ਓਮਾਨ ਤੋਂ ਭਾਰਤ ਲਿਆਂਦੇ ਗਏ ਸੌਰਭ ਚੰਦਰਾਕਰ ਖ਼ਿਲਾਫ਼ ਈ.ਡੀ. ਅਤੇ ਸੀ.ਬੀ.ਆਈ. ਦੀ ਜਾਂਚ ਤੇਜ਼, 19 ਨਵੰਬਰ ਤੱਕ ਨਿਆਂਇਕ ਹਿਰਾਸਤ
ਨਵੀਂ ਦਿੱਲੀ/ਰਾਏਪੁਰ, 13 ਨਵੰਬਰ (ਪੰਜਾਬੀ ਰਾਈਟਰ)- ਭਾਰਤ ਦੇ ਸਭ ਤੋਂ ਚਰਚਿਤ ਆਨਲਾਈਨ ਸੱਟੇਬਾਜੀ ਘੁਟਾਲਿਆਂ ਵਿੱਚੋਂ ਇੱਕ ਮਹਾਦੇਵ ਬੈਟਿੰਗ ਐਪ ਮਾਮਲੇ ਵਿੱਚ ਜਾਂਚ ਏਜੰਸੀਆਂ ਦੀ ਕਾਰਵਾਈ ਲਗਾਤਾਰ ਤੇਜ਼ ਹੋ ਰਹੀ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਭਾਰਤ ਲਿਆਂਦੇ ਜਾਣ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਪੁੱਛਗਿੱਛ ਕੀਤੀ ਗਈ। 12 ਨਵੰਬਰ ਨੂੰ ਰਾਏਪੁਰ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਉਸ ਨੂੰ 19 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਇਸ ਮਾਮਲੇ ਵਿੱਚ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਲਗਭਗ 3500 ਕਰੋੜ ਰੁਪਏ ਦੀਆਂ ਸੰਪਤੀਆਂ ਅਟੈਚ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਮਹਿੰਗੀਆਂ ਜਾਇਦਾਦਾਂ ਸ਼ਾਮਲ ਹਨ। ਮੀਡੀਆ ਰਿਪੋਰਟਾਂ ਅਨੁਸਾਰ ਕਰੀਬ 1800 ਕਰੋੜ ਰੁਪਏ ਦੀਆਂ ਵਿਦੇਸ਼ੀ ਅਤੇ 1700 ਕਰੋੜ ਰੁਪਏ ਦੀਆਂ ਭਾਰਤੀ ਸੰਪਤੀਆਂ ਇਸ ਕਾਰਵਾਈ ਦੇ ਘੇਰੇ ਵਿੱਚ ਹਨ। ਮਹਾਂਦੇਵ ਆਨਲਾਈਨ ਬੁੱਕ ਐਪ ਦਾ ਨੈੱਟਵਰਕ ਭਾਰਤ ਤੋਂ ਬਾਹਰ ਬੈਠ ਕੇ ਚਲਾਏ ਜਾਣ ਦੇ ਦੋਸ਼ ਹਨ। ਜਾਂਚ ਏਜੰਸੀਆਂ ਅਨੁਸਾਰ ਇਸ ਪਲੇਟਫ਼ਾਰਮ ਰਾਹੀਂ ਕਿ੍ਰਕਟ, ਫੁੱਟਬਾਲ, ਟੈਨਿਸ ਅਤੇ ਹੋਰ ਖੇਡਾਂ ਉੱਤੇ ਗੈਰਕਾਨੂੰਨੀ ਸੱਟੇਬਾਜੀ ਕਰਵਾਈ ਜਾਂਦੀ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਏਜੰਟਾਂ ਅਤੇ ਆਨਲਾਈਨ ਪੈਨਲਾਂ ਰਾਹੀਂ ਲੋਕਾਂ ਨੂੰ ਇਸ ਨੈੱਟਵਰਕ ਨਾਲ ਜੋੜਿਆ ਜਾਂਦਾ ਸੀ।
ਸੀ.ਬੀ.ਆਈ. ਦੀ ਜਾਂਚ ਵਿੱਚ ਇਹ ਦੋਸ਼ ਵੀ ਸਾਹਮਣੇ ਆਏ ਹਨ ਕਿ ਸੱਟੇਬਾਜੀ ਤੋਂ ਇਕੱਠੀ ਕੀਤੀ ਗਈ ਰਕਮ ਨੂੰ ਵੱਡੀ ਗਿਣਤੀ ਵਿੱਚ ਬੈਂਕ ਖਾਤਿਆਂ ਰਾਹੀਂ ਘੁਮਾਇਆ ਜਾਂਦਾ ਸੀ ਅਤੇ ਬਾਅਦ ਵਿੱਚ ਹਵਾਲਾ ਨੈੱਟਵਰਕ ਰਾਹੀਂ ਵਿਦੇਸ਼ ਭੇਜਿਆ ਜਾਂਦਾ ਸੀ। ਜਾਂਚ ਏਜੰਸੀ ਮੁਤਾਬਕ ਇਸ ਕਥਿਤ ਗੈਰਕਾਨੂੰਨੀ ਕਾਰੋਬਾਰ ਨੂੰ ਸੁਰੱਖਿਆ ਦੇਣ ਲਈ ਕੁਝ ਸਰਕਾਰੀ ਅਧਿਕਾਰੀਆਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਰਕਮ ਪਹੁੰਚਾਉਣ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੌਰਭ ਚੰਦਰਾਕਰ ਦਾ ਨਾਂ ਫਰਵਰੀ 2023 ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਹੋਏ ਉਸ ਦੇ ਸ਼ਾਨਦਾਰ ਵਿਆਹ ਕਾਰਨ ਵੀ ਸੁਰਖੀਆਂ ਵਿੱਚ ਆਇਆ ਸੀ। ਜਾਂਚ ਏਜੰਸੀਆਂ ਅਨੁਸਾਰ ਇਸ ਵਿਆਹ ਉੱਤੇ ਲਗਭਗ 200 ਕਰੋੜ ਰੁਪਏ ਖਰਚ ਕੀਤੇ ਗਏ ਸਨ। ਸਮਾਗਮ ਵਿੱਚ ਮਹਿੰਗੇ ਹੋਟਲਾਂ, ਚਾਰਟਰਡ ਜਹਾਜ਼ਾਂ ਅਤੇ ਹੋਰ ਆਲੀਸ਼ਾਨ ਪ੍ਰਬੰਧਾਂ ਉੱਤੇ ਹੋਏ ਖਰਚਿਆਂ ਦੀ ਜਾਂਚ ਵੀ ਕੀਤੀ ਗਈ।
ਇਸ ਮਾਮਲੇ ਵਿੱਚ ਦੁਬਈ ਦੀਆਂ ਆਲੀਸ਼ਾਨ ਜਾਇਦਾਦਾਂ ਵੀ ਜਾਂਚ ਦੇ ਘੇਰੇ ਵਿੱਚ ਆਈਆਂ ਹਨ। ਈ.ਡੀ. ਨੇ ਮਾਰਚ 2026 ਵਿੱਚ ਜਾਰੀ ਅਧਿਕਾਰਤ ਬਿਆਨ ਵਿੱਚ ਦੱਸਿਆ ਸੀ ਕਿ ਦੁਬਈ ਅਤੇ ਨਵੀਂ ਦਿੱਲੀ ਵਿੱਚ ਸਥਿਤ 20 ਜਾਇਦਾਦਾਂ, ਜਿਨ੍ਹਾਂ ਦਾ ਅਨੁਮਾਨਿਤ ਬਾਜਾਰੀ ਮੁੱਲ ਲਗਭਗ 1700 ਕਰੋੜ ਰੁਪਏ ਸੀ, ਅਟੈਚ ਕੀਤੀਆਂ ਗਈਆਂ। ਇਨ੍ਹਾਂ ਵਿੱਚ ਦੁਬਈ ਦੀ ਮਸ਼ਹੂਰ ਬੁਰਜ ਖਲੀਫ਼ਾ ਇਮਾਰਤ ਦੇ ਅਪਾਰਟਮੈਂਟ ਵੀ ਸ਼ਾਮਲ ਸਨ।
ਤਾਜ਼ਾ ਘਟਨਾਕ੍ਰਮ ਅਨੁਸਾਰ ਈ.ਡੀ. ਨੇ ਸੌਰਭ ਚੰਦਰਾਕਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਹਿਰਾਸਤ ਵਿੱਚ ਲੈਣ ਲਈ ਵੀ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਹੈ। 13 ਨਵੰਬਰ ਨੂੰ ਉਸ ਨੂੰ ਰਾਏਪੁਰ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ। ਮਹਾਦੇਵ ਬੈਟਿੰਗ ਐਪ ਘੁਟਾਲਾ ਹੁਣ ਸਿਰਫ਼ ਗੈਰਕਾਨੂੰਨੀ ਆਨਲਾਈਨ ਸੱਟੇਬਾਜੀ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਦੀ ਜਾਂਚ ਮਨੀ ਲਾਂਡਰਿੰਗ, ਵਿਦੇਸ਼ੀ ਜਾਇਦਾਦਾਂ, ਹਵਾਲਾ ਲੈਣ-ਦੇਣ ਅਤੇ ਕਥਿਤ ਸਿਆਸੀ ਤੇ ਪ੍ਰਸ਼ਾਸਨਿਕ ਸੁਰੱਖਿਆ ਤੱਕ ਪਹੁੰਚ ਚੁੱਕੀ ਹੈ। ਜਾਂਚ ਏਜੰਸੀਆਂ ਵੱਲੋਂ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦਾ ਅੰਤਿਮ ਫ਼ੈਸਲਾ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਹੋਵੇਗਾ।

.jpg)
.jpg)
.jpg)
.jpg)














































.jpg)











.jpg)








.jpg)




























.jpg)


