ਬੂਟਿਆਂ ‘ਚੋਂ ਬੂਟਾ ਬੂਟਾ ਸਿੰਘ ਚੌਹਾਨ

ਬੂਟਿਆਂ ‘ਚੋਂ ਬੂਟਾ ਬੂਟਾ ਸਿੰਘ ਚੌਹਾਨ

ਬਰਨਾਲੇ ਵੱਸਦਾ ਮੇਰਾ ਮਿੱਤਰ ਬੂਟਾ ਸਿੰਘ ਚੌਹਾਨ ਚੌਵੀ ਘੰਟੇ ਕਿਰਿਆਵੰਤ ਲੇਖਕ ਹੈ।  ਉਸ ਕੋਲ ਸ਼ਬਦਾਂ ਦੀ ਅਥਾਹ ਲੋਕ ਪੂੰਜੀ ਹੈ।  ਤਾਜੋ ਪਿੰਡ ਵਿੱਚ ਜੰਮਿਆ ਤੇ  ਕਿਰਤ ਭੂਮੀ ਸਿੰਜਦਿਆਂ ਪਲ਼ਿਆ ਕਦੱ ਤਪਾ ਮੰਡੀ ਦੀ ਰੌਣਕ ਸੀ। ਹੁਣ ਬਰਨਾਲੇ ਵਿੱਚ  ਹਸਤੀ ਬਣ ਕੇ ਵਿਚਰਦਾ ਹੈ। 
ਫੌਲਾਦੀ ਇਰਾਦੇ ਤੇ ਨਿਸ਼ਚੇ ਦਾ ਧਾਰਨੀ ਹੋਣ ਕਾਰਨ ਬੰਦਿਆਂ, ਕੁਰਸੀ ਤੇ ਦੌਲਤ ਦੀ ਗੁਲਾਮੀ ਨਹੀਂ ਕਰਦਾ, ਮੁਹੱਬਤ ਅੱਗੇ ਵਿਛ ਜਾਂਦਾ ਹੈ।  ਬਾਬੇ ਵਾਰਿਸ ਦੇ ਕਹਿਣ ਮੁਤਾਬਕ  ਪਿਆਰ ਨਾਲ ਉਸ ਦੇ ਚੰਮ ਦੀਆਂ ਜੁੱਤੀਆੰੰ ਵੀ ਸਿਵਾ ਸਕਦੇ ਹੋ। 
ਜਦ ਉਹ ਅਜੇ ਸ਼ਬਦ ਭੂਮੀ ਵਿੱਚ ਨਹੀਂ ਸੀ ਨਿੱਤਰਿਆ, ਚੋਟੀ ਦਾ ਦਰਜ਼ੀ ਸੀ ਤਪੇ। ਨਾਪ ਲੈਂਦਿਆਂ ਦੱਸ ਦੇਂਦਾ ਸੀ ਕਿ ਜੋੜੀ ਸੁਲ੍ਹਾ ਨਾਲ ਰਹਿੰਦੀ ਹੈ ਜਾਂ ਘੁੱਟੀ ਵੱਟੀ।  ਦੋ ਸੌ ਤੋਂ ਵੱਧ ਹੱਥਾਂ ਨੂੰ  ਕੱਪੜੇ ਜੋੜਨੇ ਸਿਖਾਏ ਤੇ ਅਨੇਕਾਂ ਨੂੰ ਰਿਸ਼ਤਿਆਂ ਵਿੱਚ ਬੰਨ੍ਹਣਾ। 
ਪੱਤਰਕਾਰੀ ਵਿੱਚ ਉਸ ਦੀਆਂ ਪੈੜਾਂ  ਨਿਵੇਕਲੀਆਂ ਰਹੀਆਂ।  ਰੋਜ਼ਾਨਾ ਅਜੀਤ ਤੇ ਪੰਜਾਬੀ ਜਾਗਰਣ ਲਈ ਕੰਮ ਕਰਦਿਆਂ ਉਸ ਨੇ ਕਈ ਬੰਦਿਆਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ ਤੇ ਕਈਆਂ ਦੀ ਹੰਕਾਰੀ ਸੂਰਤ ਨੂੰ ਉਤਾਰਿਆ ਵੀ। 
ਪੰਜ ਕੁ ਸਾਲ ਪਹਿਲਾਂ ਇੱਕ ਵਾਰ ਤਾਂ ਬੂਟਾ ਮੌਤ ਨੂੰ ਝਕਾਨੀ ਦੇ ਗਿਆ। ਇਹ ਕਹਿ ਕੇ ਧਰਮ ਰਾਜ ਨੂੰ ਮੁੜ ਆਇਆ ਕਿ ਅਜੇ ਮੇਰੇ ਕਿੰਨੇ ਕੰਮ ਰਹਿੰਦੇ ਨੇ, ਉਹ ਤੇਰਾ ਪਿਉ ਕਰੂ? 
ਮਰਾਠੀ ਦੇ ਕਿੰਨੇ ਨਾਵਲ ਉਸ ਅਨੁਵਾਦ ਕਰ ਦਿੱਤੇ  ਨੇ ਪਿਛਲੇ ਸਾਲਾਂ ਵਿੱਚ। 
ਭਾਰਤੀ ਸਾਹਿੱਤ ਅਕਾਡਮੀ ਵੱਲੋਂ ਪਿੰਡ ਪਿੰਡ ਜਾ ਕੇ ਸਮਾਗਮ ਰਚਾ ਰਿਹੈ। 
ਕਹਾਣੀਕਾਰ ਜਰਨੈਲ ਪੁਰੀ, ਅਜੀਤ ਸਿੰਘ  ਪੱਤੋ, ਭੂਰਾ ਸਿੰਘ ਕਲੇਰ, ਜੀਤ ਸਿੰਘ ਪੱਖੋਂ ਤੇ ਹੋਰ ਕਿੰਨਿਆਂ ਦੀਆਂ  ਲਿਖਤਾਂ ਸੰਪਾਦਿਤ ਕਰਕੇ ਉਨ੍ਹਾਂ ਦੇ ਪਿੰਡੀਂ ਸਮਾਗਮ ਕਰਵਾਏ। 
ਬੂਟਾ ਸਿੰਘ ਸ਼ਾਦ, ਮਿਹਰ ਮਿੱਤਲ ਤੇ ਹੋਰ ਕਿੰਨਿਆਂ ਬਾਰੇ ਲੇਖ ਇਕੰਠੇ ਕਰਕੇ ਕਿਤਾਬਾਂ ਸੰਪਾਦਿਤ ਕੀਤੀਆਂ। 
ਬੂਟਾ ਸਿੰਘ ਰਿਸ਼ਤਿਆਂ ਦਾ ਕਦਰਦਾਨ ਹੈ। ਉਸ ਦੀ ਗੁਫ਼ਾ ਵਿੱਚ ਵੜਨਾ ਤੇ ਟਿਕਣਾ ਏਨਾ ਆਸਾਨ ਨਹੀਂ। ਆਪਣੀਆਂ ਸ਼ਰਤਾਂ ਤੱ ਜੀਣ ਵਾਲੇ ਇਸ  ਮਿੱਤਰ ਨੂੰ ਸਲਾਮ!
ਮੈਂ ਇਹ ਕਿਉਂ ਦੱਸਾਂ ਕਿ ਉਸ ਕਿੰਨੀਆਂ ਕਿਤਾਬਾਂ ਲਿਖੀਆਂ ਨੇ? ਇਹ ਕੰਮ ਪ੍ਰਿੰਸੀਪਲ ਤਖ਼ਤ ਸਿੰਘ ਜੀ ਦਾ ਇਹ ਸ਼ਿਅਰ ਕਰੇਗਾ। 
ਜਾਚਣੈਂ ਮੇਰੀ ਬੁਲੰਦੀ ਨੂੰ ਤਾਂ ਤੱਕੋ, 
ਮੇਰਾ ਪਰਛਾਵਾਂ ਪਵੇ ਕਿੱਥੇ ਕੁ ਜਾ ਕੇ। 
ਪੇਸ਼ ਹਨ ਚੰਦਨ ਗੇਲੀ ਵਾਂਗ ਮਹਿਕਦੇ ਬੂਟੇ ਦੀਆਂ 6 ਗ਼ਜ਼ਲਾਂ

1.
 ਉਚਾਈ ਤੋਂ ਦਿਸਣ ਲਈ

ਉਚਾਈ ਤੋਂ ਦਿਸਣ ਲਈ ਪੈਰ ਵੀ ਨਾ ਪੁੱਟਿਆ ਹੁੰਦਾ। 
ਤੇਰੀ ਅੱਖ ਦਾ ਜੇ ਬਣਕੇ ਖ਼ਾਬ ਨਾ ਮੈਂ ਟੁੱਟਿਆ ਹੁੰਦਾ। 

ਨਹੀਂ ਰਹਿੰਦੀ ਕਿਸੇ ਦੀ ਰਾਖਵੀਂ ਥਾਂ ਸ਼ਾਖ ਦੇ ਉੱਤੇ ,
ਕਰੂੰਬਲ ਫੁੱਟ ਆਉਂਦੀ ਜਿੱਥੋਂ ਪੱਤਾ ਟੁੱਟਿਆ ਹੁੰਦਾ ?

ਬੜਾ ਭਰਿਆ ਉਹੋ ਜਦ ਛਲਕਿਆ ਨਾ ਫਿਰ ਪਤਾ ਲੱਗਿਆ ,
ਸਬੂਤਾ ਦਿਸ ਰਿਹਾ ਬਰਤਨ ਵੀ ਵਿੱਚੋਂ ਫੁੱਟਿਆ ਹੁੰਦਾ।

ਜਿਗਰ ’ਤੇ ਰੱਖ ਕੇ ਪੱਥਰ ਉਹ ਮੇਲਾ ਵੇਖਣਾ ਪੈਂਦੈ ,
ਕਦੇ ਜੋ ਆਪ ਮੇਲਾ ਆਦਮੀ ਨੇ ਲੁੱਟਿਆ ਹੁੰਦਾ।

ਨਹੀਂ ਮੁਹਤਾਜ ਹੁੰਦਾ ਖੂਹ ਦੇ ਵਾਂਗੂ ਲਾਉਣ ਵਾਲ਼ੇ ਦਾ ,
ਰੜੇ ਮੈਦਾਨ ਵਿਚ ਚਸ਼ਮਾ ਜੋ ਆਪੇ ਫੁੱਟਿਆ ਹੁੰਦਾ। 

2.
 ਖ਼ੂਬਸੂਰਤ ਮੋੜ ਆਇਆ ਜ਼ਿੰਦਗੀ ਵਿਚ ਹੋਰ ਇੱਕ

ਖ਼ੂਬਸੂਰਤ ਮੋੜ ਆਇਆ ਜ਼ਿੰਦਗੀ ਵਿਚ ਹੋਰ ਇਕ। 
ਚੀਰ ਕੇ ਨ੍ਹੇਰਾ ਮੇਰੇ ਵੱਲ ਆ ਰਹੀ ਲਿਸ਼ਕੋਰ ਇਕ। 

ਮੇਰੀ ਥਾਂਵੇਂ ਹੋਰ ਕੋਈ ਛਣਕਦਾ ਹੈ ਜਾਂ ਨਹੀਂ ,
ਪੁੱਛਦਾ ਝਾਂਜਰ ਤੇਰੀ ਦਾ ਟੁੱਟਿਆ ਮੈਂ ਬੋਰ ਇਕ।

ਨਾਲ਼ ਦੀ ਪੈਲ਼ੀ ਦੀ ਕੀ ਹਿੰਮਤ ਸੀ ਪਾਣੀ ਜੀਰਦੀ ,
ਖੇਤ ਦੀ ਵੱਟ ਜੇ ਨਾ ਹੁੰਦੀ ਅੰਦਰੋਂ ਕਮਜ਼ੋਰ ਇਕ।

ਵਾਧੇ ਘਾਟੇ ਜ਼ਿੰਦਗੀ ਦਾ ਅੰਗ ਨੇ ਤੇ ਰਹਿਣਗੇ ,
ਕਰ ਜਤਨ ਤੇਰੀ ਰਹੇ ਹਰ ਦੌਰ ਦੇ ਵਿਚ ਤੋਰ ਇਕ।

ਕਾਹਦੀਆਂ ਗ਼ਜ਼ਲਾਂ ਇਹ ਕਾਹਦੇ ਰਾਗ ਇਹ ਕਾਹਦੇ ਨੇ ਤਾਲ ,
ਮੇਰੀ ਰੂਹ 'ਚੋਂ ਬਿਲਕਦਾ ਹੈ ਖੰਭ ਹੀਣਾ ਮੋਰ ਇਕ। 

3.
 ਅਪਣੇ ਭਾਰ ਦੇ ਨਾਲ਼ ਜਰਾਕੇ ਖਾ ਗਏ ਵੱਡੇ ਡਾਣ੍ਹੇ

ਅਪਣੇ ਭਾਰ ਦੇ ਨਾਲ਼ ਜਰਾਕੇ ਖਾ ਗਏ ਵੱਡੇ ਡਾਣ੍ਹੇ। 
ਖੇਤਾਂ ਦੇ ਵਿਚ ਵੱਟਾਂ ਪਈਆਂ ਖਿੰਡ ਗਏ ਵੱਡੇ ਲਾਣੇ। 

ਅੱਜ ਕਿਸੇ ਦੀ ਕੱਲ੍ਹ ਕਿਸੇ ਦੀ ਝੋਲ਼ੀ ਪੈ ਜਾਂਦੇ ਨੇ ,
ਦਾਣੇ ਪੈਦਾ ਕਰਦੇ ਕਰਦੇ ਲੋਕੀ ਹੋ ਗਏ ਦਾਣੇ।

ਪਹਿਲਾਂ ਪੈਲ਼ੀ ਦੇ ਰੌਲ਼ੇ ਵੀ ਸੱਥ ਨਹੀਂ ਸੀ ਟੱਪਦੇ ,
ਨਿੱਕੇ-ਨਿੱਕੇ ਬੋਲ ਬੁਲਾਰੇ ਹੁਣ ਜਾ ਵੜਦੇ ਥਾਣੇ।

ਜਦੋਂ ਪਤਾ ਹੈ ਸਭ ਨੂੰ ਏਹੇ ਕਿਹੜਾ ਕੀਹਨੂੰ ਨਿਗਲ਼ੇ ,
ਫਿਰ ਵੀ ਲੋਕੀ ਆਖੀ ਜਾਂਦੇ ਉਹਦੀਆਂ ਓਹੀ ਜਾਣੇ।

ਮਿੱਤਰਾਂ ਦਾ ਪਿੰਡ ਲੱਗਣੋ ਹਟਿਆ ਸਿਵਿਆਂ ਕੋਲ਼ੇ ਜਾ ਕੇ। 
ਖਿੱਲਾਂ ਦੀ ਮੁੱਠੀ ’ਚੋਂ ਨਿਕਲੇ ਚਾਰ ਕੁ ਮਸਾਂ ਮਖਾਣੇ। 

4
 ਮੌਸਮ ਤੇਰੇ ਹੱਕ 'ਚ ਭੁਗਤੇ ਦੁਆ ਮੇਰੀ

 
ਮੌਸਮ ਤੇਰੇ ਹੱਕ 'ਚ ਭੁਗਤੇ ਦੁਆ ਮੇਰੀ। 
ਪੌਣ ਵੀ ਤੈਥੋਂ ਪੁੱਛ ਕੇ ਰੁਮਕੇ ਦੁਆ ਮੇਰੀ। 

ਸੂਰਜ ਦਾ ਮੂੰਹ ਤੇਰੇ ਘਰ ਵੱਲ ਹੋ ਜਾਵੇ ,
ਚਾਨਣ ਜਾਵੇ ਛਣਕੇ ਪੁਣਕੇ ਦੁਆ ਮੇਰੀ।

ਓਨ੍ਹਾਂ ਵਿੱਚੋਂ ਕੋਈ ਸੁਪਨਾ ਟੁੱਟੇ ਨਾ ,
ਅੱਖਾਂ ਦੇਣ ਜੋ ਤੈਨੂੰ ਬੁਣਕੇ ਦੁਆ ਮੇਰੀ।

ਪੱਥਰ ਪਿਘਲਣ ਪੌਣ ਰੁਮਕਣਾ ਭੁੱਲ ਜਾਵੇ ,
ਜਿੱਥੇ ਬੋਲੇ ਤੈਨੂੰ ਸੁਣਕੇ ਦੁਆ ਮੇਰੀ।

ਜਿਹੜਾ ਬੂਟਾ ਲਾਵੇਂ ਓਹੀ ਬਿਰਖ ਬਣੇ ,
ਕੋਈ ਵੀ ਪੱਤਾ ਨਾ ਝੁਲਸੇ ਦੁਆ ਮੇਰੀ।

5.
 ਸੁਕਾਏ ਗੁਲਸਤਾਂ ਪਤਝੜ

 
ਸੁਕਾਏ ਗੁਲਸਤਾਂ ਪਤਝੜ ਤੁਸੀਂ ਆਬਾਦ ਕਰ ਲੈਣਾ। 
ਜਿਨ੍ਹਾਂ ਨੂੰ ਚਾਹਿਆ ਹੋਵੇ ਉਨ੍ਹਾਂ ਨੂੰ ਯਾਦ ਕਰ ਲੈਣਾ। 

ਰੁਕੇ ਜੀਵਨ ਨੂੰ ਕਿੱਦਾਂ ਤੋਰਨਾ ਜੇ ਸਮਝ ਨਾ ਆਵੇ ,
ਕਿਸੇ ਫੁਟਦੀ ਕਰੂੰਬਲ ਨਾਲ਼ ਤੂੰ ਸੰਵਾਦ ਕਰ ਲੈਣਾ। 

ਘਟੀ ਥਾਂ ਦਾ ਹੀ ਸੂਚਕ ਹੈ ਤੇਰੇ ਜੋ ਦਿਲ ’ਚ ਮੇਰੀ ਸੀ ,
ਖ਼ਤਾ ਨਿੱਕੀ ਜੀ ਹੋਈ ਤੋਂ ਖੜ੍ਹਾ ਜੇਹਾਦ ਕਰ ਲੈਣਾ।

ਚੁਕਾਉਣਾ ਕਰਜ਼ ਜੇ ਹੋਇਆ 
ਮੇਰੇ ਅਹਿਸਾਨ ਕੀਤੇ ਦਾ ,
ਮੇਰੇ ਤੋਂ ਜੋ ਨਾ ਹੋ ਸਕਿਆ ਮੇਰੇ ਤੋਂ ਬਾਅਦ ਕਰ ਲੈਣਾ।

ਉਸਾਰੋਗੇ ਤੁਸੀਂ ਜੋ ਵੀ ਉੱਸਰ ਜਾਵੇਗਾ ਉਸ ਉੱਤੇ ,
ਮੈਂ ਅਪਣੀ ਹੋਂਦ ਨੂੰ ਨਿਰਮਾਣ ਦੀ ਬੁਨਿਆਦ ਕਰ ਲੈਣਾ।

6
 ਲੰਘ ਗਏ ਪਾਣੀ ਨੇ ਆ ਕੇ

 
ਲੰਘ ਗਏ ਪਾਣੀ ਨੇ ਆ ਕੇ ਕਦੇ ਨਾ ਸੁੱਕਾ ਖੇਤ ਰਮਾਉਣਾ।
ਅੱਜ ਦਾ ਦਿਨ ਬੱਸ ਅੱਜ ਲਈ ਹੈ ਅੱਜ ਦੇ ਦਿਨ ਨੇ ਕੱਲ੍ਹ ਨੀ ਆਉਣਾ।

ਪਹਿਲਾਂ ਤੋਂ ਚੋਗਾ ਕੱਢਾਂ ਪਿੱਛੋਂ ਅੱਧ-ਪਚੱਧ ਖਿਲਾਰਾਂ ,
ਅਧਮੋਈਆਂ ਚਿੜੀਆਂ ਤੋਂ ਦਾਨੀ ਏਸ ਤਰ੍ਹਾਂ ਨੀ ਮੈਂ ਅਖਵਾਉਣਾ।

ਕੀਤੇ ਹੋਏ ਰੰਗਾਂ ਵਿੱਚੋਂ ਨਕਸ਼ ਓਸਦੇ ਦਿਸਦੇ ਰਹਿੰਦੇ ,
ਕਦੇ ਬਿਗਾਨੀ ਨੀਂਹ ਦੇ ਉੱਤੇ ਚਾਹੀਦਾ ਨੀ ਮਹਿਲ ਬਣਾਉਣਾ।

ਗੱਲ ਖੜ੍ਹੀ ਹੈ ਓਸੇ ਥਾਂ 'ਤੇ ਗੱਲ ਤੁਰੇਗੀ ਅੱਗੇ ਕਿੱਦਾਂ ,
ਜਾਂਦਾ ਆਉਂਦੇ ਨੂੰ ਦੱਸ ਦਿੰਦਾ ਅਪਣੀ ਪੈੜ ’ਚ ਪੈਰ ਟਿਕਾਉਣਾ। 

ਕੀ ਹੋਇਆ ਮੈਂ ਕੰਧ ’ਚ ਉੱਗਿਆ ਦਿੱਸਾਂਗਾ ਮੈਂ ਉਸ ਵਿੱਚੋਂ ਵੀ ,
ਮੇਰੀ ਯਾਦ ’ਚ ਅਪਣੇ ਘਰ ਵਿੱਚ ਚੰਦਨ ਦਾ ਇਕ ‘ਬੂਟਾ’ ਲਾਉਣਾ।

- ਗੁਰਭਜਨ ਗਿੱਲ