ਕਿਰਾਏਦਾਰ ਨੂੰ ਜਾਇਦਾਦ ’ਤੇ ਕਬਜੇ ਦਾ ਹੱਕ ਨਹੀਂ: ਹਾਈ ਕੋਰਟ 

ਕਿਰਾਏਦਾਰ ਨੂੰ ਜਾਇਦਾਦ ’ਤੇ ਕਬਜੇ ਦਾ ਹੱਕ ਨਹੀਂ: ਹਾਈ ਕੋਰਟ 

ਚੰਡੀਗੜ੍ਹ, 25 ਨਵੰਬਰ (ਪੰਜਾਬੀ ਰਾਈਟਰ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਇੱਕ ਵਾਰ ਬੇਦਖਲੀ ਦਾ ਕਾਨੂੰਨੀ ਆਧਾਰ ਸਾਬਤ ਹੋ ਗਿਆ ਤਾਂ ਮਕਾਨ ਮਾਲਕ ਨੂੰ ਜਾਇਦਾਦ ਦਾ ਕਬਜਾ ਲੈਣ ਤੋਂ ਰੋਕਣ ਲਈ ਕਿਰਾਏ ਸਬੰਧੀ ਕਾਨੂੰਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕੋਈ ਕਿਰਾਏਦਾਰ ਲੰਮੇ ਸਮੇਂ ਤੱਕ ਕਿਰਾਏ ’ਤੇ ਰਹਿਣ ਦੇ ਆਧਾਰ ’ਤੇ ਉੱਥੇ ਕਾਬਜ ਰਹਿਣ ਦਾ ਦਾਅਵਾ ਨਹੀਂ ਕਰ ਸਕਦਾ। ਜਸਟਿਸ ਦੀਪਕ ਗੁਪਤਾ ਨੇ ਟਿੱਪਣੀ ਕੀਤੀ, ‘‘ਕਿਰਾਇਆ ਨਿਯੰਤਰਣ ਕਾਨੂੰਨ ਤਹਿਤ ਕਿਰਾਏਦਾਰ ਨੂੰ ਦਿੱਤੀ ਸੁਰੱਖਿਆ ਦਾ ਮਕਸਦ ਉਸ ਨੂੰ ਆਪਹੁਦਰੇ ਢੰਗ ਨਾਲ (ਉੱਥੋਂ) ਕੱਢਣ ਤੋਂ ਬਚਾਉਣਾ ਹੈ, ਨਾ ਕਿ ਇਸ ਲਈ ਕਿ ਉਹ ਬੇਦਖਲੀ ਦਾ ਕਾਨੂੰਨੀ ਆਧਾਰ ਬਣ ਜਾਣ ਦੇ ਬਾਵਜੂਦ ਜਾਇਦਾਦ ’ਤੇ ਆਪਣਾ ਕਬਜ਼ਾ ਬਣਾਈ ਰੱਖੇ। ਇਕ ਵਾਰ ਜਦੋਂ ਕਾਨੂੰਨ ਅਨੁਸਾਰ ਬੇਦਖਲੀ ਦਾ ਅਜਿਹਾ ਆਧਾਰ ਕਾਇਮ ਹੋ ਜਾਂਦਾ ਹੈ, ਤਾਂ ਮਕਾਨ ਮਾਲਕ ਨੂੰ ਸਿਰਫ਼ ਇਸ ਆਧਾਰ ’ਤੇ ਜਾਇਦਾਦ ਦੇ ਕਬਜੇ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਕਿ ਕਿਰਾਏਦਾਰੀ ਕਿੰਨੀ ਲੰਮੀ ਰਹੀ ਹੈ।” ਇਹ ਫ਼ੈਸਲਾ ਅੰਮਿ੍ਰਤਸਰ ਦੇ ਰੈਂਟ ਕੰਟਰੋਲਰ ਅਤੇ ਅਪੀਲੀ ਅਥਾਰਿਟੀ ਵੱਲੋਂ ਜਾਰੀ ਕੀਤੇ ਬੇਦਖਲੀ ਹੁਕਮਾਂ ਵਿਰੁੱਧ ਕਿਰਾਏਦਾਰ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਸੁਣਾਇਆ ਗਿਆ। ਰੈਂਟ ਕੰਟਰੋਲਰ ਨੇ ਮਕਾਨ ਮਾਲਕਣ ਦੇ ਹੱਕ ਵਿੱਚ ਫ਼ੈਸਲਾ ਦਿੰਦਿਆਂ ਕਿਹਾ ਸੀ ਕਿ ਕਿਰਾਏ ਵਾਲੀ ਥਾਂ ਅਸੁਰੱਖਿਅਤ ਹੋ ਗਈ ਹੈ ਤੇ ਮਾਲਕਣ ਨੂੰ ਅਸਲ ਵਿੱਚ ਇਸ ਜਾਇਦਾਦ ਦੀ ਆਪਣੀ ਨਿੱਜੀ ਵਰਤੋਂ ਲਈ ਵੀ ਲੋੜ ਹੈ।