ਪੰਜਾਬੀ ਮੂਲ ਦੇ ‘ਨਵਦੀਪ ਸਿੰਘ ਬੈਂਸ’ ਓਂਟਾਰੀਓ ਲਿਬਰਲ ਪਾਰਟੀ ਦੇ ਬਣੇ ਮੁਖੀ!

ਪੰਜਾਬੀ ਮੂਲ ਦੇ ‘ਨਵਦੀਪ ਸਿੰਘ ਬੈਂਸ’ ਓਂਟਾਰੀਓ ਲਿਬਰਲ ਪਾਰਟੀ ਦੇ ਬਣੇ ਮੁਖੀ!

ਆਉਂਦੀਆਂ ਸੂਬਾਈ ਚੋਣਾਂ ’ਚ ਡੱਗ ਫੋਰਡ ਦੀ ਸਰਕਾਰ ਲਈ ਚੁਣੌਤੀ ਬਣ ਸਕਦੀ ਹੈ ਲਿਬਰਲ ਪਾਰਟੀ
ਟੋਰਾਂਟੋ, 22 ਨਵੰਬਰ (ਪੰਜਾਬੀ ਰਾਈਟਰ)- ਕਨੇਡਾ ਦੀ ਕਰੀਬ ਅੱਧੀ ਆਬਾਦੀ ਸਮੋਈ ਬੈਠੇ ਪੂਰਬੀ ਖੇਤਰ ਦੇ ਵੱਡੇ ਸੂਬੇ ਓਂਟਾਰੀਓ ਦੀ ਲਿਬਰਲ ਪਾਰਟੀ ਦੀ ਕਮਾਂਡ ਅੱਜ ਸਾਬਕਾ ਕੇਂਦਰੀ ਮੰਤਰੀ ਨਵਦੀਪ ਸਿੰਘ ਬੈਂਸ ਦੇ ਹੱਥ ਆ ਗਈ। ਅੱਜ ਪਾਰਟੀ ਦੇ ਆਗੂ ਦੀ ਚੋਣ ਲਈ ਤਿੰਨ ਪੜਾਵਾਂ ਵਿੱਚ ਹੋਈ ਚੋਣ ਵਿੱਚ ਨਵਜੋਤ ਬੈਂਸ ਨੇ ਬਹੁਮਤ ਹਾਸਲ ਕਰਕੇ ਚੋਣ ਮੈਦਾਨ ਵਿੱਚ ਕੁੱਦੀ ਲੀ ਫੇਅਰਕਲੌ ਨੂੰ ਪਛਾੜ ਦਿੱਤਾ।
ਹੁਸ਼ਿਆਰਪੁਰ ਦੇ ਪਿੰਡ ਤਾਜੇਵਾਲ ਦਾ ਹੈ ਪਿਛੋਕੜ
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਤਾਜੇਵਾਲ ਦੇ ਪਿਛੋਕੜ ਵਾਲੇ ਨਵਜੋਤ ਬੈਂਸ ਦੇ ਪਿਤਾ ਬਲਵਿੰਦਰ ਸਿੰਘ ਬੈਂਸ 55 ਕੁ ਸਾਲ ਪਹਿਲਾਂ ਕਨੇਡਾ ਆ ਵੱਸੇ ਸਨ। ਨਵਜੋਤ ਬੈਂਸ ਦਾ ਜਨਮ ਟਰਾਂਟੋ ’ਚ ਹੋਇਆ ਤੇ ਬਾਅਦ ਵਿੱਚ ਪਰਿਵਾਰ ਬਰੈਂਪਟਨ ਜਾ ਵੱਸਿਆ। ਐੱਮ.ਬੀ.ਏ. ਤੱਕ ਪੜ੍ਹਾਈ ਕਰਨ ਤੋਂ ਬਾਅਦ ਨਵਜੋਤ ਬੈਂਸ ਨੇ 2004 ’ਚ ਸਿਆਸਤ ਵਿੱਚ ਕੁੱਦ ਕੇ ਪਾਰਲੀਮੈਂਟ ਮੈਂਬਰ ਲਈ ਪਹਿਲੀ ਚੋਣ ਲੜੀ ਤੇ ਜਿੱਤ ਕੇ ਪਾਰਟੀ ਦੀ ਝੋਲੀ ਪਾਈ। ਲਗਾਤਾਰ ਪੰਜਵੀਂ ਤੇ ਛੇਵੀਂ ਵਾਰ ਜਿੱਤ ਕੇ ਉਸ ਨੇ ਜਸਟਿਨ ਟਰੂਡੋ ਵਜਾਰਤਾਂ ਵਿੱਚ ਦੋ ਵਾਰ ਕੇਂਦਰੀ ਮੰਤਰੀ ਬਣ ਕੇ ਸੇਵਾਵਾਂ ਨਿਭਾਈਆਂ। 2021 ਵਿੱਚ ਉਸ ਨੇ ਸਿਆਸਤ ਤੋਂ ਪਾਸਾ ਵੱਟ ਲਿਆ ਤੇ ਕਾਰੋਬਾਰੀ ਦੁਨੀਆ ਨਾਲ ਹੱਥ ਵਟਾ ਲਿਆ। ਪਹਿਲਾਂ ਇੱਕ ਨਿੱਜੀ ਬੈਂਕ ਦੇ ਉੱਚ ਅਹੁਦੇ ’ਤੇ ਕੰਮ ਕੀਤਾ ਤੇ ਤਿੰਨ ਸਾਲਾਂ ਤੋਂ ਉਹ ਕਨੇਡਾ ਦੀ ਸੰਚਾਰ ਪ੍ਰਣਾਲੀ ਵਿੱਚ ਪਹਿਲੇ ਨੰਬਰ ਵਾਲੀ ਕੰਪਨੀ ’ਚ ਕਾਰਪੋਰੇਟ ਮਾਮਲਿਆਂ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਸਨ। ਅੱਜ ਪਾਰਟੀ ਲੀਡਰ ਦੀ ਤਿੰਨ ਪੜਾਵੀ ਚੋਣ ਦੇ ਆਖਰੀ ਪੜਾਅ ਵਿੱਚ ਉਸ ਨੇ 50.29 ਵੋਟਾਂ ਦੇ ਪਤਲੇ ਜਿਹੇ ਬਹੁਮਤ ਨਾਲ ਵਿਰੋਧੀ ਉਮੀਦਵਾਰ ਲੀ ਫੇਅਰਕਲੌ ਨੂੰ ਪਛਾੜ ਦਿੱਤਾ। ਸੂਬੇ ਲਈ ਉਸ ਦੀਆਂ ਮੁੱਖ ਤਰਜ਼ੀਹਾਂ ’ਚੋਂ ਰੁਜ਼ਗਾਰ ਤੇ ਚੰਗੀਆਂ ਤਨਖਾਹਾਂ, ਸਿਹਤ ਸੇਵਾਵਾਂ ਤੇ ਉਦਯੋਗਿਕ ਵਿਕਾਸ ਸਾਮਲ ਹਨ। ਨੌਜਵਾਨਾਂ ਦੇ ਭਵਿੱਖ ਦੀ ਚਿੰਤਾ ਜਤਾਉਣ ਵਾਲੇ ਬੈਂਸ ਨੇ ਚੋਣ ਜਿੱਤਣ ਤੋਂ ਬਾਅਦ ਭਰੋਸਾ ਪ੍ਰਗਟਾਇਆ ਕਿ ਉਹ ਸਾਰਾ ਸਮਾਂ ਪਾਰਟੀ ਕੰਮਾਂ ਨੂੰ ਦੇ ਕੇ ਅਗਲੀਆਂ ਚੋਣਾਂ ਵਿੱਚ ਬਹੁਮਤ ਹਾਸਲ ਕਰਕੇ ਸਾਰੇ ਕੰਮ ਯਕੀਨੀ ਬਣਾਉਣ ਲਈ ਪੂਰੀ ਵਾਹ ਲਾਉਣਗੇ।