ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁੜ ਵਧੀਆਂ ਮੁਸ਼ਕਲਾਂ

ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁੜ ਵਧੀਆਂ ਮੁਸ਼ਕਲਾਂ

ਜਲੰਧਰ, -ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸਾਲ 2021 ਵਿੱਚ ਗੁਰਦਾਸ ਮਾਨ ਵੱਲੋਂ ਨਕੋਦਰ ਦੀ ਦਰਗਾਹ ਦੇ ਲਾਡੀ ਸਾਈਂ ਦੀ ਤੁਲਨਾ ਸ੍ਰੀ ਗੁਰੂ ਅਮਰਦਾਸ ਦੇ ਵੰਸ਼ਜ ਵਜੋਂ ਕਰਨ ਦੇ ਮਾਮਲੇ ਵਿੱਚ ਸਿੱਖ ਭਾਈਚਾਰੇ ਵੱਲੋਂ ਐੱਫਆਈਆਰ ਦਰਜ ਕਰਵਾਈ ਗਈ ਸੀ, ਜਿਸ ਨੂੰ ਨਕੋਦਰ ਅਦਾਲਤ ਨੇ ਰੱਦ ਕਰਨ ਦਾ ਹੁਕਮ ਦਿੱਤਾ ਸੀ। ਹੁਣ ਐੱਫਆਈਆਰ ਦਰਜ ਕਰਵਾਉਣ ਵਾਲੇ ਵਿਅਕਤੀ ਨੇ ਨਕੋਦਰ ਅਦਾਲਤ ਦੇ ਫ਼ੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਰਜਿੰਦਰ ਸਿੰਘ ਉਰਫ ਜਿੰਦਾ ਨਾਮ ਦੇ ਵਿਅਕਤੀ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਹਾਈ ਕੋਰਟ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ 13 ਜੂਨ ਤੱਕ ਜਵਾਬ ਮੰਗਿਆ ਹੈ। ਪਟੀਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਗੁਰਦਾਸ ਮਾਨ ਨੇ ਲਾਡੀ ਸਾਈਂ ਨੂੰ ਸ੍ਰੀ ਗੁਰੂ ਅਮਰਦਾਸ ਦੀ ਸੰਤਾਨ ਦੱਸਿਆ ਹੈ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਦੱਸ ਦੇਈਏ ਕਿ ਜਦੋਂ ਇਹ ਮਾਮਲਾ ਭਖ਼ਿਆ ਤਾਂ ਗੁਰਦਾਸ ਮਾਨ ਨੇ ਲਾਈਵ ਹੋ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਮੁਆਫੀ ਮੰਗ ਲਈ ਸੀ।

ਪੁਲੀਸ ਸਟੇਸ਼ਨ ਅਤੇ ਐੱਸਐੱਸਪੀ ਦਫ਼ਤਰ ਵਿੱਚ ਰੋਸ ਪ੍ਰਦਰਸ਼ਨ ਕਰਨ ਮਗਰੋਂ ਪਟੀਸ਼ਨਰ ਨੇ ਕੌਮੀ ਸ਼ਾਹਰਾਹ ਦਾ ਘਿਰਾਓ ਕੀਤਾ ਸੀ। ਇਸ ਮਗਰੋਂ ਪੁਲੀਸ ਨੇ ਮਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਸੀ। ਗੁਰਦਾਸ ਮਾਨ ਦੇ ਪੁਤਲੇ ਵੀ ਸਾੜੇ ਗਏ ਪਰ ਮਾਨ ਨੇ ਇੱਕ ਵੀਡੀਓ ਜਾਰੀ ਕਰ ਕੇ ਸੰਗਤ ਤੋਂ ਮੁਆਫੀ ਮੰਗੀ ਹੈ।