ਪੰਜਾਬ ’ਚ ਨਵਾਂ ਸਿਆਸੀ ਮੋਰਚਾ ਬਣਨ ਦੇ ਆਸਾਰ

ਪੰਜਾਬ ’ਚ ਨਵਾਂ ਸਿਆਸੀ ਮੋਰਚਾ ਬਣਨ ਦੇ ਆਸਾਰ

ਪੁਨਰ ਸੁਰਜੀਤ, ਵਾਰਸ ਪੰਜਾਬ ਅਤੇ ਬਸਪਾ ਗੱਠਜੋੜ ਦੀ ਸੰਭਾਵਨਾ ਤਲਾਸ਼ ਰਹੇ; ਜਲੰਧਰ ਤੇ ਫ਼ਰੀਦਕੋਟ ’ਚ ਹੋ ਚੁੱਕੀ ਹੈ ਮੁੱਢਲੀ ਚਰਚਾ
ਚੰਡੀਗੜ੍ਹ, 23 ਨਵੰਬਰ (ਪੰਜਾਬੀ ਰਾਈਟਰ)- ਪੰਜਾਬ ’ਚ ਜਿੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵਿਚਾਲੇ ਗੱਠਜੋੜ ਦੀ ਸੰਭਾਵਨਾ ਹਾਲੇ ਵੀ ਬੁਝਾਰਤ ਬਣੀ ਹੋਈ ਹੈ, ਉੱਥੇ ਹੀ ਪੰਜਾਬ ਵਿੱਚ ਨਵਾਂ ਸਿਆਸੀ ਸਮੀਕਰਨ ਬਣਦਾ ਦਿਖਾਈ ਦੇ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਗੀ ਧੜੇ੍ਹ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਚੋਣ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਇਹ ਘਟਨਾਕ੍ਰਮ ਪੁਨਰ ਸੁਰਜੀਤ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਹਨੇਵਾਲ ਦੇ ਗੁਰਦੁਆਰਾ ਰੇਰੂ ਸਾਹਿਬ ’ਚ ਜਨਤਕ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਹਮਲੇ ਕਰਨ ਤੋਂ ਤਕਰੀਬਨ 10 ਦਿਨ ਬਾਅਦ ਸਾਹਮਣੇ ਆਇਆ ਹੈ। ਆਪਣੀ ਦਾਦੀ ਚਰਨ ਕੌਰ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਅੰਮਿ੍ਰਤਪਾਲ ਸਿੰਘ ਦੀ ਤਿੰਨ ਘੰਟੇ ਦੀ ਫੇਰੀ ਤੋਂ ਬਾਅਦ ਇਸ ਸਿਆਸੀ ਗਰੁੱਪ ਨੂੰ ਹੋਰ ਹੁਲਾਰਾ ਮਿਲਿਆ ਹੈ। ਵਾਰਿਸ ਪੰਜਾਬ ਦੇ ਜਨਰਲ ਸਕੱਤਰ ਮਨਦੀਪ ਸਿੰਘ, ਜੋ ਮਰਹੂਮ ਕਾਰਕੁੰਨ ਅਤੇ ਜਥੇਬੰਦੀ ਦੇ ਬਾਨੀ ਦੀਪ ਸਿੱਧੂ ਦੇ ਭਰਾ ਹਨ, ਨੇ ਪੁਸ਼ਟੀ ਕੀਤੀ ਹੈ ਕਿ ਤਿੰਨਾਂ ਪਾਰਟੀਆਂ ਵਿਚਾਲੇ ਮੁੱਢਲੀ ਗੱਲਬਾਤ ਹੋਈ ਹੈ। ਉਨ੍ਹਾਂ ਦੀ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਨਾਲ ਵੀ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਜਲੰਧਰ ਵਿੱਚ ਵਾਰਿਸ ਪੰਜਾਬ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਸੀ। ਇਸ ਚਰਚਾ ਵਿੱਚ ਬਸਪਾ ਦੇ ਨੁਮਾਇੰਦੇ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਫ਼ਰੀਦਕੋਟ ’ਚ ਵੀ ਵਾਰਿਸ ਪੰਜਾਬ ਦੇ ਆਗੂਆਂ, ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਵਿਚਾਲੇ ਵੱਖਰੀ ਮੀਟਿੰਗ ਹੋਈ ਸੀ।
ਇਹ ਘਟਨਾਕ੍ਰਮ ਪੁਨਰ ਸੁਰਜੀਤ ਦੇ ਆਗੂਆਂ ਦੇ ਵਫਦ ਵੱਲੋਂ ਦਿੱਲੀ ਵਿੱਚ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਠਜੋੜ ਸਬੰਧੀ ਕੀਤੀ ਮੁਲਾਕਾਤ ਤੋਂ ਬਾਅਦ ਵਾਪਰਿਆ ਹੈ। ਪੁਨਰ ਸੁਰਜੀਤ ਦੇ ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ, ‘‘ਅਸੀਂ ਗੱਠਜੋੜ ਸਬੰਧੀ ਭਾਜਪਾ ਦੇ ਫ਼ੈਸਲੇ ਦੀ ਪਿਛਲੇ ਪੰਜ ਮਹੀਨਿਆਂ ਤੋਂ ਉਡੀਕ ਕਰ ਰਹੇ ਹਾਂ, ਪਰ ਉਹ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲੈ ਸਕੇ। ਚੋਣਾਂ ਵਿੱਚ ਸਿਰਫ਼ ਕੁਝ ਮਹੀਨੇ ਬਾਕੀ ਰਹਿ ਗਏ ਹਨ; ਇਸ ਲਈ ਅਸੀਂ ਸਾਰੀਆਂ ਪੰਥਕ, ਕਿਸਾਨ ਅਤੇ ਦਲਿਤਾਂ ਤੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੀਆਂ ਤਾਕਤਾਂ ਨੂੰ ਸਾਂਝੇ ਮੰਚ ’ਤੇ ਲਿਆਉਣ ਦਾ ਫ਼ੈਸਲਾ ਕੀਤਾ ਹੈ।’’