ਟਰੰਪ ਨੇ ਭਾਰਤ ਸਣੇ 14 ਦੇਸ਼ਾਂ ’ਤੇ ਨਵੇਂ ਟੈਰਿਫ਼ ਲਾਉਣ ਦੀ ਖਿੱਚੀ ਤਿਆਰੀ; ਚੀਨ ’ਤੇ 20 ਫੀਸਦੀ ਤੱਕ ਲੱਗੇਗੀ ਡਿਊਟੀ

ਟਰੰਪ ਨੇ ਭਾਰਤ ਸਣੇ 14 ਦੇਸ਼ਾਂ ’ਤੇ ਨਵੇਂ ਟੈਰਿਫ਼ ਲਾਉਣ ਦੀ ਖਿੱਚੀ ਤਿਆਰੀ; ਚੀਨ ’ਤੇ 20 ਫੀਸਦੀ ਤੱਕ ਲੱਗੇਗੀ ਡਿਊਟੀ

ਭਾਰਤ ਲਈ ਟੈਰਿਫ਼ ਦੀ ਅੰਤਿਮ ਦਰ ਦਾ ਐਲਾਨ ਬਾਕੀ,  ਜਨਵਰੀ ਤੋਂ ਟੈਰਿਫ ਲਾਗੂ ਹੋਣ ਦੀ ਸੰਭਾਵਨਾ
ਵਾਸ਼ਿੰਗਟਨ (ਪੰਜਾਬੀ ਰਾਈਟਰ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਵਪਾਰ ਵਿੱਚ ਮੁੜ ਤਣਾਅ ਵਧਾਉਂਦਿਆਂ ਭਾਰਤ ਸਮੇਤ 14 ਵਪਾਰਕ ਭਾਈਵਾਲਾਂ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਨਵੇਂ ਟੈਰਿਫ਼ ਲਾਉਣ ਦੀ ਤਜ਼ਵੀਜ਼ ਪੇਸ਼ ਕੀਤੀ ਹੈ। ਅਮਰੀਕੀ ਪ੍ਰਸਾਸ਼ਨ ਵੱਲੋਂ ਉਦਯੋਗਿਕ ਸਮਰੱਥਾ ਤੋਂ ਵੱਧ ਉਤਪਾਦਨ ਕਰਨ ਦਾ ਦੋਸ਼ ਲਾ ਕੇ ਇਹ ਕਦਮ ਚੁੱਕਿਆ ਗਿਆ ਹੈ। ਚੀਨ ’ਤੇ 20 ਫੀਸਦੀ ਤੱਕ ਟੈਰਿਫ਼ ਲਾਉਣ ਦੀ ਤਜਵੀਜ਼ ਹੈ, ਜਦਕਿ ਭਾਰਤ ਲਈ ਨਵੀਂ ਡਿਊਟੀ ਦੀ ਅੰਤਿਮ ਦਰ ਹਾਲੇ ਜਨਤਕ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ 15 ਤੋਂ 25 ਫੀਸਦੀ ਤੱਕ ਟੈਰਿਫ਼ ਲੱਗਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ। ਮੀਡੀਆ ਦੀ ਰਿਪੋਰਟ ਅਨੁਸਾਰ ਅਮਰੀਕੀ ਪ੍ਰਸਾਸ਼ਨ ਨੇ 1974 ਦੇ ਵਪਾਰ ਕਾਨੂੰਨ ਦੀ ਧਾਰਾ 301 ਤਹਿਤ ਅੱਠ ਮਹੀਨਿਆਂ ਦੀ ਜਾਂਚ ਮਗਰੋਂ ਇਹ ਤਜ਼ਵੀਜ਼ ਪੇਸ਼ ਕੀਤੀ ਹੈ। ਅਮਰੀਕਾ ਦਾ ਦੋਸ਼ ਹੈ ਕਿ ਭਾਰਤ ਸਮੇਤ ਕਈ ਦੇਸ਼ ਸਰਕਾਰੀ ਸਬਸਿਡੀਆਂ ਅਤੇ ਹੋਰ ਸਹੂਲਤਾਂ ਰਾਹੀਂ ਆਪਣੀਆਂ ਸੱਨਅਤਾਂ ਦੀ ਉਤਪਾਦਨ ਸਮਰੱਥਾ ਵਧਾ ਰਹੇ ਹਨ, ਜਿਸ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਸਸਤੀਆਂ ਵਸਤਾਂ ਦੀ ਭਰਮਾਰ ਹੋ ਰਹੀ ਹੈ ਅਤੇ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ।
ਭਾਰਤ ਸਮੇਤ ਇਨ੍ਹਾਂ 14 ਦੇਸ਼ਾਂ ’ਤੇ ਨਜ਼ਰ
ਨਵੀਂ ਡਿਊਟੀ ਦੇ ਘੇਰੇ ਵਿੱਚ ਭਾਰਤ, ਚੀਨ, ਬੰਗਲਾਦੇਸ਼, ਕੰਬੋਡੀਆ, ਯੂਰਪੀ ਸੰਘ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਸਿੰਗਾਪੁਰ, ਸਵਿਟਜ਼ਰਲੈਂਡ, ਤਾਈਵਾਨ, ਥਾਈਲੈਂਡ ਅਤੇ ਵੀਅਤਨਾਮ ਸ਼ਾਮਲ ਹਨ। ਮੈਕਸਿਕੋ ਅਤੇ ਨਾਰਵੇ ਨੂੰ ਫ਼ਿਲਹਾਲ ਇਸ ਤਜ਼ਵੀਜ਼ ਵਿੱਚੋਂ ਬਾਹਰ ਰੱਖਿਆ ਗਿਆ ਹੈ। ਅਮਰੀਕੀ ਅਧਿਕਾਰੀ ਅਨੁਸਾਰ ਨਵੇਂ ਟੈਰਿਫ਼ ਵੱਖ-ਵੱਖ ਦੇਸ਼ਾਂ ਨਾਲ ਹੋਏ ਵਪਾਰਕ ਸਮਝੌਤਿਆਂ ਦੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੇ ਜਾਣਗੇ। ਯੂਰਪੀ ਸੰਘ, ਜਾਪਾਨ, ਦੱਖਣੀ ਕੋਰੀਆ ਅਤੇ ਤਾਈਵਾਨ ਲਈ 15 ਫੀਸਦੀ ਅਤੇ ਮਲੇਸ਼ੀਆ ਲਈ 19 ਫੀਸਦੀ ਦੀ ਤੈਅ ਹੱਦ ਤੋਂ ਵੱਧ ਡਿਊਟੀ ਨਹੀਂ ਲਾਈ ਜਾਵੇਗੀ।
ਜਨਵਰੀ ਤੋਂ ਲਾਗੂ ਹੋ ਸਕਦੇ ਹਨ ਨਵੇਂ ਟੈਰਿਫ਼
ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਡਿਊਟੀ ਜੁਲਾਈ ਵਿੱਚ ਜਬਰੀ ਮਜ਼ਦੂਰੀ ਸਬੰਧੀ ਨਿਯਮਾਂ ਦੇ ਹਵਾਲੇ ਨਾਲ ਲਾਈਆਂ ਗਈਆਂ 10 ਤੋਂ 12.5 ਫੀਸਦੀ ਡਿਊਟੀਆਂ ਦੇ ਉੱਪਰ ਨਹੀਂ ਲੱਗੇਗੀ। ਨਵੇਂ ਟੈਰਿਫ਼ ਬਾਰੇ ਜਨਤਕ ਇਤਰਾਜ਼ ਅਤੇ ਸੁਝਾਅ ਮੰਗੇ ਜਾਣਗੇ ਅਤੇ ਸੁਣਵਾਈ ਵੀ ਹੋਵੇਗੀ। ਇਸ ਪ੍ਰਕਿਰਿਆ ਕਾਰਨ ਇਨ੍ਹਾਂ ਦੇ ਜਨਵਰੀ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ।