ਵਾਲ ਸਟਰੀਟ ’ਚ ਭਾਰੀ ਗਿਰਾਵਟ, ਅਮਰੀਕਾ ’ਚ ਮਹਿੰਗਾਈ ਨੇ ਵਧਾਈ ਚਿੰਤਾ; ਵਿਆਜ ਦਰਾਂ ਵਧਣ ਦੇ ਆਸਾਰ

ਵਾਲ ਸਟਰੀਟ ’ਚ ਭਾਰੀ ਗਿਰਾਵਟ, ਅਮਰੀਕਾ ’ਚ ਮਹਿੰਗਾਈ ਨੇ ਵਧਾਈ ਚਿੰਤਾ; ਵਿਆਜ ਦਰਾਂ ਵਧਣ ਦੇ ਆਸਾਰ

ਅਮਰੀਕੀ ਅਰਥਵਿਵਸਥਾ ਦੀ ਵਿਕਾਸ ਦਰ 4.3 ਫੀਸਦੀ ’ਤੇ ਪਹੁੰਚੀ, ਨੈਸਡੈਕ ਲਗਭਗ 4 ਫੀਸਦੀ ਡਿੱਗਿਆ, ਐਨਵੀਡੀਆ ਦੇ ਸ਼ੇਅਰਾਂ ਨੂੰ ਵੱਡਾ ਝਟਕਾ
ਨਿਊਯਾਰਕ, 25 ਨਵੰਬਰ 2026 (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕੀ ਅਰਥਵਿਵਸਥਾ ਦੀ ਮਜ਼ਬੂਤ ਵਿਕਾਸ ਦਰ ਦੇ ਬਾਵਜੂਦ ਬੁੱਧਵਾਰ ਨੂੰ ਵਾਲ ਸਟਰੀਟ ਦੇ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਵਧਦੀ ਮਹਿੰਗਾਈ, ਆਰਟੀਫ਼ੀਸੀਅਲ ਇੰਟੈਲੀਜੈਂਸ (ਏ.ਆਈ.) ਨਾਲ ਸਬੰਧਤ ਕੰਪਨੀਆਂ ਦੇ ਸ਼ੇਅਰਾਂ ਦੀ ਵਿਕਰੀ, ਨਵੀਆਂ ਆਯਾਤ ਡਿਊਟੀਆਂ ਅਤੇ ਫੈੱਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਏ ਜਾਣ ਦੀ ਸੰਭਾਵਨਾ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਅਮਰੀਕੀ ਅਰਥਵਿਵਸਥਾ ਨੇ ਫ਼ੜੀ ਰਫ਼ਤਾਰ
ਅਮਰੀਕੀ ਵਣਜ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਤੋਂ ਸਤੰਬਰ 2026 ਦੀ ਤਿਮਾਹੀ ਦੌਰਾਨ ਦੇਸ਼ ਦੀ ਕੁੱਲ ਘਰੇਲੂ ਉਤਪਾਦਨ ਦਰ ਨੂੰ ਸੋਧ ਕੇ 4.3 ਫੀਸਦੀ ਸਾਲਾਨਾ ਰਫ਼ਤਾਰ ’ਤੇ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਅਨੁਮਾਨ 3.4 ਫੀਸਦੀ ਸੀ। ਇਹ ਪਿਛਲੇ ਤਿੰਨ ਸਾਲਾਂ ਦੌਰਾਨ ਅਮਰੀਕੀ ਅਰਥਵਿਵਸਥਾ ਦੀ ਸਭ ਤੋਂ ਤੇਜ਼ ਵਿਕਾਸ ਦਰ ਹੈ। ਖ਼ਪਤਕਾਰਾਂ ਦੇ ਖਰਚੇ ਅਤੇ ਕਾਰੋਬਾਰੀ ਨਿਵੇਸ਼ ਵਿੱਚ ਵਾਧਾ ਇਸ ਦੇ ਪ੍ਰਮੁੱਖ ਕਾਰਨ ਹਨ।
ਮਹਿੰਗਾਈ ਨੇ ਵਧਾਈ ਆਮ ਅਮਰੀਕੀਆਂ ਦੀ ਚਿੰਤਾ
ਅਕਤੂਬਰ ਮਹੀਨੇ ਦੌਰਾਨ ਅਮਰੀਕਾ ਦੀ  ਮਹਿੰਗਾਈ ਦਰ 3.8 ਫੀਸਦੀ ਤੱਕ ਪਹੁੰਚ ਗਈ ਹੈ। ਖੁਰਾਕ ਅਤੇ ਊਰਜਾ ਦੀਆਂ ਕੀਮਤਾਂ ਤੋਂ ਬਿਨਾਂ ਗਿਣੀ ਜਾਣ ਵਾਲੀ ਕੋਰ ਮਹਿੰਗਾਈ ਦਰ 3.3 ਫੀਸਦੀ ਰਹੀ ਹੈ, ਜਦਕਿ ਫੈੱਡਰਲ ਰਿਜ਼ਰਵ ਦਾ ਮਹਿੰਗਾਈ ਸਬੰਧੀ ਟੀਚਾ 2 ਫੀਸਦੀ ਹੈ। ਵਧਦੀ ਮਹਿੰਗਾਈ ਦਾ ਸਿੱਧਾ ਅਸਰ ਆਮ ਪਰਿਵਾਰਾਂ ਦੀ ਖਰੀਦ ਸਕਤੀ ਅਤੇ ਘਰੇਲੂ ਬਜਟ ਉੱਤੇ ਪੈ ਸਕਦਾ ਹੈ। ਅਰਥਵਿਵਸਥਾ ਦੀ ਵਿਕਾਸ ਦਰ ਵਧਣ ਦਾ ਇਹ ਮਤਲਬ ਨਹੀਂ ਕਿ ਹਰ ਪਰਿਵਾਰ ਦੀ ਆਰਥਿਕ ਸਥਿਤੀ ਵਿੱਚ ਵੀ ਉਸੇ ਅਨੁਪਾਤ ਨਾਲ ਸੁਧਾਰ ਹੋ ਰਿਹਾ ਹੈ।
ਦਸੰਬਰ ਵਿੱਚ ਵਧ ਸਕਦੀਆਂ ਹਨ ਵਿਆਜ ਦਰਾਂ
ਵਿੱਤੀ ਬਾਜ਼ਾਰਾਂ ਦੇ ਅਨੁਮਾਨਾਂ ਮੁਤਾਬਕ ਦਸੰਬਰ ਵਿੱਚ ਫੈੱਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ 0.25 ਪ੍ਰਤੀਸ਼ਤ ਅੰਕ ਦਾ ਵਾਧਾ ਕੀਤੇ ਜਾਣ ਦੀ ਮਜਬੂਤ ਸੰਭਾਵਨਾ ਹੈ। ਹਾਲਾਂਕਿ ਇਸ ਸਬੰਧੀ ਅੰਤਿਮ ਫ਼ੈਸਲਾ ਅਜੇ ਨਹੀਂ ਲਿਆ ਗਿਆ।  ਜੇਕਰ ਵਿਆਜ਼ ਦਰਾਂ ਵਿੱਚ ਵਾਧਾ ਹੁੰਦਾ ਹੈ ਤਾਂ ਘਰਾਂ ਦੀ ਖਰੀਦ ਲਈ ਕਰਜੇ, ਕਾਰ ਲੋਨ, ਕ੍ਰੈਡਿਟ ਕਾਰਡ ਅਤੇ ਕਾਰੋਬਾਰੀ ਕਰਜ਼ਿਆਂ ਉੱਤੇ ਵਿੱਤੀ ਬੋਝ ਹੋਰ ਵਧ ਸਕਦਾ ਹੈ।
ਟਰੰਪ ਦੀਆਂ ਨਵੀਆਂ ਟੈਰਿਫ ਯੋਜਨਾਵਾਂ ਦਾ ਅਸਰ
ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸਾਸ਼ਨ ਵੱਲੋਂ ਚੀਨ, ਯੂਰਪੀ ਸੰਘ ਅਤੇ ਹੋਰ ਪ੍ਰਮੁੱਖ ਵਪਾਰਕ ਭਾਈਵਾਲਾਂ ਉੱਤੇ ਨਵੀਆਂ ਆਯਾਤ ਡਿਊਟੀਆਂ ਲਗਾਉਣ ਦੀ ਯੋਜਨਾ ਨੇ ਵੀ ਬਾਜ਼ਾਰ ਵਿੱਚ ਬੇਚੈਨੀ ਵਧਾਈ ਹੈ। ਇਨ੍ਹਾਂ ਡਿਊਟੀਆਂ ਦੇ ਹੱਕ ਵਿੱਚ ਘਰੇਲੂ ਉਦਯੋਗਾਂ ਨੂੰ ਸੁਰੱਖਿਆ ਦੇਣ ਦੀ ਦਲੀਲ ਦਿੱਤੀ ਜਾਂਦੀ ਹੈ, ਜਦਕਿ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਦਰਾਮਦ ਕੀਤੀਆਂ ਵਸਤਾਂ ਦੀਆਂ ਕੀਮਤਾਂ ਅਤੇ ਕਾਰੋਬਾਰੀ ਲਾਗਤਾਂ ਵਧ ਸਕਦੀਆਂ ਹਨ।
ਸੋਨੇ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ
ਸੋਨੇ ਦੀ ਕੀਮਤ ਵਿੱਚ ਲਗਭਗ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 3,445.89 ਡਾਲਰ ਪ੍ਰਤੀ ਔਂਸ ਤੱਕ ਹੇਠਾਂ ਆ ਗਿਆ। ਇਹ ਅਗਸਤ 2025 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। 
ਥੈਂਕਸਗਿਵਿੰਗ ਤੋਂ ਪਹਿਲਾਂ ਨਿਵੇਸ਼ਕਾਂ ਵਿੱਚ ਬੇਚੈਨੀ
ਅਮਰੀਕੀ ਸ਼ੇਅਰ ਬਾਜ਼ਾਰ ਵੀਰਵਾਰ, 26 ਨਵੰਬਰ ਨੂੰ ਥੈਂਕਸਗਿਵਿੰਗ ਦੀ ਛੁੱਟੀ ਕਾਰਨ ਬੰਦ ਰਹਿਣਗੇ, ਜਦਕਿ ਸ਼ੁੱਕਰਵਾਰ ਨੂੰ ਸੀਮਤ ਸਮੇਂ ਲਈ ਕਾਰੋਬਾਰ ਹੋਵੇਗਾ। ਮੌਜੂਦਾ ਆਰਥਿਕ ਸਥਿਤੀ ਵਿੱਚ ਅਮਰੀਕਾ ਸਾਹਮਣੇ ਇੱਕ ਵੱਡੀ ਚੁਣੌਤੀ ਖੜ੍ਹੀ ਹੈ। ਇੱਕ ਪਾਸੇ ਅਰਥਵਿਵਸਥਾ ਤੇਜੀ ਨਾਲ ਵਿਕਾਸ ਕਰ ਰਹੀ ਹੈ, ਦੂਜੇ ਪਾਸੇ ਮਹਿੰਗਾਈ, ਮਹਿੰਗੇ ਕਰਜ਼ਿਆਂ ਅਤੇ ਸ਼ੇਅਰ ਬਾਜ਼ਾਰ ਦੀ ਅਸਥਿਰਤਾ ਕਾਰਨ ਆਮ ਨਾਗਰਿਕਾਂ ਅਤੇ ਕਾਰੋਬਾਰੀਆਂ ਉੱਤੇ ਆਰਥਿਕ ਦਬਾਅ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ।