ਅਮਿਤ ਸ਼ਾਹ ਪੰਜਾਬ ਦੇ ਚਾਰ ਜ਼ਿਲ੍ਹਿਆਂ ਦਾ ਅੱਜ ਕਰਨਗੇ ਦੌਰਾ

ਅਮਿਤ ਸ਼ਾਹ ਪੰਜਾਬ ਦੇ ਚਾਰ ਜ਼ਿਲ੍ਹਿਆਂ ਦਾ ਅੱਜ ਕਰਨਗੇ ਦੌਰਾ

ਗੁਰਦਾਸਪੁਰ, ਸੰਗਰੂਰ ਤੇ ਮਾਨਸਾ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ 
ਲੁਧਿਆਣਾ ਵਿੱਚ ਦਸਹਿਰਾ ਸਮਾਰੋਹ ’ਚ ਹੋਣਗੇ ਸ਼ਾਮਲ

ਨਵੀਂ ਦਿੱਲੀ, 20 ਅਕਤੂਬਰ (ਪੰਜਾਬੀ ਰਾਈਟਰ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 20 ਅਕਤੂਬਰ ਨੂੰ ਪੰਜਾਬ ਦੇ ਦੌਰੇ ਦੌਰਾਨ ਗੁਰਦਾਸਪੁਰ, ਸੰਗਰੂਰ, ਮਾਨਸਾ ਅਤੇ ਲੁਧਿਆਣਾ ਜਾਣਗੇ। ਇਸ ਦੌਰਾਨ ਉਹ ਵੱਖ-ਵੱਖ ਥਾਵਾਂ ’ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਆਖਰੀ ਪੜਾਅ ਵਿੱਚ ਉਹ ਲੁਧਿਆਣਾ ਦੇ ਦਰੇਸੀ ਰੋਡ ਸਥਿਤ ਰਾਮਲੀਲਾ ਮੈਦਾਨ ਵਿੱਚ ਦਸਹਿਰਾ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸੋਧੇ ਹੋਏ ਪ੍ਰੋਗਰਾਮ ਮੁਤਾਬਕ ਉਨ੍ਹਾਂ ਦਾ ਦੌਰਾ ਸਵੇਰ ਤੋਂ ਸ਼ਾਮ ਤੱਕ ਰੁਝੇਵਿਆਂ ਭਰਿਆ ਰਹੇਗਾ।
ਤਿੰਨ ਜ਼ਿਲ੍ਹਿਆਂ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਗੇ
ਪ੍ਰੋਗਰਾਮ ਅਨੁਸਾਰ ਅਮਿਤ ਸ਼ਾਹ ਸਵੇਰੇ 10:35 ਵਜੇ ਦਿੱਲੀ ਸਥਿਤ ਕਿ੍ਰਸ਼ਨਾ ਮੈਨਨ ਮਾਰਗ ਤੋਂ ਰਵਾਨਾ ਹੋਣਗੇ ਅਤੇ 10:55 ਵਜੇ ਪਾਲਮ ਦੇ ਹਵਾਈ ਸੈਨਾ ਤਕਨੀਕੀ ਹਵਾਈ ਅੱਡੇ ’ਤੇ ਪਹੁੰਚਣਗੇ। ਉੱਥੋਂ ਜਹਾਜ਼ ਰਾਹੀਂ ਰਵਾਨਾ ਹੋ ਕੇ ਉਹ ਦੁਪਹਿਰ 12 ਵਜੇ ਅੰਮਿ੍ਰਤਸਰ ਹਵਾਈ ਅੱਡੇ ’ਤੇ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਮਾੜੀ ਪੰਨੂਆਂ ਜਾਣਗੇ। ਉੱਥੇ ਦੁਪਹਿਰ 12:45 ਤੋਂ 1:00 ਵਜੇ ਤੱਕ ਬਿਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਮਗਰੋਂ ਉਹ ਗੁਰਦਾਸਪੁਰ ਦੇ ਹੈਲੀਪੈਡ ਤੋਂ ਹੈਲੀਕਾਪਟਰ ਰਾਹੀਂ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਸਥਿਤ ਅਨਾਜ ਮੰਡੀ ਪਹੁੰਚਣਗੇ। ਉੱਥੋਂ ਤੂਰਬੰਜਾਰਾ ਪਿੰਡ ਜਾਣਗੇ, ਜਿੱਥੇ ਦੁਪਹਿਰ 2:30 ਤੋਂ 2:45 ਵਜੇ ਤੱਕ ਗੁਲਜਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ।
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣਗੇ
ਸੰਗਰੂਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਮਾਨਸਾ ਜਾਣਗੇ। ਨਿਰਧਾਰਤ ਪ੍ਰੋਗਰਾਮ ਅਨੁਸਾਰ ਉਹ ਦੁਪਹਿਰ 3:35 ਵਜੇ ਵਾਰਡ ਨੰਬਰ 21, ਵਾਟਰ ਵਰਕਸ ਰੋਡ ’ਤੇ ਪਹੁੰਚਣਗੇ। ਇੱਥੇ 3:35 ਤੋਂ 3:50 ਵਜੇ ਤੱਕ ਸਹੀਦ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਸਮਾਂ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਹ ਨਵੀਂ ਅਨਾਜ ਮੰਡੀ, ਮਾਨਸਾ ਜਾਣਗੇ।
ਲੁਧਿਆਣਾ ਵਿੱਚ ਦਸਹਿਰਾ ਸਮਾਰੋਹ ’ਚ ਸ਼ਿਰਕਤ
ਦੌਰੇ ਦੇ ਆਖਰੀ ਪੜਾਅ ਵਿੱਚ ਅਮਿਤ ਸ਼ਾਹ ਸਾਮ 4:35 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹੁੰਚਣਗੇ। ਇੱਥੇ ਉਨ੍ਹਾਂ ਦਾ ਪ੍ਰੋਗਰਾਮ 4:55 ਵਜੇ ਤੱਕ ਰਾਖਵਾਂ ਹੈ। ਇਸ ਤੋਂ ਬਾਅਦ ਉਹ ਸਾਮ 5:05 ਵਜੇ ਦਰੇਸੀ ਰੋਡ ਸਥਿਤ ਰਾਮਲੀਲਾ ਮੈਦਾਨ ਪਹੁੰਚਣਗੇ ਅਤੇ 5:35 ਵਜੇ ਤੱਕ ਦਸਹਿਰਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਮਗਰੋਂ ਉਹ ਸੜ੍ਹਕੀ ਰਸਤੇ ਰਾਹੀਂ ਹਲਵਾਰਾ ਹਵਾਈ ਅੱਡੇ ਜਾਣਗੇ ਅਤੇ ਸ਼ਾਮ 6.10 ਵਜੇ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ। ਐਤਕੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਸਹਿਰੇ ਦਾ ਤਿਉਹਾਰ ਪੰਜਾਬ ’ਚ ਮਨਾਉਣਗੇ।