ਛੱਟਾ ਚਾਨਣਾਂ ਦਾ ਦੇਈ ਜਾਣਾ ਵਾਲੇ ਮੇਰੇ ਮੁਰਸ਼ਦ ਸ਼ਾਇਰ ਡਾ.ਸੁਰਿੰਦਰ ਗਿੱਲ - ਗੁਰਭਜਨ ਗਿੱਲ-----ਬਾਬੂ ਰਜਬ ਅਲੀ ਕਵੀਸ਼ਰ ਤੇ ਪ੍ਰਥਮ ਪੀ ਐੱਚ ਡੀ ਡਾ. ਰੁਲੀਆਂ ਸਿੰਘ ਸਿੱਧੂ ਸੁਰਗਵਾਸ-----ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ

ਛੱਟਾ ਚਾਨਣਾਂ ਦਾ ਦੇਈ ਜਾਣਾ ਵਾਲੇ ਮੇਰੇ ਮੁਰਸ਼ਦ ਸ਼ਾਇਰ ਡਾ.ਸੁਰਿੰਦਰ ਗਿੱਲ - ਗੁਰਭਜਨ ਗਿੱਲ-----ਬਾਬੂ ਰਜਬ ਅਲੀ ਕਵੀਸ਼ਰ ਤੇ ਪ੍ਰਥਮ ਪੀ ਐੱਚ ਡੀ ਡਾ. ਰੁਲੀਆਂ ਸਿੰਘ ਸਿੱਧੂ ਸੁਰਗਵਾਸ-----ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ

ਗੁਰਭਜਨ ਗਿੱਲ
ਬਚਪਨ ਵਿੱਚ ਹੀ ਵੱਡੇ ਭਰਾਵਾਂ ਦੇ ਮੂੰਹੋਂ ਸੁਰਿੰਦਰ ਗਿੱਲ ਜੀ ਦਾ ਨਾਮ ਬਹੁਤ ਵਾਰ ਸੁਣਿਆ ਸੀ। ਵੀਤਨਾਮ ਤੇ ਅਮਰੀਕਨ ਹਮਲਿਆਂ ਵੇਲੇ ਵਿਸ਼ਵ ਸੁੰਦਰੀ ਬਣੀ ਭਾਰਤੀ ਮੁਟਿਆਰ ਰੀਟਾ ਫੇਰੀਆ ਜਦ ਅਮਰੀਕਨ ਫੌਜੀਆਂ ਦੇ ਮਨੋਰੰਜਨ ਲਈ ਓਥੇ ਗਈ ਤਾਂ ਪੂਰੇ ਵਿਸ਼ਵ ਵਿੱਚ ਬੁਰਾ ਮਨਾਇਆ ਗਿਆ। ਆਪੋ ਆਪਣੇ ਢੰਗ ਨਾਲ ਸਭ ਨੇ ਉਸ ਨੂੰ ਨਕਾਰਿਆ। ਸੁਰਿੰਦਰ ਗਿੱਲ ਦੀ ਕਵਿਤਾ”ਐ ਮੇਰੇ ਵੀਰ ਵੀਤਨਾਮੀ, ਵੀਰ ਸੰਗਰਾਮੀ” ਵਿੱਚ ਉਸ ਨੇ ਰੀਟਾ ਫੇਰੀਆ ਨੂੰ ਬੇਦਖ਼ਲ ਕਰਦਿਆਂ ਪ੍ਰੀਤਲੜੀ ਮੈਗਜ਼ੀਨ ਵਿੱਚ ਕਵਿਤਾ ਲਿਖੀ ਜਿਸ ਵਿੱਚ ਉਸ ਕਿਹਾ ਕਿ ਇਸ ਨੂੰ ਮੇਰੇ ਗੇਸ਼ ਦੀ ਧੀ ਨਾ ਮੰਨਿਓ। ਇਹ ਤਾਂ ਡਾਲਰਾਂ ਦੇ ਤਾਲ ਤੇ ਨੱਚਣ ਆਈ ਹੈ।
ਕਾਵਿ ਖੇਤਰ ਵਿੱਚ ਸੁਰਿੰਦਰ ਗਿੱਲ ਦੀ ਕਵਿਤਾ
ਛੱਟਾ ਚਾਨਣਾਂ ਦਾ ਦੇਈ ਜਾਣਾ।
ਮੇਰੇ ਦੋਸਤੋ ਮੇਰੇ ਸਾਥੀਓ,
ਛੱਟਾ ਚਾਨਣਾਂ ਦਾ ਕੋਈ ਜਾਣਾ।
ਇਸ ਗੀਤ ਨੂੰ ਉਹ ਬੜੇ ਵਜਦ ਵਿੱਚ ਆ ਕੇ ਗਾਉਂਦਾ। ਪੂਰਾ ਪੰਜਾਬ ਝੂਮ ਉੱਠਿਆ।
ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ ਵਿੱਚੋਂ ਐੱਮ ਏ ਕਰਕੇ 1969 ਸਾਲ ਗੁਰੂ ਨਾਨਕ ਜਨਮ ਸ਼ਤਾਬਦੀ  ਮੌਕੇ ਕਾਲਾ ਅਫਗਾਨਾ(ਗੁਰਦਾਸਪੁਰ) ਵਿੱਚ ਨਵੇਂ ਖੁੱਲ੍ਹੇ  ਗੁਰੂ ਨਾਨਕ ਕਾਲਿਜ ਵਿੱਚ ਮੇਰੇ ਅਧਿਆਪਕ ਬਣ ਗਏ।
ਗੁਰੂ ਨਾਨਕ ਸ਼ਤਾਬਦੀ ਵੇਲੇ ਕਾਲਿਜ ਵਿੱਚ ਕਰਵਾਏ ਕਵੀ ਦਰਬਾਰ ਵਿੱਚ ਉਨ੍ਰਾਂ ਪ੍ਰੋ. ਮੋਹਨ ਸਿੰਘ, ਸੂਬਾ ਸਿੰਘ, ਜਸਵੰਤ ਸਿੰਘ ਰਾਹੀ,ਡਾ. ਹਰਿਭਜਨ ਸਿੰਘ, ਸ ਸ ਮੀਸ਼ਾ, ਡਾ. ਜਗਤਾਰ, ਸ ਸ ਨੂਰ, ਸੁਰਜੀਤ ਪਾਤਰ, ਕਸ਼ਮੀਰ ਕਾਦਰ , ਸ ਸ ਅਰਮਾਨ ਤੇ ਕਈ ਹੋਰ ਕਵੀਆਂ ਨੂੰ ਬੁਲਾ ਕੇ ਸਾਨੂੰ ਸੁਣਾਇਆ। ਮੇਰੇ ਮਨ ਵਿੱਚ ਇਸ ਕਵੀ ਦਰਬਾਰ ਦੀ ਗੂੜ੍ਹੀ ਛਾਪ ਅੱਜ ਵੀ ਕਾਇਮ ਹੈ। ਏਸੇ ਨੇ ਹੀ ਮੈਨੂੰ ਸ਼ਬਦ ਮਾਰਗ ਤੇ  ਤੋਰਿਆ।
ਏਥੇ ਦੇ ਸਾਲ ਪੜ੍ਹ ਕੇ ਮੈਂ 1971 ਵਿੱਚ ਲੁਧਿਆਣਾ ਆ ਗਿਆ। ਇੱਥੇ ਮੇਰੇ ਅਧਿਆਪਕ ਡਾ. ਸ ਪ ਸਿੰਘ ਜੀ ਤੋਂ ਪਤਾ ਲੱਗਾ ਕਿ ਉਹ ਸੁਰਿੰਦਰ ਗਿੱਲ ਦੇ ਸਹਿਪਾਠੀ ਰਹੇ ਹਨ ਜਲੰਧਰ।
ਇਥੇ ਆ ਕੇ ਹੀ ਮੈਂ ਲਾਇਬਰੇਰੀ ਵਿੱਚੋਂ ਲੈ ਕੇ ਉਨ੍ਹਾਂ ਦੀਆਂ ਪਹਿਲੀਆਂ ਦੋ ਕਾਵਿ ਕਿਤਾਬਾਂ “ਸ਼ਗਨ “ ਅਤੇ “ਸਫ਼ਰ ਤੇ ਸੂਰਜ”
ਪੜ੍ਹੀਆਂ।
ਮੇਰੇ ਪ੍ਰਥਮ ਅਧਿਆਪਕ ਤੇ ਕਾਵਿ ਪ੍ਰੇਰਨਾ ਸਰੋਤ ਸੁਰਿੰਦਰ ਗਿੱਲ ਜੀ ਦਾ ਜਨਮ 23 ਮਾਰਚ 1942 ਨੂੰ ਲੁਧਿਆਣਾ ਦੇ ਜਗਰਾਉਂ - ਰਾਏਕੋਟ ਮਾਰਗ ਤੇ ਪੈਂਦੇ ਪਿੰਡ ਰੂਮੀ ਵਿੱਚ ਸ. ਸੌਦਾਗਰ ਸਿੰਘ ਗਿੱਲ ਅਤੇ ਸ੍ਰੀਮਤੀ ਦਲੀਪ ਕੌਰ ਦੇ ਘਰ ਹੋਇਆ।
ਸਬੱਬ ਦੇਖੋ, ਕਈ ਸਾਲਾਂ ਬਾਦ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ  ਜਗਰਾਉਂ ਵਿੱਚ ਉਨ੍ਹਾਂ ਦੀ ਨਿੱਕੀ ਭੈਣ ਦਾ ਅਧਿਆਪਕ ਬਣਿਆ। ਉਨ੍ਹਾਂ ਨੇ ਜਦ ਕਦੇ ਪਿੰਡ ਆਉਣਾ, ਆਸ਼ੀਰਵਾਦ ਦਿੱਤੇ ਬਿਨਾਂ ਕਦੇ ਨਾ ਪਰਤਦੇ।
1973 ਵਿੱਚ ਉਹ ਸਰਕਾਰੀ ਕਾਲਿਜ ਅਧਿਆਪਕ ਬਣ ਕੇ ਪਹਿਲਾਂ ਗੌਰਮਿੰਟ ਕਾਲਿਜ ਪੱਟੀ ਤੇ ਮਗਰੋਂ ਸੇਵਾ ਮੁਕਤੀ ਤੀਕ ਰਣਧੀਰ ਗੌਰਮਿੰਟ ਕਾਲਿਜ ਕਪੂਰਥਲਾ ਵਿੱਚ  ਪੜ੍ਹਾਉਂਦੇ ਰਹੇ। ਥੋੜਾ ਸਮਾਂ ਭਾਵੇਂ ਕਿਤੇ ਹੋਰ ਗਏ ਹੋਣ, ਮੈਨੂੰ ਗਿਆਤ ਨਹੀਂ।
ਕਦੇ ਕਸ਼ਮੀਰ ਕਾਦਰ ਨੇ ਆਪਣਾ ਅਮਰ ਗੀਤ
ਜੇ ਸਾਡੀ ਗਲ਼ੀ ਆਵੇਂ ਮਿੱਤਰਾ, ਤੈਨੂੰ ਹਾਸਿਆਂ ਦੇ ਜ਼ਖ਼ਮ ਵਿਖਾਵਾਂ।
ਹੋਇਆ ਕੀ ਜੇ ਕਵੀ ਏਂ ਤੂੰ
ਸਾਰਾ ਜੱਗ ਜਾਣਦਾ।
ਮੇਰਾ ਵੀ ਮੁਹੱਲਾ ਤੇਰੀ ਕਵਿਤਾ ਦੇ ਹਾਣ ਦਾ।
ਜਿੰਨੇ ਚੁੱਕ ਲਏਗਾ ਗੀਤ ਚੁਕਾਵਾਂ।
 ਮੈਂ ਜਿੰਨੇ ਸਾਲ ਜਿੱਥੇ ਵੀ ਪੜ੍ਹਾਇਆ, ਸੁਰਿੰਦਰ ਗਿੱਲ ਕਵੀ ਦਰਬਾਰਾਂ ਵਿੱਚ ਸ਼ਾਮਲ ਹੋ ਕੇ ਮੇਰਾ ਮਾਣ  ਵਧਾਉਂਦੇ ਰਹੇ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਸਰਦਾਰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਤੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੰਜੱਬੀ ਕਵੀ ਪੁਰਸਕਾਰ ਮਿਲ ਚੁੱਕਾ ਹੈ।  ਹਾਲਾਤ ਦੀ ਸਿਤਮ ਜ਼ਰੀਫੀ ਵੇਖੋ, ਦੋਵੇਂ ਵਾਰ ਪੁਰਸਕਾਰ ਚੋਣ ਕਮੇਟੀ ਵਿੱਚ ਮੈਂ ਵੀ ਸ਼ਾਮਲ ਸਾਂ। ਜੇ ਭਾਰਤੀ ਸਾਹਿੱਤ ਅਕਾਡਮੀ ਲਾਗੇ ਲੱਗਣ ਦਿੰਦੀ ਤਾਂ ਮੇਰਾ ਮੁਰਸ਼ਦ ਓਥੇ ਵੀ ਸਨਮਾਨਿਤ ਹੋਣਾ ਸੀ। ਚਲੋ! ਕੋਈ  ਨਾ, ਜੇ ਗੁਰਬਖਸ਼ ਸਿੰਘ ਪ੍ਹੀਤਲੜੀ ਤੇ ਦੇਵਿੰਦਰ ਸਤਿਆਰਥੀ ਨੂੰ ਇਹ ਪੁਰਸਕਾਰ ਨਹੀਂ ਮਿਲੇ ਤਾਂ ਉਹ ਕਿਹੜੇ ਨਿੱਕੇ ਹੋ ਗਏ?
ਇਸ ਘੜੀ ਪ੍ਰੋ.  ਮੋਹਨ ਸਿੰਘ ਜੀ ਦੀ ਗ਼ਜ਼ਲ ਦਾ ਇਹ ਸ਼ਿਅਰ ਚੇਤੇ ਆ ਰਿਹੈ।
ਜੇ ਰਲ਼ਦੇ ਭੀੜ ਵਿੱਚ ਤਾਂ ਇੱਕ ਦੋ ਭੋਰਾ ਲੈ ਮਰਦੇ,
ਅਸੀਂ ਆਦਰਸ਼ ਦੀ ਚੋਟੀ ਤੋਂ ਥੱਲੇ ਲਹਿ ਨਾ ਸਕੇ।
ਭੋਰਾ ਲੈਣ ਲਈ ਆਦਰਸ਼ ਦੀ ਚੋਟੀ ਤੋਂ ਉੱਤਰ ਕੇ ਮਰਨਾ ਪੈਂਦਾ ਹੈ। ਪ੍ਰੋ. ਮੋਰਨ ਸਿੰਘ ਜੀ ਦਾ ਸਬਕ ਚੇਤੇ ਰੱਖਣਾ ਬੇਹੱਦ ਜ਼ਰੂਰੀ ਹੈ।
ਡਾ. ਸੁਰਿੰਦਰ ਗਿੱਲ ਦੇ ਹੁਣ ਤੀਕ ਛਪੇ ਕਾਵਿ ਸੰਗ੍ਰਹਿ ਸ਼ਗਨ (1963)ਸਫਰ ਤੇ ਸੂਰਜ (1967)ਗੁੰਗਾ ਦਰਦ (1987)ਆਵਾਜ਼ (1998)ਹੁਣ ਧੀਆਂ ਦੀ ਵਾਰੀ (2005)ਦੋਸਤੀ ਦੀ ਰੁੱਤ (2007)ਰਸੀਆਂ ਨਿਮੋਲੀਆਂ (2013)ਗੀਤ ਦਾ ਬੇਦਾਵਾ (2015)ਉਸਨੇ ਕਿਹਾ (2019)
ਪੁਲ਼ ਤੇ ਪਾਣੀ (2023)
ਤੇ ਪਿਛਲੇ ਸਾਲ ਹੀ ਸਪਤ ਰਿਸ਼ੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਸੱਜਰਾ ਕਾਵਿ ਸੰਗ੍ਰਹਿ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਨਿਰੰਤਰ  ਸਿਰਜਣਸ਼ੀਲ ਹਨ।
ਉਨ੍ਹਾਂ ਦੀਆਂ ਦੋ ਖੋਜ ਪੁਸਤਕਾਂ ਰਾਜਨੀਤਕ ਪੰਜਾਬੀ ਕਵਿਤਾ (2022), ਦੀਵਾਨ ਸਿੰਘ ਕਾਲੇ ਪਾਣੀ - ਜੀਵਨ ਤੇ ਰਚਨਾ (1973) ਛਪ ਚੁੱਕੀਆਂ ਹਨ।
ਇੱਕ ਸਫ਼ਰਨਾਮਾ ਪੰਜ ਪ੍ਰਦੇਸ (2018) ਵੀ ਛਪ ਚੁੱਕਾ ਹੈ।
ਪਰਸੋਂ ਹੀ ਸ਼ਮਸ਼ੇਰ ਸਿੰਘ ਸੱਧੂ ਮੈਨੂੰ ਸੁਰਿੰਦਰ ਗਿੱਲ ਦੀ ਗ਼ਜ਼ਲ ਦਾ ਸ਼ਿਅਰ ਸੁਣਾ ਰਿਹਾ ਸੀ।

ਵਰ੍ਹਿਆਂ ਤੀਕ ਉਡੀਕੀਂ ਜਿਸ ਨੇ ਜਿੰਦਗਾਨੀ,
ਆਈ ਤਾਂ ਦਰਵਾਜ਼ੇ ਤੱਕ ਨਾ ਹਿੱਲ ਹੋਇਆ।
ਜਵਾਨ ਉਮਰੇ ਉਨ੍ਹਾਂ ਰਘਬੀਰ ਸਿੰਘ ਸਿਰਜਣਾ ਤੇ ਹੋਰ ਦੋਸਤਾਂ ਨਾਲ ਮਿਲ ਕੇ “ਸਿਰਜਣਾ” ਤ੍ਰੈਮਾਸਿਕ ਮੈਗਜ਼ੀਨ ਦਾ ਆਰੰਭ ਕਰਵਾਇਆ।
ਸੇਵਾ ਮੁਕਤੀ ਉਪਰੰਤ  ਹੁਣ ਲੰਮੇ ਸਮੇਂ ਤੋਂ ਮੋਹਾਲੀ ਵਿੱਚ ਰਹਿ ਰਹੇ ਹਨ। ਹਿੰਮਤ ਨਾਲ ਚੰਡੀਗੜ੍ਹ ਤੇ ਮੋਹਾਲੀ ਦੇ ਸਾਹਿੱਤਕ ਪ੍ਰੋਗਰਾਮਾਂ ਵਿੱਚ ਜ਼ਰੂਰ ਜਾਂਦੇ ਹਨ।
ਪੇਸ਼ ਹਨ ਉਨ੍ਹਾਂ ਦੀਆਂ ਦੋ ਕਵਿਤਾਵਾਂ
1.
 ਚੇਤੇ ਦੀ ਪੁਸਤਕ ਦੇ ਪੰਨੇ

ਬਚਪਨ ਤੋਂ ਬੁਢਾਪੇ ਤਕ ਦੇ ਸਫ਼ਰ
ਕੁਝ ਚੰਗੀਆਂ ਕੁਝ ਮੰਦੀਆਂ ਘਟਨਾਵਾਂ ਘਟੀਆਂ
ਸਮੇਂ ਸਮੇਂ ਟੱਕਰੇ ਕੁਝ ਪਿਆਰੇ
ਤੇ ਕੁਝ ਹੱਤਿਆਰੇ ਲੋਕ
ਮਨ ਤਨ ਉੱਤੇ ਪੀੜ ਪਰੁੱਚੇ ਜ਼ਖਮ
ਤੇ ਕਈ ਸੁਰਗ ਹੁਲਾਰੇ।
ਰਲਗੱਡ ਹੋਏ ਸਾਰੇ ਦੇ ਸਾਰੇ
ਮਨ ਮੇਰੇ ਦੇ ਚਿਤ੍ਰਪਪਟ ‘ਤੇ ਉੱਭਰ ਰਹੇ ਨੇ
ਲੱਖ ਭੁਲਾਉਣ ਦੇ ਯਤਨ ਕਰਾਂ
ਪਰ ਨਹੀਂ ਭੁੱਲਦੇ।
ਇਹਨਾਂ ਦੁੱਖਾਂ ਸੁੱਖਾਂ  ਚੋਂ ਹੀ
ਗੀਤਾਂ ਤੇ ਕਵਿਤਾਵਾਂ ਦੀ
ਰਚਨਾ ਹੋਈ
ਉਨ੍ਹਾਂ ਪਿਆਰੇ ਅਤੇ ਕੌੜੇ ਪਲਾਂ ਨੂੰ
ਆਪਣੇ ਇਤਿਹਾਸ ਦੇ
ਪੰਨਿਆਂ ਵਿਚੋਂ
ਕਿਸ ਤਰਾਂ ਮਨਫ਼ੀ ਕਰਾਂ?
ਇਹ ਮੇਰੀ
ਚੇਤੇ ਦੀ ਪੁਸਤਕ ਦੇ ਪੰਨੇ
ਇਕ ਜਿਉਂਦਾ ਜਾਗਦਾ
ਇਤਿਹਾਸ ਨੇ।

2.
ਇਹ ਲਹੂ ਮੇਰੇ ਪੰਜਾਬ ਦਾ ਹੈ

ਧਰਤੀ ’ਤੇ ਡੁਲ੍ਹਿਆ ਰੰਗ ਨਹੀਂ
ਇਹ ਲਹੂ ਮੇਰੇ ਪੰਜਾਬ ਦਾ ਹੈ

ਕੋਈ ਸ਼ਹਿਰ ਦਿੱਲੀ ਜਾਂ ਅੰਮ੍ਰਿਤਸਰ
ਮੇਰਾ ਪਿੰਡ ਰੂਮੀ ਜਾਂ ਪ੍ਰੀਤ ਨਗਰ
ਜਿਧਰੋਂ ਵੀ ਚੰਦਰੀ ਸੋਅ ਆਵੇ
ਮੇਰੇ ਦਿਲ ਵਿੱਚ ਡੂੰਘੀ ਲਹਿ ਜਾਵੇ
ਇਹ ਜੋ ਚੌਕ ’ਚ ਲਹੂ-ਲੁਹਾਣ ਪਿਆ
ਇਹ ਪੰਨਾ ਮੇਰੀ ਕਿਤਾਬ ਦਾ ਹੈ
ਕਲ੍ਹ ਰਾਤ ਪਿੰਡ ਦੀਆਂ ਨਿਆਈਆਂ ’ਚੋਂ
ਤੜ ਤੜ ਤੜ ਤੜ ਆਵਾਜ਼ ਪਈ
ਹਰ ਮੂੰਹ ’ਤੇ ਸਹਿਮ ਦਾ ਜੰਦਰਾ ਸੀ
ਹਰ ਅੱਖ ਸੀ ਜੀਕਣ ਤਿੜਕ ਗਈ
ਜਿਹਨੂੰ ‘ਅਣਪਹਿਚਾਣੀ ਲਾਸ਼’ ਕਹਿਣ
ਇਹ ਸ਼ਵ ਤਾਂ ਕਿਸੇ ਗੁਲਾਬ ਦਾ ਹੈ

ਕੁਝ ਸ਼ੈਤਾਨਾਂ ਦੀ ਚਾਲ ਸਹੀ
ਸਾਡੀ ਜੂਨ ਤਾਂ ਖ਼ਰਾਬ ਹੋਈ
ਕਿਉਂ ਸ਼ਹਿਰ ਦੇ ਮੱਥੇ ਸਹਿਮ ਜਿਹਾ
ਕਿਉਂ ਪਿੰਡ ਦੀ ਸੱਥ ਬੇਆਬ ਹੋਈ
ਇਸ ਚੰਦਰੀ ਬਵਾ ਦੀ ਜੜ੍ਹ ਫੜੀਏ
ਇਹ ਲੇਖਾ ਕਿਸ ਹਿਸਾਬ ਦਾ ਹੈ

ਧਰਤੀ ’ਤੇ ਡੁਲਿਆ ਰੰਗ ਨਹੀਂ
ਇਹ ਲਹੂ ਮੇਰੇ ਪੰਜਾਬ ਦਾ ਹੈ
ਇਹ ਤੱਤਾ ਲਹੂ ਪੰਜਾਬ ਦਾ ਹੈ
ਇਹ ਗਾੜ੍ਹਾ ਲਹੂ ਪੰਜਾਬ ਦਾ ਹੈ
????
**********
ਬਾਬੂ ਰਜਬ ਅਲੀ ਕਵੀਸ਼ਰ ਤੇ ਪ੍ਰਥਮ ਪੀ ਐੱਚ ਡੀ ਡਾ. ਰੁਲੀਆਂ ਸਿੰਘ ਸਿੱਧੂ ਸੁਰਗਵਾਸ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ 9 ਜੂਨ
ਸਾਹਿਤਕ ਅਤੇ ਅਕਾਦਮਿਕ ਖੇਤਰ ਦੀ ਨਾਮਵਾਰ ਸ਼ਖਸੀਅਤ ਪ੍ਰਿੰਸੀਪਲ ਡਾ. ਰੁਲੀਆ ਸਿੰਘ ਸਿੱਧੂ  ਜੀ ਦਾ ਨਿਉਜ਼ੀਲੈਂਡ ਵਿਖੇ ਦੇਹਾਂਤ ਹੋ ਗਿਆ ਹੈ। ਪੰਜਗਰਾਈ(ਮੋਗਾ) ਦੇ ਜੰਮਪਲ ਤੇ ਸੇਵਾਪੰਥੀ ਸੰਪਰਦਾਏ ਦੇ  ਸੰਤ ਮੱਖਣ ਸਿੰਘ ਜੀ ਦੇ ਵੱਡੇ ਵੀਰ
ਡਾਕਟਰ ਰੁਲੀਆ ਸਿੰਘ ਸਿੱਧੂ ਨੇ ਜਿਥੇ ਪੰਜਾਬੀ ਦੇ ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਪੰਜਾਬੀ ਸਾਹਿਤ ਵਿੱਚ ਯੋਗਦਾਨ ਉੱਪਰ ਪੀ.ਐਚ.ਡੀ ਕਰਕੇ ਡਾਕਟਰ ਦੀ ਉਪਾਧੀ ਹਾਸਿਲ ਕੀਤੀ ਉਥੇ ਉਹਨਾਂ ਨੇ ਆਪਣੇ ਸਾਹਿਤਕ ਖੇਤਰ ਦਾ ਵਿਸਥਾਰ  ਕਰਦਿਆਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਦੋ ਨਾਵਲ 'ਘੁੰਮਣਘੇਰੀ' ਅਤੇ 'ਮੱਸਿਆ' ਵੀ ਪਾਏ। ਇਸ ਤੋਂ ਇਲਾਵਾ ਉਨ੍ਹਾਂ ਗੁਰਬਾਣੀ ਸਾਹਿਤ ਉੱਪਰ ਆਪਣੀ ਕਲਮ ਅਜ਼ਮਾਈ ਕਰਦਿਆਂ 'ਸ੍ਰੀ ਜਪੁਜੀ ਸਾਹਿਬ' ਦੀ ਸਰਲ ਵਿਚਾਰ ਦੇ ਪਰਚੇ ਛਪਵਾ ਕੇ ਗੁਰੂ ਘਰਾਂ ਅਤੇ ਆਮ  ਲੋਕਾਂ ਵਿੱਚ ਵੰਡੇ ਤਾਂ ਜੋ ਉਨ੍ਹਾਂ ਨੂੰ ਗੁਰਬਾਣੀ ਦੇ ਅਸਲ ਮਨੋਰਥ ਤੋਂ ਜਾਣੂ ਕਰਵਾਇਆ ਜਾ ਸਕੇ।
ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਵੱਡੇ ਪੁੱਤਰ  ਨਵਜੋਤ ਸਿੰਘ ਸਿੱਧੂ ਨਾਲ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ ਉੱਥੇ ਹੀ ਉਨ੍ਹਾਂ ਨੇ ਆਪਣੇ ਅੰਤਿਮ ਸਵਾਸ ਲਏ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਭਾਈਚਾਰੇ ਤੇ ਸਾਹਿਤਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ  ਨਿਊਜ਼ੀਲੈਂਡ ਵਿਖੇ ਹੀ ਕੀਤਾ ਜਾਵੇਗਾ।
ਸ਼ਹੀਦ ਭਗਤ ਸਿੰਘ ਮਿਉਂਸਪਲ ਕਾਲਿਜ ਕੋਟਕਪੂਰਾ ਦੇ ਉਹ ਲੰਮਾ ਸਮਾਂ ਪ੍ਰਿੰਸੀਪਲ ਰਹੇ।  ਡਾ. ਆਤਮ ਹਮਰਾਹੀ ਜੀ ਦੀ ਪ੍ਰੇਰਨਾ ਨਾਲ ਹੀ ਉਨ੍ਹਾਂ ਬਾਬੂ ਰਜਬ ਅਲੀ ਜੀ ਬਾਰੇ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਇਸ ਸੰਸਥਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਡਾ. ਸਿੱਧੂ ਬਹੁਤ ਨਿਰਛਲ ਤੇ ਨਿਰਵਿਕਾਰ ਰੂਹ ਸਨ। ਡਾ. ਆਤਮ ਹਮਰਾਹੀ ਜੀ ਕਾਰਨ ਉਹ 1976-77 ਤੋਂ ਮੇਰੇ ਮਿਹਰਬਾਨ ਸਨ।  ਬਾਬੂ ਰਜਬ ਅਲੀ ਜੀ ਦੀ ਸਾਹੀਵਾਲ(ਪਾਕਿਸਤਾਨ ) ਵੱਸਦੀ ਪੋਤਰੀ ਰੇਹਾਨਾ ਰਜਬ ਅਲੀ ਮੈਨੂੰ ਪਿਛਲੇ ਸਾਲਾਂ ਜਦ ਵੀ ਮਿਲਦੀ ਰਹੀ ਹੈ ਤਾਂ ਉਹ ਰੁਲੀਆ ਸਿੰਘ ਸਿੱਧੂ ਜੀ ਨੂੰ ਬਾਬਲ ਵਾਂਗ ਸਤਿਕਾਰ ਦੇਣਾ ਨਾ ਭੁੱਲਦੀ।
ਉਨ੍ਹਾਂ ਦੀ ਫੋਨ ਕਾਲ ਹੁਣ ਕਦੇ ਨਹੀਂ ਆਵੇਗੀ, ਜਿਸ ਦਾ ਵਿਗੋਚਾ ਹੁਣ ਰਹਿੰਦੀ ਸਾਰੀ ਉਮਰ ਰਹੇਗਾ।
*********
ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ

ਗੁਰਭਜਨ ਗਿੱਲ

“ਧਰਤੀ ਅੰਬਰ ਹੁੰਗਾਰਾ ਭਰਦੇ ਸਨ ਸਵਰਨ ਸਿੰਘ ਭੰਗੂ ਦੀ ਆਵਾਜ਼ ਨੂੰ। ਉਸ ਨੇ ਇਹ ਸ਼ਕਤੀ ਆਪਣੇ ਸਬਰ ਸਿਦਕ ਸੰਤੋਖ ਤੇ ਸਮਰਪਣ ਨਾਲ ਕਮਾਈ ਸੀ।” ਅੱਜ ਹੀ ਡੈਲਸ ਵੱਸਦੀ ਸ਼ਾਇਰ ਜਸਬੀਰ ਕੌਰ ਮੈਂਨੂੰ ਕਹਿ ਰਹੀ ਸੀ। ਮੈਂ ਅੱਖਰ ਅੱਖਰ ਸਹਿਮਤ ਹਾਂ ਉਸ ਦੀ ਗੱਲ ਨਾਲ।
ਵਕਤ ਦਾ ਦਰਿਆ ਪਹਿਲਾਂ ਸਮਰਾਲੇ ਵਾਲੇ ਮਾਸਟਰ ਤਰਲੋਚਨ ਸਿੰਘ ਨੂੰ ਲੈ ਗਿਆ, ਫਿਰ ਮਾਛੀਵਾੜਿਉਂ ਸੁਖਜੀਤ ਨੂੰ ਤੇ ਹੁਣ ਸਵਰਨ ਨੂੰ।  ਇਹ ਨਵਾਂ ਹੀ ਢਾਹਾ ਬਣ ਗਿਆ। ਸਾਡੇ ਤਿੰਨ ਹੀਰੇ ਦਰਿਆ ਬੁਰਦ ਹੋ ਗਏ।
ਸੁਪਨਿਆਂ ਵਿੱਚ ਨਵੇਂ ਨਵੇਲੇ ਰੰਗ ਭਰਦਾ ਭਰਦਾ ਸਵਰਨ ਸਿੰਘ ਭੰਗੂ ਸਦੀਵੀ ਅਲਵਿਦਾ ਤਾਂ ਕਹਿ ਗਿਆ ਪਰ ਜਾਣ ਲੱਗਾ ਬਹੁਤ ਸਟਲ ਸੁਨੇਹੇ ਦੇ ਗਿਆ।
ਕਹਿ ਗਿਆ ਕਿ ਹਰ ਪਲ ਨੂੰ ਸਾਰਥਕ ਕਾਰਜਾਂ ਲਈ ਵਰਤੋ। ਬਾਵਾ ਬਲਵੰਤ ਦੀ ਕਵਿਤਾ ਵਾਲਾ ਸੁਨੇਹਾ ਕਿ ਜੇ ਮੌਤ ਨੇ ਤੁਹਾਨੂੰ ਇੱਕ ਪਲ ਵੀ ਤਿਆਰੀ ਲਈ ਨਹੀੰੰ ਦੇਣਾ ਤਾਂ ਚੰਗੀ ਭਲੀ ਜ਼ਿੰਦਗੀ ਨੂੰ ਮੌਤ ਕਿਉਂ ਰੀਤਾ ਜਾਵੇ।
ਸੁਪਨਾ ਲਵੋ ਤਾਂ ਸਮੂਹ ਲਈ, ਵਿਅਕਤੀਗਤ ਸੁਪਨੇ ਤੁਹਾਨੂੰ  ਸਮੂਹ ਤੋਂ ਨਿਖੇੜਦੇ ਨੇ।
ਕਹਿ ਗਿਆ ਕਿ ਚੌਂਕ ਵਿੱਚ ਚੌਮੁਖੀਏ ਚਿਰਾਗ ਵਾਂਗ ਜਗੋ, ਆਪੋ ਆਪਣੇ ਘਰ ਨੂੰ ਤਾਂ ਹਰ ਕੋਈ ਰੁਸ਼ਨਾਉਂਦਾ ਹੈ।
ਮੂੰਹ ਹਨ੍ਹੇਰੇ ਕਿੰਨੀ ਅਣ ਲਿਖੀ ਇਬਾਰਤ  ਸਾਡੇ ਸਨਮੁਖ ਧਰ ਗਿਆ। ਤੁਸੀਂ ਸ਼ਭ ਗਟਰ ਵਿੱਚ ਹੋ? ਕਦੋਂ ਨਿਕਲੋਗੈ ਤੇ ਬਾਕੀਆਂ ਨੂੰ ਕੱਢੇਗੇ।
ਚਮਕੌਰ ਸਾਹਿਬ ਸਵਾਲ ਕਰਦਾ ਹੈ ਸਾਨੂੰ ਸਭ ਨੂੰ, ਕੌਣ ਭਰੇਗਾ ਉਸ ਦਾ ਖ਼ਲਾਅ ।
ਉਸ ਦੇ ਵਾਹੇ ਨਕਸ਼ਿਆਂ ਵਿੱਚ ਕੌਣ ਰੰਗ ਭਰੇਗਾ?
ਉਸ ਪੱਤਰਕਾਰੀ ਕੀਤੀ ਤਾਂ ਨਿਵੇਕਲੀ। ਲੋਕ ਸਮੱਸਿਆਵਾਂ ਨੂੰ ਹਕੂਮਤੀ ਦਰਬਾਰਾਂ ਸਨਮੁੱਖ  ਕਲਮ ਰਾਹੀਂ ਪੇਸ਼ ਕੀਤਾ।
ਸਵਰਨ  ਸਿੰਘ ਭੰਗੂ ਨਾਲ ਮੇਰੀ ਮੁਲਾਕਾਤ ਤਾਂ ਚੋਖੀ ਪੁਰਾਣੀ ਸੀ ਪਰ ਨਿਕਟਵਰਤੀ ਲੰਮੀ ਮੁਲਾਕਾਤ ਡੈਲਸ(ਅਮਰੀਕਾ) ਵੱਸਦੀ ਸ਼ਾਇਰਾ ਜਸਬੀਰ ਕੌਰ ਨੇ ਕਰਵਾਈ 2024 ਨਵੰਬਰ ਵਿੱਚ। ਜਸਬੀਰ ਨਾਲ ਸਵਰਨ ਤੇ ਉਸਦੀ ਜੀਵਨ ਸਾਥਣ ਗੁਰਪ੍ਰੀਤ ਕੌਰ ਭੰਗੂ ਵੀ ਸਾਡੇ ਘਰ ਆਏ। ਪ੍ਰੋ਼ ਰਵਿੰਦਰ ਭੱਠਲ ਤੇ ਡਾ. ਸੁਰਿੰਦਰ ਕੌਰ ਭੱਠਲ ਨਾਲ।
ਗੁਰਪ੍ਰੀਤ  ਭੰਗੂ ਪਹਿਲਾਂ  ਭਾ ਜੀ ਗੁਰਸ਼ਰਨ ਸਿੰਘ ਨਾਲ ਨਾਟਕਾਂ ਵਿੱਚ ਕੰਮ ਕਰਦੀ ਸੀ ਪਰ ਹੁਣ ਲੰਮੇ ਸਮੇਂ ਤੋਂ ਪੰਜਾਬੀ ਫ਼ਿਲਮਾਂ ਵਿੱਚ ਸਮਰੱਥ ਕਲਾਕਾਰ ਵਜੋਂ ਹਾਜ਼ਰ ਹੈ।
ਸਵਰਨ ਅਗਾਂਹਵਧੂ ਸੋਚ ਕਾਰਨ  ਤਰਕਸ਼ੀਲ ਲਹਿਰ, ਪੰਜਾਬ ਲੋਕ ਸੱਭਿਆਚਾਰ ਮੰਚ ਤੇ ਕਈ ਹੋਰ ਸੰਸਥਾਵਾਂ ਲਈ ਕੰਮ ਕਰਦਾ ਸੀ।
ਪੇਂਡੂ ਸਿੱਖਿਆ ਦੇ ਖੇਤਰ ਵਿੱਚ ਸਵਰਨ ਸਿੰਘ ਭੰਗੂ ਮਾਡਲ ਦੀ ਮਿਸਾਲ ਡਾਂ ਮਨਮੋਹਨ ਸਿੰਘ ਆਈ ਏ ਐੱਸ ਤੇ ਡਾ. ਕੁਲਦੀਪ ਸਿੰਘ ਵਰਗੇ ਵੱਡੇ ਸਿੱਖਿਆ ਸ਼ਾਸਤਰੀ ਦਿੰਦੇ  ਹਨ।
ਮੈਂ  ਆਪ ਉਸ ਦੇ ਬੱਸੀ ਗੁੱਜਰਾਂ ਵਿੱਚ ਚਲਾਏ ਜਾ ਰਹੇ ਸਾਲਾਨਾ ਸਮਾਗਮ ਵਿੱਚ 2024 ਦੇ ਇੱਕ ਸਿਆਲ ਆਪਣੇ ਮਿੱਤਰਾਂ ਦਿਲਬਾਗ ਸਿੰਘ ਭੱਟੀ ਤੇ ਗੁਰਨਾਮ ਸਿੰਘ ਧਾਲੀਵਾਲ ਸਮੇਤ ਸ਼ਾਮਲ ਹੋਇਆ ਸਾਂ। ਫਿਰ ਮਿਲਣ ਦੀ ਇਕਰਾਰ ਕਰਕੇ ਨਿੱਖੜਿਆ ਪਰ ਉਹ ਫਿਰ ਹੁਣ ਕਦੇ ਨਹੀਂ ਆਵੇਗੀ।
ਸਵਰਨ ਦੇ ਵਟਸਐਪ ਵਿੱਚ ਕੁਲਵੰਤ ਨੀਲੋਂ ਦਾ ਲਿਖਿਆ ਸ਼ਿਅਰ ਹੁਣ ਵੀ ਲਗਾਤਾਰ ਪੜ੍ਹ ਰਿਹਾ ਹਾਂ।
ਤੂੰ ਠੋਕਰਾਂ ‘ਚੋਂ ਠੋਸ ਇਰਾਦੇ ਨੂੰ ਜਨਮ ਦੇਹ,
ਸੌ ਵਾਰ ਤੈਨੂੰ ਆਖਿਐ ਹੌਕਾ ਨਹੀਂ ਭਰੀਦਾ।
ਸਵਰਨ ਸਿੰਘ ਭੰਗੂ ਤੇ ਉਸ ਦੀ ਜੀਵਨ ਸਾਥਣ ਗੁਰਪ੍ਰੀਤ ਭੰਗੂ ਪਰੂੰ ਪਰਾਰ ਲਾਹੌਰ ਗਏ ਤਾਂ ਲੋਕ ਮਨਾਂ ਤੇ ਪੈੜਾਂ ਪਾ ਕੇ ਆਏ। ਸਹਿਜਪ੍ਹੀਤ ਮਾਂਗਟ ਦੱਸ ਰਿਹਾ ਸੀ ਕਿ ਆਪਣੀ ਗਹਿਰ ਗੰਭੀਰਤਾ ਤੇ ਸਾਦਗੀ ਕਾਰਨ ਉਨ੍ਹਾਂ ਬੜਾ ਜੱਸ ਖੱਟਿਆ।
ਸਵਰਨ ਦੇ ਜਾਣ ਕੇ ਮੈਂ ਆਪਣੀ ਇਹ ਗ਼ਜ਼ਲ ਉਸ ਦੇ ਨਾਮ ਕਰਦਾ ਹਾਂ।
 ਖ਼ੁਸ਼ਬੂ ਦਾ ਫੁੱਲ ਤੂੰ ਵਿਛੜਨਾ, ਕੀ ਕਹਿਰ ਕਰ ਗਿਆ ।
 ਖਿੜਿਆ ਗੁਲਾਬ, ਆਪਣੇ ਰੰਗਾਂ ਤੋਂ ਡਰ ਗਿਆ ।

 ਸ਼ਬਦਾਂ ਨੂੰ ਇਮਤਿਹਾਨ ਵਿੱਚ ਪਾਇਆ ਹੈ ਵਕਤ ਨੇ,
 ਸਿਦਕਾਂ ਦੀ ਪਰਖ ਵਾਸਤੇ, ਤਵੀਆਂ ’ਤੇ ਕਰ ਗਿਆ ।

 ਹੰਝੂ ਦਾ ਅੱਖ 'ਚ ਠਹਿਰਨਾ, ਆਉਣਾ ਨਾ ਬਾਹਰ ਨੂੰ,
 ਧੜਕਣ ਨੂੰ ਏਹੀ ਹਾਦਸਾ, ਪੱਥਰ ਹੈ ਕਰ ਗਿਆ ।

 ਆਇਆ ਤੂਫ਼ਾਨ, ਆਣ ਕੇ, ਰੁਕਿਆ ਨਾ ਅਟਕਿਆ,
 ਬਸਤੀ ਉਜਾੜ ਤੁਰ ਗਿਆ, ਖੰਡਰ ਹੈ ਕਰ ਗਿਆ ।

 ਕਿੱਥੇ ਬਿਰਾਜਮਾਨ ਹੈਂ ਤੂੰ, ਦਿਲ ਦੇ ਮਹਿਰਮਾ,
 ਦੇ ਜਾ ਉਧਾਰਾ ਜ਼ਖਮ ਇੱਕ, ਪਹਿਲਾ ਤਾਂ ਭਰ ਗਿਆ ।

 ਗ਼ਰਜ਼ਾਂ ਦੇ ਡੂੰਘੇ ਸਾਗਰੀਂ, ਤੂੰ ਤੈਰਿਆ ਨਹੀਂ,
 ਜਿਹੜਾ ਵੀ ਲਾਸ਼ ਬਣ ਗਿਆ, ਉਹੀ ਏ ਤਰ ਗਿਆ ।

 ਤੇਰੀ ਰਜ਼ਾ ਕਮਾਲ ਹੈ, ਬੇ-ਰਹਿਮ ਐ ਨਿਜ਼ਾਮ,
 ਬਾਗਾਂ 'ਚੋਂ ਫੁੱਲ ਤੋੜ ਕੇ, ਸਿਵਿਆਂ ਤੇ ਧਰ ਗਿਆ ।