ਖਰਾਬ ਮੌਸਮ ਕਾਰਨ ਨਿਊਯਾਰਕ ਦੀ ਇਤਿਹਾਸਕ ਥੈਂਕਸਗਿਵਿੰਗ ਪਰੇਡ ਦੀ ਤਰੀਕ ਬਦਲੀ, ਹੁਣ 28 ਨਵੰਬਰ ਨੂੰ ਹੋਵੇਗੀ ਪਰੇਡ

ਖਰਾਬ ਮੌਸਮ ਕਾਰਨ ਨਿਊਯਾਰਕ ਦੀ ਇਤਿਹਾਸਕ ਥੈਂਕਸਗਿਵਿੰਗ ਪਰੇਡ ਦੀ ਤਰੀਕ ਬਦਲੀ, ਹੁਣ 28 ਨਵੰਬਰ ਨੂੰ ਹੋਵੇਗੀ ਪਰੇਡ

100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੌਸਮ ਕਾਰਨ ਪਰੇਡ ਮੁਲਤਵੀ
ਨਿਊਯਾਰਕ, 25 ਨਵੰਬਰ (ਅਰਜਨ ਰਿਆੜ, ਧੀਰਜ ਛੋਕਰਾਂ)-   ਅਮਰੀਕਾ ਦੇ ਪ੍ਰਸਿੱਧ ਥੈਂਕਸਗਿਵਿੰਗ ਤਿਉਹਾਰ ਮੌਕੇ ਨਿਊਯਾਰਕ ਦੇ ਮੈਨਹੈਟਨ ਵਿੱਚ ਹੋਣ ਵਾਲੀ ਇਤਿਹਾਸਕ ਮੈਸੀਜ ਥੈਂਕਸਗਿਵਿੰਗ ਡੇਅ ਪਰੇਡ ਦੀ ਤਰੀਕ ਖਰਾਬ ਮੌਸਮ ਦੇ ਮੱਦੇਨਜ਼ਰ ਬਦਲ ਦਿੱਤੀ ਗਈ ਹੈ। ਵੀਰਵਾਰ, 26 ਨਵੰਬਰ ਨੂੰ ਹੋਣ ਵਾਲੀ ਇਹ ਪਰੇਡ ਹੁਣ ਸ਼ਨੀਵਾਰ, 28 ਨਵੰਬਰ 2026 ਨੂੰ ਸਵੇਰੇ 8:30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ। ਨਿਊਯਾਰਕ ਦੇ ਮੇਅਰ ਜੋਹਰਾਨ ਮਾਮਦਾਨੀ ਅਤੇ ਸਿਟੀ ਦੇ ਐਮਰਜੈਂਸੀ ਮੈਨੇਜਮੈਂਟ ਵਿਭਾਗ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਵੀਰਵਾਰ ਨੂੰ ਭਾਰੀ ਮੀਂਹ, 65 ਮੀਲ ਪ੍ਰਤੀ ਘੰਟੇ ਤੱਕ ਦੀ ਰਫ਼ਤਾਰ ਵਾਲੇ ਹਵਾ ਦੇ ਝੱਖੜਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਹੈ। ਲੱਖਾਂ ਦਰਸ਼ਕਾਂ, ਕਲਾਕਾਰਾਂ ਅਤੇ ਪਰੇਡ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੈਸੀਜ, ਨਿਊਯਾਰਕ ਪੁਲਿਸ ਵਿਭਾਗ ਅਤੇ ਸਿਟੀ ਪ੍ਰਸਾਸ਼ਨ ਵੱਲੋਂ ਸਾਂਝੇ ਤੌਰ ’ਤੇ ਇਹ ਫ਼ੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 1924 ਵਿੱਚ ਸ਼ੁਰੂ ਹੋਈ ਇਸ ਵਿਸ਼ਵ ਪ੍ਰਸਿੱਧ ਪਰੇਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਰਾਬ ਮੌਸਮ ਕਾਰਨ ਇਸ ਦੀ ਤਰੀਕ ਬਦਲੀ ਗਈ ਹੈ। ਇਸ ਤੋਂ ਪਹਿਲਾਂ ਦੂਜੇ ਵਿਸ਼ਵ ਯੁੱਧ ਕਾਰਨ 1942 ਤੋਂ 1944 ਤੱਕ ਇਸ ਪਰੇਡ ਦਾ ਆਯੋਜਨ ਨਹੀਂ ਹੋ ਸਕਿਆ ਸੀ। ਇਸ ਸਾਲ ਮੈਸੀਜ਼ ਪਰੇਡ ਦਾ 100ਵਾਂ ਆਯੋਜਨ ਹੋਣ ਕਾਰਨ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਹੈ। ਹਰ ਸਾਲ ਲਗਭਗ 35 ਲੱਖ ਲੋਕ ਨਿਊਯਾਰਕ ਵਿੱਚ ਇਸ ਪਰੇਡ ਦਾ ਆਨੰਦ ਮਾਣਦੇ ਹਨ, ਜਦਕਿ ਪੰਜ ਕਰੋੜ ਦੇ ਕਰੀਬ ਦਰਸ਼ਕ ਘਰਾਂ ਵਿੱਚ ਬੈਠ ਕੇ ਇਸ ਨੂੰ ਦੇਖਦੇ ਹਨ। ਵਿਸਾਲ ਗੁਬਾਰੇ, ਰੰਗ-ਬਿਰੰਗੀਆਂ ਝਾਕੀਆਂ, ਸੰਗੀਤਕ ਪੇਸ਼ਕਾਰੀਆਂ ਅਤੇ ਸੈਂਟਾ ਕਲਾਜ ਦੀ ਆਮਦ ਇਸ ਪਰੇਡ ਦੀ ਵਿਸ਼ੇਸ਼ ਖਿੱਚ ਹੁੰਦੇ ਹਨ। ਪਰੇਡ ਦਾ ਸਿੱਧਾ ਪ੍ਰਸਾਰਣ ਹੁਣ ਸ਼ਨੀਵਾਰ ਨੂੰ ਐੱਨ.ਬੀ.ਸੀ. ’ਤੇ ਕੀਤਾ ਜਾਵੇਗਾ, ਜਦਕਿ ਵੀਰਵਾਰ ਨੂੰ ਪਿਛਲੇ ਸਾਲ ਦੀ ਪਰੇਡ ਦਾ ਮੁੜ ਪ੍ਰਸਾਰਣ ਕੀਤਾ ਜਾਵੇਗਾ।