’84 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਜੇਲ੍ਹ ’ਚ ਸਜ਼ਾ ਭੁਗਤਦਿਆਂ ਹੋਈ ਮੌਤ, ਸਿਆਸੀ ਪ੍ਰਭਾਵ ਤੋਂ ਉਮਰ ਕੈਦ ਤੱਕ ਚਾਰ ਦਹਾਕਿਆਂ ਦੀ ਕਾਨੂੰਨੀ ਲੜਾਈ ਦਾ ਅੰਤ

’84 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਜੇਲ੍ਹ ’ਚ ਸਜ਼ਾ ਭੁਗਤਦਿਆਂ ਹੋਈ ਮੌਤ, ਸਿਆਸੀ ਪ੍ਰਭਾਵ ਤੋਂ ਉਮਰ ਕੈਦ ਤੱਕ ਚਾਰ ਦਹਾਕਿਆਂ ਦੀ ਕਾਨੂੰਨੀ ਲੜਾਈ ਦਾ ਅੰਤ

ਨਿਊਯਾਰਕ, 20 ਅਗਸਤ (ਅਰਜਨ ਰਿਆੜ, ਧੀਰਜ ਛੋਕਰਾਂ)- ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੱਜਣ ਕੁਮਾਰ ਦੀ ਦਿੱਲੀ ਦੀ ਸਫ਼ਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ। ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਤੋਂ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਹਸਪਤਾਲ ਵੱਲੋਂ ਮੌਤ ਦਾ ਅਧਿਕਾਰਤ ਕਾਰਨ ਅਜੇ ਸਪੱਸ਼ਟ ਨਹੀਂ ਕੀਤਾ ਗਿਆ। ਉਸ ਦੀ ਉਮਰ 80 ਸਾਲ ਸੀ, ਦਿੱਲੀ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਰਹੇ ਸੱਜਣ ਕੁਮਾਰ ਨੇ ਬਾਹਰੀ ਦਿੱਲੀ ਹਲਕੇ ਤੋਂ ਤਿੰਨ ਵਾਰ ਲੋਕ ਸਭਾ ਦੀ ਨੁਮਾਇੰਦਗੀ ਕੀਤੀ। ਪਰ ਉਸ ਦਾ ਸਿਆਸੀ ਜੀਵਨ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਗੰਭੀਰ ਦੋਸ਼ਾਂ ਹੇਠ ਦੱਬਿਆ ਰਿਹਾ। ਪੀੜਤ ਪਰਿਵਾਰਾਂ ਅਤੇ ਚਸ਼ਮਦੀਦ ਗਵਾਹਾਂ ਨੇ ਦਹਾਕਿਆਂ ਤੱਕ ਇਨਸਾਫ਼ ਲਈ ਲੜਾਈ ਲੜੀ।
ਦਸੰਬਰ 2018 ਵਿੱਚ ਦਿੱਲੀ ਹਾਈ ਕੋਰਟ ਨੇ ਰਾਜ ਨਗਰ ਇਲਾਕੇ ਵਿੱਚ ਇੱਕ ਸਿੱਖ ਪਰਿਵਾਰ ਦੇ ਪੰਜ ਮੈਂਬਰਾਂ ਦੀ ਹੱਤਿਆ ਅਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਨਾਲ ਸੰਬੰਧਿਤ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫ਼ੈਸਲੇ ਤੋਂ ਬਾਅਦ ਉਸ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫਰਵਰੀ 2025 ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਸੱਜਣ ਕੁਮਾਰ ਨੂੰ ਇੱਕ ਹੋਰ ਮਾਮਲੇ ਵਿੱਚ ਵੀ ਉਮਰ ਕੈਦ ਸੁਣਾਈ। ਇਹ ਮਾਮਲਾ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਨਾਲ ਸੰਬੰਧਿਤ ਸੀ। ਸੱਜਣ ਕੁਮਾਰ ਦੀ ਮੌਤ ਇੱਕ ਵਿਅਕਤੀ ਦੇ ਜੀਵਨ ਦਾ ਅੰਤ ਹੈ, ਪਰ 1984 ਦੇ ਪੀੜਤ ਪਰਿਵਾਰਾਂ ਦੇ ਦੁੱਖ ਅਤੇ ਇਨਸਾਫ਼ ਲਈ ਕੀਤੇ ਲੰਮੇ ਸੰਘਰਸ਼ ਦਾ ਨਹੀਂ। ਇਹ ਮਾਮਲਾ ਭਾਰਤੀ ਨਿਆਂ ਪ੍ਰਣਾਲੀ ਦੇ ਇਤਿਹਾਸ ਵਿੱਚ ਇਸ ਗੱਲ ਦੀ ਗਵਾਹੀ ਵਜੋਂ ਦਰਜ ਰਹੇਗਾ ਕਿ ਸਿਆਸੀ ਤਾਕਤ ਇਨਸਾਫ਼ ਨੂੰ ਦੇਰੀ ਨਾਲ ਪਹੁੰਚਾ ਸਕਦੀ ਹੈ, ਪਰ ਪੀੜਤਾਂ ਦੀ ਦਿ੍ਰੜ੍ਹ ਆਵਾਜ਼ ਨੂੰ ਸਦਾ ਲਈ ਦਬਾ ਨਹੀਂ ਸਕਦੀ।