ਹਾਈ ਕੋਰਟ ਨੇ ਦਲਜੀਤ ਸਿੰਘ ਪੀ.ਜੀ.ਆਈ. ’ਚ ਪੋਸਟਮਾਰਟਮ ਅਤੇ ਚੰਡੀਗੜ੍ਹ ’ਚ ਸਸਕਾਰ ਦੇ ਦਿੱਤੇ ਹੁਕਮ!

ਹਾਈ ਕੋਰਟ ਨੇ ਦਲਜੀਤ ਸਿੰਘ ਪੀ.ਜੀ.ਆਈ. ’ਚ ਪੋਸਟਮਾਰਟਮ ਅਤੇ ਚੰਡੀਗੜ੍ਹ ’ਚ ਸਸਕਾਰ ਦੇ ਦਿੱਤੇ ਹੁਕਮ!

ਚੰਡੀਗੜ੍ਹ, 3 ਨਵੰਬਰ (ਪੰਜਾਬੀ ਰਾਈਟਰ)- ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ’ਚ ਨਵਾਂ ਮੋੜ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ’ਚ ਅਹਿਮ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਦਲਜੀਤ ਦੀ ਮਿ੍ਰਤਕ ਦੇਹ ਦਾ ਚੰਡੀਗੜ੍ਹ ਸਥਿਤ ਪੀ.ਜੀ.ਆਈ. ਵਿਖੇ ਪੋਸਟਮਾਰਟਮ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਲਈ ਮਿ੍ਰਤਕ ਦੇਹ 15 ਘੰਟਿਆਂ ਦੇ ਅੰਦਰ ਪੀ.ਜੀ.ਆਈ. ਪ੍ਰਸਾਸ਼ਨ ਨੂੰ ਸੌਂਪਣ ਲਈ ਕਿਹਾ ਗਿਆ ਹੈ। ਪੋਸਟਮਾਰਟਮ ਰਿਪੋਰਟ 4 ਨਵੰਬਰ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅਦਾਲਤ ਨੇ ਪੋਸਟਮਾਰਟਮ ਤੋਂ ਬਾਅਦ ਦਲਜੀਤ ਦਾ ਅੰਤਿਮ ਸਸਕਾਰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਪੁਲੀਸ ਸੁਰੱਖਿਆ ਹੇਠ ਕਰਵਾਉਣ ਦੇ ਹੁਕਮ ਦਿੱਤੇ ਹਨ। ਅੰਤਿਮ ਸਸਕਾਰ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਸ਼ਾਮਲ ਹੋ ਸਕਣਗੇ। ਅਦਾਲਤ ਨੇ ਕਿਹਾ ਕਿ ਕਿਸੇ ਵੀ ਸਿਆਸੀ ਆਗੂ ਜਾਂ ਬਾਹਰੀ ਵਿਅਕਤੀ ਨੂੰ ਉੱਥੇ ਪਹੁੰਚਣ ਦੀ ਇਜਾਜ਼ਤ ਨਹੀਂ ਹੋਵੇਗੀ। ਅਦਾਲਤ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਡੀ.ਜੀ.ਪੀ. ਨੂੰ ਅੰਤਿਮ ਸਸਕਾਰ ਲਈ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਪਰਵਿੰਦਰ ਸਿੰਘ ਝੋਟਾ ਨਮਿੱਤ ਬਣੀ ਐਕਸ਼ਨ ਕਮੇਟੀ ਦੇ ਮੀਡੀਆ ਸਲਾਹਕਾਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਿ੍ਰਤਕ ਦੀ ਭੈਣ ਅਮਰਜੀਤ ਕੌਰ ਵੱਲੋਂ ਹਾਈਕੋਰਟ ਦਾ ਰੁਖ਼ ਕੀਤਾ ਗਿਆ ਸੀ।