦਾ ਸੀ ਕਿ ਗੁਰਦਾਸ ਮਾਨ ਤੋਂ ਵੱਡਾ ਕੋਈ ਕਲਾਕਾਰ ਹੋ ਹੀ ਨਹੀਂ ਸਕਦਾ ਅਤੇ ਉਹਨੂੰ ‘ਲਿਵਿੰਗ ਲੀਜੈਂਡ’, ‘ਬਾਬਾ ਬੋਹੜ’ ਆਦਿ ਖ਼ਿਤਾਬ ਵੀ ਦਿੱਤੇ ਜਾਣ ਲੱਗੇ। ਪੰਜਾਬੀਆਂ ਨੂੰ ਹਮੇਸ਼ਾ ਲੱਗਦਾ ਰਿਹਾ ਕਿ ਗੁਰਦਾਸ ਮਾਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪੁੱਤਰ ਹੈ ਤੇ ਉਹ ਹਮੇਸ਼ਾ ਪੰਜਾਬੀ ਲਈ ਖੜ੍ਹੇਗਾ। ਉਸ ਨੂੰ ਦੂਰੋਂ ਜਾਨਣ ਵਾਲੇ ਉਸਦੀਆਂ ਸੌਹਾਂ ਖਾਣ ਲਈ ਤਿਆਰ ਰਹਿੰਦੇ ਸਨ ਪਰ ਜਿਹਨੇ ਵੀ ਗੁਰਦਾਸ ਮਾਨ ਨੂੰ ਨੇੜਿਓਂ ਵੇਖਿਆ ਸੀ ਉਹ ਉਸਦੇ ਚਾਹੁਣ ਵਾਲਿਆਂ ਤੋਂ ਬਚ ਕੇ ਆਪਣੀ ਸੋਚ ਵਾਲਿਆਂ ’ਚ ਕਿਤੇ ਨਾ ਕਿਤੇ ਜ਼ਰੂਰ ਗੱਲ ਫਰੋਲਦਾ ਸੀ ਕਿ ਗੁਰਦਾਸ ਮਾਨ ਉਹ ਨਹੀਂ ਹੈ ਜੋ ਦਿਖਾਈ ਦਿੰਦਾ ਹੈ। ਭਾਵੇਂ ਕਿ ਗੁਰਦਾਸ ਮਾਨ ਦਾ ਗਾਇਕੀ ਪੱਖੋਂ ਕੈਰੀਅਰ ਇਕ ਪਰੀ ਕਥਾ ਵਰਗਾ ਰਿਹਾ ਹੈ, ਜਿਸ ਵਿਚ ਉਸਨੇ ਚੜ੍ਹਾਈ ਹੀ ਦੇਖੀ ਅਤੇ ਕਦੇ ਵੀ ਉਸਦਾ ਮਯੂਸੀ ਨਾਲ ਵਾਹ ਨਹੀਂ ਪਿਆ। ਉਹ ਭਾਵੇਂ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿੰਦਾ ਰਿਹਾ ਹੋਵੇ ਪਰ ਕਦੇ ਵੀ ਉਹਨੇ ਪੰਜਾਬ ਨੂੰ ਆਪਣਾ ਰੈਣ ਬਸੇਰਾ ਨਹੀਂ ਬਣਾਇਆ ਨਾ ਹੀ ਕਦੇ ਪੰਜਾਬ ਵਿਚ ਕੋਈ ਨਿਵੇਸ਼ ਕੀਤਾ। ਪ੍ਰੋਗਰਾਮਾ ਦੀ ਬੁਕਿੰਗ ਲਈ ਉਸਨੇ ਆਪਣੀ ਪਤਨੀ ਮਨਜੀਤ ਮਾਨ ਨੂੰ ਮੈਨੇਜਰ ਬਣਾਇਆ ਜੋ ਬਹੁਤ ਹੀ ਕੋਰੀ ਸੁਣੀਂਦੀ ਹੈ। ਸਰੋਤ ਦੱਸਦੇ ਹਨ ਕਿ ਮਨਜੀਤ ਮਾਨ ਵਲੋਂ ਕਦੇ ਵੀ ਕਿਸੇ ਨਾਲ ਵੀ ਰਿਆਇਤ ਨਹੀਂ ਕੀਤੀ ਜਾਂਦੀ, ਇੱਥੋਂ ਤੱਕ ਕਿ ਜਦੋਂ ਗੁਰਦਾਸ ਮਾਨ ਸਟੇਜ ਲਗਾ ਰਿਹਾ ਹੁੰਦਾ ਹੈ ਤਾਂ ਉਸਨੂੰ ਘਰ ਬੈਠੀ ਨੂੰ ਪਤਾ ਹੁੰਦਾ ਹੈ ਕਿ ਪ੍ਰੋਗਰਾਮ ਖਤਮ ਕਰਨ ਦਾ ਕਦੋਂ ਸਮਾਂ ਹੈ ਤੇ ਉਹ ਗੁਰਦਾਸ ਮਾਨ ਦੀ ਸੰਗੀਤ ਮੰਡਲੀ ਨੂੰ ਪ੍ਰੋਗਰਾਮ ਖਤਮ ਕਰਨ ਦਾ ਘਰੋਂ ਹੀ ਨਿਰਦੇਸ਼ ਦਿੰਦੀ ਹੈ। ਚਲੋ ਇਹ ਕੋਈ ਬਹੁਤਾ ਵੱਡਾ ਵਿਸ਼ਾ ਵੀ ਨਹੀਂ, ਇਹ ਇਕ ਵਪਾਰ ਦਾ ਹਿੱਸਾ ਹੈ ਪਰ ਜੇਕਰ ਤੁਸੀਂ ਵਪਾਰ ਨੂੰ ਪੰਜਾਬੀ ਦੀ ਸੇਵਾ ਕਹੀ ਜਾਓ ਤਾਂ ਫਿਰ ਗੱਲ ਹਜ਼ਮ ਨਹੀਂ ਹੁੰਦੀ। ਸੇਵਾ ਵਿਚ ਕੋਰੇ ਨਹੀਂ ਰਿਹਾ ਜਾ ਸਕਦਾ, ਉੱਥੇ ਨਰਮਾਈ, ਦਿਆਲਤਾ ਅਤੇ ਆਪਣਾਪਨ ਦੀ ਥਾਂ ਹੰੁਦੀ ਹੈ। ਹਾਲਾਂਕਿ ਸਭ ਕਲਾਕਾਰ ਸਰੋਤਿਆਂ ਨੂੰ ‘ਰੱਬ ਵਰਗੇ’ ਸਰੋਤੇ ਕਹਿੰਦੇ ਹਨ ਤੇ ਇਕ ਹੱਦ ਤੱਕ ਇਸ ਗੱਲ ਨੂੰ ਸੱਚ ਵੀ ਮੰਨਿਆ ਜਾ ਸਕਦਾ ਹੈ, ਕਿਉਂਕਿ ਜੇਕਰ ਸਰੋਤੇ ਹੀ ਨਾ ਹੋਣ ਤਾਂ ਗਾਇਕ ਵੀ ਕਿਸੇ ਕੰਮ ਦਾ ਨਹੀਂ, ਇਸ ਲਈ ਹਰ ਗਾਇਕ ਨੂੰ ਸਰੋਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਗੁਰਦਾਸ ਮਾਨ ਨੇ ਕਦੇ ਵੀ ਆਪਣੀ ਸਟੇਜ ਉੱਤੇ ਕਿਸੇ ਵੀ ਸਰੋਤੇ ਦੀ ਫਰਮਾਇਸ਼ ਦਾ ਗਾਣਾ ਨਹੀਂ ਸੁਣਾਇਆ, ਇਸ ਉਸਦਾ ਅੱਜ ਤੱਕ ਦਾ ਰਿਕਾਰਡ ਹੈ। ਭਾਵ ਕਿਤੇ ਨਾ ਕਿਤੇ ਗੁਰਦਾਸ ਮਾਨ ਦੇ ਅੰਦਰ ਇਕ ਹੰਕਾਰੀ ਗੁਰਦਾਸ ਮਾਨ ਘਰ ਕਰ ਕੇ ਬੈਠਾ ਸੀ। ਬਹੁਤ ਵਾਰੀ ਪੱਤਰਕਾਰਾਂ ਨੂੰ ਵੀ ਗੁਰਦਾਸ ਮਾਨ ਦੀ ਸੁਰੱਖਿਆ ਮੰਡਲੀ ਵਲੋਂ ਉਸਦੇ ਇਸ਼ਾਰਿਆਂ ’ਤੇ ਜ਼ਲੀਲ ਕੀਤਾ ਗਿਆ ਹੈ। ਦੂਜੇ ਪਾਸੇ ਉਸ ਉੱਪਰ ਪੀਰਾਂ ਦੇ ਡੇਰਿਆਂ ਉੱਤੇ ਜਾ ਕੇ ਚਿਲਮਾ ਪੀਣ ਵਾਲੇ ਅਖੌਤੀ ਫੱਕਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਵੀ ਲੱਗਦੇ ਰਹੇ ਹਨ। ਪਰ ਗੁਰਦਾਸ ਮਾਨ ਨੇ ਕਿਸੇ ਦੀ ਨਹੀਂ ਸੁਣੀ ਅਤੇ ਉਹ ਆਪਣੀ ਲੀਹੇ ਤੁਰਦਾ ਗਿਆ ਪਰ ਕਲੇਸ਼ ਉਦੋਂ ਸ਼ੁਰੂ ਹੋਇਆ ਜਦੋਂ ਅਮਿਤ ਸ਼ਾਹ ਵਲੋਂ ‘ਇਕ ਦੇਸ਼ ਇਕ ਬੋਲੀ’ ਦਾ ਸਲੋਗਨ ਪ੍ਰਚਾਰਿਆ ਗਿਆ। ਇਸ ਸਬੰਧੀ ਵਿਦੇਸ਼ ਵਿਚ ਹੀ ਹੋਈ ਇਕ ਇੰਟਰਵਿਊ ਵਿਚ ਗੁਰਦਾਸ ਮਾਨ ਨੇ ਸਿੱਧੇ ਰੂਪ ਵਿਚ ਪੰਜਾਬੀ ਦੇ ਹੱਕ ਵਿਚ ਖੜ੍ਹਨ ਦੀ ਬਜਾਏ ਹਿੰਦੀ ਨੂੰ ਮਾਸੀ ਦਾ ਦਰਜਾ ਦਿੰਦ ਹੋਏ ਅਸਿੱਧੇ ਰੂਪ ਵਿਚ ਅਮਿਤ ਸ਼ਾਹ ਦੇ ਬਿਆਨ ਨਾਲ ਸਹਿਮਤੀ ਜਤਾਈ ਸੀ। ਹਾਲਾਂਕਿ ਗੁਰਦਾਸ ਮਾਨ ਕੋਈ ਭਾਸ਼ਾ ਵਿਗਿਆਨੀ ਨਹੀਂ, ਉਹ ਇਕ ਗਾਇਕ ਹੈ, ਉਸਨੂੰ ਕਹਿ ਦੇਣਾ ਚਾਹੀਦਾ ਸੀ ਕਿ ਉਸਨੂੰ ਗਾਇਕੀ ਉੱਤੇ ਹੀ ਸਵਾਲ ਕੀਤੇ ਜਾਣ, ਭਾਸ਼ਾ ਦੇ ਵਿਸ਼ੇ ’ਤੇ ਉਹ ਬੋਲਣਾ ਨਹੀਂ ਚਾਹੀਦਾ ਪਰ ਇਸ ਤਰ੍ਹਾਂ ਨਹੀਂ ਉਸਨੇ ਨਹੀਂ ਕੀਤਾ। ਜਾਣਕਾਰ ਸੂਤਰ ਦੱਸਦੇ ਹਨ ਕਿ ਭਾਜਪਾ ਵਲੋਂ ਗੁਰਦਾਸ ਮਾਨ ਨੂੰ ਰਾਜਸਥਾਨ ਤੋਂ ਚੋਣ ਲੜਾਉਣ ਦੀ ਤਿਆਰੀ ਚੱਲ ਰਹੀ ਸੀ ਜਿਸ ਕਾਰਨ ਉਸ ਵਲੋਂ ਭਾਜਪਾ ਦੀ ਹਾਂ ਵਿਚ ਹਾਂ ਮਿਲਾਈ ਗਈ। ਪੰਜਾਬੀ ਨੂੰ ਪਿਆਰ ਕਰਨ ਵਾਲੇ ਅਤੇ ਵਰ੍ਹਿਆਂ ਬੱਧੀ ਕਿਸੇ ਨਾ ਕਿਸੇ ਰੂਪ ਵਿਚ ਗੁਰਦਾਸ ਮਾਨ ਜਾਂ ਮਨਜੀਤ ਮਾਨ ਤੋਂ ਜ਼ਲੀਲ ਹੋਏ ਵੱਡੀ ਗਿਣਤੀ ਲੋਕਾਂ ਨੇ ਇਕ ਲਹਿਰ ਪੈਦਾ ਕਰ ਦਿੱਤੀ ਜਿਸ ਕਾਰਨ ਗੁਰਦਾਸ ਮਾਨ ਦੇ ਅੰਦਰਲਾ ਹੰਕਾਰ ਹੋਰ ਵੀ ਪ੍ਰਬਲ ਹੋ ਗਿਆ। ਉਸਨੇ ਕਨੇਡਾ ’ਚ ਇਕ ਲਾਈਵ ਸ਼ੋਅ ਦੌਰਾਨ ਗੁਰਦਾਸ ਮਾਨ ਨੂੰ ‘ਪੰਜਾਬੀ ਮਾਂ ਬੋਲੀ ਦਾ ਗੱਦਾਰ’ ਦਾ ਬੋਰਡ ਦਿਖਾਉਣ ਵਾਲੇ ਨੌਜਵਾਨ ਚਰਨਜੀਤ ਸੁੱਜੋਂ ਨੂੰ ਸ਼ਰੇਆਮ ਇਹ ਆਖ ਦਿੱਤਾ ਕਿ ‘ਇਹਨੂੰ ਬੱਤੀ ਬਣਾ ਕੇ ਲੈ ਲਾ’। ਇਸ ਨਾਲ ਬਲਦੀ ਉੱਤੇ ਤੇਲ ਪੈ ਗਿਆ, ਵੱਡੀ ਗਿਣਤੀ ਪੰਜਾਬੀ ਭਾਈਚਾਰ ਗੁਰਦਾਸ ਮਾਨ ਨੂੰ ਨਫ਼ਰਤ ਕਰਨ ਲੱਗਾ ਤੇ ਇਸ ਦੀ ਸਭ ਤੋਂ ਵੱਡੀ ਉਦਾਹਰਣ ਉਦੋਂ ਮਿਲੀ ਜਦੋਂ ਉਹਨੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਵਿੱਢੇ ਗਏ ਅੰਦੋਲਨ ਵਿਚ ਸ਼ਿਕਰਤ ਕੀਤੀ ਤੇ ਸਟੇਜ ਤੋਂ ਬੋਲਣਾ ਚਾਹਿਆ ਪਰ ਮੂੰਹੋਂ ਮੰਗਵੇਂ ਪੈਸੇ ਲੈ ਕੇ + ਜੀ.ਐੱਸ.ਟੀ. ਲਗਾਉਣ ਵਾਲੇ ਗੁਰਦਾਸ ਮਾਨ ਨੂੰ ਮੁਫ਼ਤ ਵੀ ਲੋਕਾਂ ਨੇ ਸਟੇਜ ’ਤੇ ਨਾ ਚੜ੍ਹਨ ਦਿੱਤਾ। ਇੱਥੋਂ ਗੁਰਦਾਸ ਮਾਨ ਨੂੰ ਕੁਝ ਲੱਗਣ ਲੱਗਾ ਕਿ ਸਭ ਠੀਕ ਨਹੀਂ ਹੈ। ਫਿਰ ਕਨੇਡਾ ਵਿਚ ਉਸਦੇ ਸ਼ੋਆਂ ਦਾ ਵਿਰੋਧ ਹੋਣ ਲੱਗਾ। ਪਰ ਆਪਣੀ ਗਲਤੀ ਨੂੰ ਨਾ ਮੰਨਦਿਆਂ ਉਸਨੇ ਇਕ ਗੀਤ ਅਜਿਹਾ ਕੱਢਿਆ ਜਿਸ ਵਿਚ ਆਪਣੇ ਆਪ ਨੂੰ ਸਹੀ ਸਾਬਤ ਕੀਤਾ ਗਿਆ, ਲੋਕਾਂ ਨੇ ਕੁਝ ਨਹੀਂ ਕਿਹਾ ਉਹ ਬੋਲੇ ਨਹੀਂ, ਚੱੁਪ ਰਹੇ, ਪਰ ਹੁਣ ਜਦੋਂ ਉਹ ਅਮਰੀਕਾ ਸ਼ੋਅ ਕਰਨ ਆਇਆ ਤਾਂ ਪੰਜਾਬੀ ਮਾਂ ਬੋਲੀ ਦੇ ਪੁੱਤਰਾਂ ਨੇ ਆਪਣਾ ਰੂਪ ਦਿਖਾਇਆ ਜਿਸ ਕਾਰਨ ਗੁਰਦਾਸ ਮਾਨ ਦੇ ਸ਼ੋਅ ਫਲਾਪ ਹੋਣ ਦਾ ਖ਼ਤਰਾ ਪੈਦਾ ਹੋ ਗਿਆ। ਪ੍ਰੋਮੋਟਰਾਂ ਦੇ ਦਬਾਅ ਕਾਰਨ ਗੁਰਦਾਸ ਮਾਨ ਨੂੰ ਫਿਰ ਮਾਫੀ ਮੰਗਣੀ ਪੈ ਗਈ ਤੇ ਗੱਲ ਫਿਰ ਚਰਚਾ ਵਿਚ ਆ ਗਈ। ਮਾਫੀ ਤੋਂ ਬਾਅਦ ਗੱਲ ਮੱਧਮ ਪੈਣ ਹੀ ਲੱਗੀ ਸੀ ਕਿ ਇਸ ਪ੍ਰੈੱਸ ਕਾਨਰਫਰੰਸ ਵਿਚ ਗੁਰਦਾਸ ਮਾਨ ਨੇ ਇਕ ਅਜਿਹਾ ਸ਼ਿਅਰ ਕਹਿ ਦਿੱਤਾ ਜਿਸ ਨਾਲ ਲੱਗਦਾ ਹੈ ਕਿ ਇਸ ਮਾਮਲੇ ਦੀ ਅੱਗ ਉੱਤੇ ਘਿਓ ਪੈ ਗਿਆ ਲੱਗਦੈ, ਸ਼ਿਅਰ ਇਸ ਤਰ੍ਹਾਂ ਹੈ:

“ਜਿਹੜੇ ਬੱਤੀ ਨੂੰ ਸਮਝਣ ਗਾਲ੍ਹ, ਉਹ ਪੰਜਾਬੀ ਤੋਂ ਕੰਗਾਲ

ਖਾ ਲਏ ਜੰਦਰਾ ਜਦੋਂ ਜੰਗਾਲ, ਤੇ ਬੱਤੀ ਦੇਣੀ ਪੈਂਦੀ ਐ

ਸਾਧੂ ਸੰਤ ਸੇਕਦੇ ਧੂਣੇ, ਨਾ ਕੋਈ ਜਾਦੂ ਨਾ ਕੋਈ ਟੂਣੇ

ਜਿਹਨੂੰ ਲੜਦੇ ਹੋਣ ਚਲੂਣੇ ਤੇ ਬੱਤੀ ਦੇਣੀ ਪੈਂਦੀ ਐ”

ਇਸ ਸ਼ਿਅਰ ਤੋਂ ਸਾਬਤ ਹੁੰਦਾ ਹੈ ਕਿ ਗੁਰਦਾਸ ਮਾਨ ਨੂੰ ਅਸਲ ਵਿਚ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ, ਉਹ ਹਰ ਹਾਲ ਵਿਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਉੱਤੇ ਲੱਗਾ ਹੋਇਆ ਹੈ। ਉਸਨੇ ਜੇਕਰ ਮਾਫ਼ੀ ਵੀ ਮੰਗੀ ਤਾਂ ਉਹ ਪੰਜਾਬੀ ਦੇ ਹਿਤ ਕਰ ਕੇ ਨਹੀਂ ਸਗੋਂ ਆਪਣੇ ਸ਼ੋਅ ਦੀ ਕਾਮਯਾਬੀ ਲਈ ਹੀ ਮੰਗੀ। ਉਸ ਵਲੋਂ ਬੋਲੇ ਇਸ ਸ਼ਿਅਰ ਨਾਲ ਮਾਮਲਾ ਹੋਰ ਗਰਮਾਉਣ ਦਾ ਖਦਸ਼ਾ ਹੈ। ਇਹ ਮੰਨਣਾ ਹੀ ਪਵੇਗਾ ਕਿ ਗੁਰਦਾਸ ਮਾਨ ਬੁਢਾਪੇ ਵਿਚ ਪੈਰ ਰੱਖ ਚੱੁਕਾ ਹੈ, ਇਸ ਉਮਰ ਵਿਚ ਇਨਸਾਨ ਦਾ ਦਿਮਾਗ ਬੱਚਿਆਂ ਵਾਲਾ ਹੋਣ ਲੱਗਦਾ ਹੈ, ਕਿਉਂਕਿ ਸੰਗੀਤ ਸਰਗਮ ਵੀ ‘ਸਾ ਤੋਂ ਸਾ’ ਤੱਕ ਮੁੜ ਵਾਪਸ ਆਉਂਦੀ ਹੈ, ਧਰਤੀ ਵੀ ਜਿੱਥੋਂ ਚੱਲਦੀ ਹੈ ਉੱਥੇ ਹੀ ਵਾਪਸ ਆਉਂਦੀ ਹੈ, ਜਹਾਜ਼ ਵੀ ਰਨਵੇਅ ਤੋਂ ਚੜ੍ਹਦਾ ਹੈ ਤੇ ਰਨਵੇਅ ’ਤੇ ਹੀ ਉਤਰਦਾ ਹੈ, ਇਸ ਲਈ ਇਨਸਾਨ ਦੇ ਵੱਸ ਦੀ ਗੱਲ ਨਹੀਂ ਉਸਦੀ ਸੋਝੀ ਬੱੁਧੀ ਵੀ ਵਾਪਸ ਬਚਪਨ ਵੱਲ ਆਉਂਦੀ ਹੈ। ਇਸ ਲਈ ਉਸਦੇ ਆਸ ਪਾਸ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਗੁਰਦਾਸ ਮਾਨ ਦੀ ਸਾਂਭ ਸੰਭਾਲ ਕਰਨ ਅਤੇ ਉਸਨੂੰ ਹੋਰ ਜ਼ਿਆਦਾ ਬੋਲਣ ਤੋਂ ਰੋਕਣ। ਜੇਕਰ ਗੁਰਦਾਸ ਮਾਨ ਨੇ ‘ਬੱਤੀ’ ਨੂੰ ਸਹੀ ਸਾਬਤ ਕਰਨ ਲਈ ਇਕ ਦੋ ਹੋਰ ਬਿਆਨ ਦੇ ਦਿੱਤੇ ਤਾਂ ਪੰਜਾਬੀ ਸੰਗੀਤ ਜਗਤ ਵਿਚ ਲਾਂਬੂ ਲੱਗ ਸਕਦਾ ਹੈ। ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਮਿਹਰ ਕਰੇ, ਪਰ ਇਹ ਕਹਿਣਾ ਹੀ ਪਵੇਗਾ ਕਿ ਗੁਰਦਾਸ ਮਾਨ ਦੇ ਸੰਗੀਤਕ ਕੈਰੀਅਰ ਦਾ ਇਹ ਸਮਾਂ ਸਭ ਤੋਂ ਔਖਾ ਦੌਰ ਹੈ ਜਿਸ ਵਿਚੋਂ ਨਿਕਲਣ ਲਈ ਉਸਨੂੰ ਮੱਤ ਬੱੁਧੀ ਤੋਂ ਕੰਮ ਲੈਣਾ ਪਵੇਗਾ, ਹੰਕਾਰ ਤੋਂ ਨਹੀਂ! ਆਮੀਨ!