ਕੰਟੇਨਰ ਰਾਹੀਂ ਕਨੇਡਾ 'ਚ ਪਾਵਨ ਸਰੂਪ ਭੇਜਣ ਦਾ ਮਾਮਲਾ ਭਖਿਆ

ਕੰਟੇਨਰ ਰਾਹੀਂ ਕਨੇਡਾ 'ਚ ਪਾਵਨ ਸਰੂਪ ਭੇਜਣ ਦਾ ਮਾਮਲਾ ਭਖਿਆ

ਅੰਮ੍ਰਿਤਸਰ ਸਾਹਿਬ, 10 ਜੁਲਾਈ (ਪੰਜਾਬੀ ਰਾਈਟਰ)-ਸਿੱਖ ਜਥੇਬੰਦੀ ਆਵਾਜ਼ ਏ ਕੌਮ ਦੇ ਆਗੂਆਂ ਨੇ ਅੱਜ ਇਥੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਇੱਕ ਪੱਤਰ ਦੇ ਕੇ ਸ਼ਿਕਾਇਤ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕੰਟੇਨਰ ਰਾਹੀਂ ਪਾਵਨ ਸਰੂਪ ਕੈਨੇਡਾ ਭੇਜੇ ਗਏ ਹਨ, ਜਿਸ ਨਾਲ ਪਾਵਨ ਸਰੂਪਾਂ ਦਾ ਨਿਰਾਦਰ ਹੋਇਆ ਹੈ, ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਆਗੂਆਂ ਮਨਜੀਤ ਸਿੰਘ ਕਰਤਾਰਪੁਰ, ਹਰਜਿੰਦਰ ਸਿੰਘ ਤੇ ਹੋਰਨਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਾਮਲਾ ਕੈਨੇਡਾ ਦੇ ਸਰੀ ਸਥਿਤ ਗੁਰਦੁਆਰੇ ਦੀ ਸੰਗਤ ਵੱਲੋਂ ਵੀ ਉਭਾਰਿਆ ਗਿਆ ਹੈ ਅਤੇ 4 ਜੁਲਾਈ ਨੂੰ ਇਸ ਸਬੰਧ ਵਿੱਚ ਅਕਾਲ ਤਖਤ ਵਿਖੇ ਪੱਤਰ ਵੀ ਭੇਜਿਆ ਗਿਆ ਹੈ ਜਿਸ ਦੇ ਜਵਾਬ ਵਿੱਚ ਸ੍ਰੀ ਅਕਾਲ ਤਖਤ ਸਕੱਤਰੇਤ ਵੱਲੋਂ ਵੀ 7 ਜੁਲਾਈ ਨੂੰ ਪੱਤਰ ਭੇਜਿਆ ਗਿਆ ਸੀ। ਇਸ ਪੱਤਰ ਰਾਹੀ ਜਵਾਬ ਵਿੱਚ ਆਖਿਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰੀ ਵਿਖੇ 225 ਪਾਵਨ ਸਰੂਪ ਪੂਰੇ ਅਦਬ ਸਤਿਕਾਰ ਅਤੇ ਮਰਿਆਦਾ ਸਾਹਿਤ ਭੇਜੇ ਗਏ ਹਨ ਜਿਸ ਨੂੰ ਉੱਥੇ ਗੁਰਦੁਆਰਾ ਕਮੇਟੀ ਵੱਲੋਂ ਪੂਰੇ ਅਦਬ ਸਤਿਕਾਰ ਨਾਲ ਪ੍ਰਾਪਤ ਕੀਤਾ ਗਿਆ ਹੈ ਅਤੇ ਪਾਵਨ ਸਰੂਪਾਂ ਨੂੰ ਸੁਭਾਏਮਾਨ ਕਰ ਦਿੱਤਾ ਗਿਆ ਹੈ।
ਸ਼ਿਕਾਇਤ ਕਰਤਾ ਧਿਰ ਨੇ ਆਖਿਆ ਕਿ ਜੇਕਰ ਪਾਵਨ ਸਰੂਪ ਅਦਬ ਸਤਿਕਾਰ ਨਾਲ ਪੁੱਜ ਗਏ ਹਨ ਅਤੇ ਗੁਰਦੁਆਰੇ ਵਿੱਚ ਸਥਾਪਿਤ ਕਰ ਦਿੱਤੇ ਗਏ ਹਨ ਤਾਂ ਫਿਰ ਸੰਗਤ ਨੂੰ ਇਸ ਦੇ ਦਰਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਆਖਿਆ ਕਿ ਇਸ ਮਾਮਲੇ ਨੂੰ ਲੈ ਕੇ ਸੰਗਤ ਦੇ ਮਨ ਵਿੱਚ ਵੱਡੇ ਪੱਧਰ ਤੇ ਸ਼ੰਕਾਵਾਂ ਅਤੇ ਸਵਾਲ ਹਨ। ਉਹਨਾਂ ਪੁੱਛਿਆ ਕਿ ਕੀ ਸਮੁੰਦਰੀ ਕੰਟੇਨਰ ਵਿੱਚ ਪਾਵਨ ਸਰੂਪ ਰੱਖਣਾ ਅਤੇ ਸਰੂਪ ਵਿਦੇਸ਼ਾਂ ਵਿੱਚ ਭੇਜਣਾ ਜਾਇਜ਼ ਹੈ। ਕੀ ਅਜਿਹੇ ਢੰਗ ਨਾਲ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਨਿਰਾਦਰ ਨਹੀਂ ਹੁੰਦਾ ?
ਉਹਨਾਂ ਆਖਿਆ ਕਿ ਕੈਨੇਡਾ ਦੇ ਸਰੀ ਦੇ ਤਿੰਨ ਵੱਡੇ ਗੁਰਦੁਆਰੇ ਹਨ ਅਤੇ ਸਾਰੇ ਹੀ ਗੁਰਦੁਆਰਿਆਂ ਵਿੱਚ ਪਹਿਲਾਂ ਹੀ ਵਧੇਰੇ ਪਾਵਨ ਸਰੂਪ ਹਨ ਤਾਂ ਉਥੇ ਹੋਰ ਪਾਵਨ ਸਰੂਪ ਕਿਉਂ ਮੰਗਵਾਏ ਗਏ ਹਨ। ਉਹਨਾਂ ਪੁੱਛਿਆ ਕਿ ਅਜਿਹੀ ਕਿਹੜੀ ਹੰਗਾਮੀ ਸਥਿਤੀ ਆ ਗਈ ਸੀ ਕਿ ਸਾਰੇ ਨਿਯਮਾਂ ਨੂੰ ਛੱਕੇ ਟੰਗ ਕੇ ਸਮੁੰਦਰੀ ਕੰਟੇਨਰ ਰਾਹੀ ਪਾਵਨ ਸਰੂਪ ਕੈਨੇਡਾ ਭੇਜੇ ਗਏ ਹਨ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਮੁੜ ਜਾਂਚ ਪੜਤਾਲ ਕਰਵਾਈ ਜਾਵੇ ਅਤੇ ਸੰਗਤ ਦੇ ਸਵਾਲਾਂ ਦੇ ਪੁਖਤਾ ਜਵਾਬ ਦਿੱਤੇ ਜਾਣ। ਉਹਨਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਸਰੀ ਦੇ ਗੁਰਦੁਆਰਾ ਪ੍ਰਬੰਧਕਾਂ ਆਦਿ ਨੂੰ ਹੋਏ ਨਿਰਾਦਰ ਵਾਸਤੇ ਜ਼ਿੰਮੇਵਾਰ ਕਰਾਰ ਦਿੰਦਿਆਂ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਭਵਿੱਖ ਵਿੱਚ ਕੌਮਾਂਤਰੀ ਪੱਧਰ ’ਤੇ ਪਾਵਨ ਸਰੂਪ ਭੇਜਣ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ।