ਐੱਫ.ਬੀ.ਆਈ ਦਾ ਮੋਸਟ ਵਾਂਟੇਡ ਭਗੌੜਾ ਮਨਜੀਤ ਸਿੰਘ ਬੇਦੀ ਪੰਜਾਬ ’ਚ ਗਿ੍ਰਫ਼ਤਾਰੀ ਤੋਂ ਬਾਅਦ ਅਮਰੀਕਾ ਭੇਜਿਆ

ਐੱਫ.ਬੀ.ਆਈ ਦਾ ਮੋਸਟ ਵਾਂਟੇਡ ਭਗੌੜਾ ਮਨਜੀਤ ਸਿੰਘ ਬੇਦੀ ਪੰਜਾਬ ’ਚ ਗਿ੍ਰਫ਼ਤਾਰੀ ਤੋਂ ਬਾਅਦ ਅਮਰੀਕਾ ਭੇਜਿਆ

ਚੰਡੀਗੜ੍ਹ, 16 ਅਕਤੂਬਰ (ਪੰਜਾਬੀ ਰਾਈਟਰ)- ਐੱਫ.ਬੀ.ਆਈ. ਦੀ ਮੋਸਟ ਵਾਂਟੇਡ ਧੋਖਾਧੜ੍ਹੀ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ 64 ਸਾਲਾ ਭਗੌੜੇ ਮਨਜੀਤ ਸਿੰਘ ਬੇਦੀ ਨੂੰ ਪੰਜਾਬ ਪੁਲੀਸ ਵੱਲੋਂ ਗਿ੍ਰਫ਼ਤਾਰ ਕੀਤੇ ਜਾਣ ਤੋਂ ਇੱਕ ਮਹੀਨੇ ਬਾਅਦ ਅਮਰੀਕਾ ਵਾਪਸ ਭੇਜ ਦਿੱਤਾ ਗਿਆ ਹੈ। ਇਸ ਦਾ ਐਲਾਨ ਐੱਫ.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਵੀਰਵਾਰ ਨੂੰ ਕੀਤਾ। ਪਟੇਲ ਨੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ, “ਮਨਜੀਤ ਸਿੰਘ ਬੇਦੀ ਅਮਰੀਕਾ ਵਾਪਸ ਆ ਗਿਆ ਹੈ ਜੋ ਕਿ ਐੱਫ.ਬੀ.ਆਈ. ਦੇ ਮੋਸਟ ਵਾਂਟੇਡ ਧੋਖਾਧੜ੍ਹੀ ਕਰਨ ਵਾਲਿਆਂ ਵਿੱਚੋਂ ਇੱਕ ਹੈ। ਇਸ ਨੂੰ ਸਤੰਬਰ ਵਿੱਚ ਭਾਰਤ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਸੀ।’’ ਉਨ੍ਹਾਂ ਇਸ ਵਾਪਸੀ ਨੂੰ ਪ੍ਰੋਗਰਾਮ ਲਈ ਇੱਕ ਹੋਰ ਮੀਲ ਪੱਥਰ ਕਰਾਰ ਦਿੱਤਾ। ਭਾਰਤ ਨੇ ਇਸ ਭਗੌੜੇ ਵਿਅਕਤੀ ਨੂੰ ਐੱਫ.ਬੀ.ਆਈ. ਦੇ ਹਵਾਲੇ ਕਰ ਦਿੱਤਾ ਹੈ। ਉਹ ਇਸ ਹਫ਼ਤੇ ਸੀਐਟਲ ਪਹੁੰਚਿਆ ਸੀ ਅਤੇ ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਉਹ ਵਾਸ਼ਿੰਗਟਨ ਦੇ ਕੈਂਟ ਵਿੱਚ ਰਹਿੰਦਾ ਸੀ ਅਤੇ ਟਾਕੋਮਾ ਵਿੱਚ ਉਸ ਦੀ ਏਸ਼ੀਅਨ ਕਰਿਆਨੇ ਦੀ ਦੁਕਾਨ ਸੀ। ਉਸ ’ਤੇ ਦੋਸ਼ ਹੈ ਕਿ ਉਸ ਨੇ 2024 ਅਤੇ 2025 ਦੇ ਵਿਚਕਾਰ, ਭੋਜਨ ਸਹਾਇਤਾ ਲਾਭਾਂ ਦੇ ਨਾਮ ’ਤੇ ਅਮਰੀਕੀ ਸਰਕਾਰ ਨਾਲ ਘੱਟੋ-ਘੱਟ 600,000 ਡਾਲਰ ਦੀ ਧੋਖਾਧੜ੍ਹੀ ਕੀਤੀ ਹੈ। ਪ੍ਰੌਸੀਕਿਊਟਰਾਂ ਦਾ ਦੋਸ਼ ਹੈ ਕਿ ਉਸ ਨੇ  ਲਾਭਪਾਤਰੀਆਂ ਨਾਲ ਇੱਕ ਨਿਸ਼ਚਿਤ ਰਕਮ ਲਈ ਉਹਨਾਂ ਦੇ ਲਾਭ ਕਾਰਡਾਂ ਨੂੰ ਸਵਾਈਪ ਕਰਨ, ਅੱਧਾ ਨਕਦ ਵਾਪਸ ਦੇਣ ਅਤੇ ਬਾਕੀ ਆਪਣੇ ਕੋਲ ਰੱਖਣ ਲਈ ਸਹਿਮਤੀ ਜਤਾਈ ਸੀ। ਉਸ ਨੂੰ ਅਪਰੈਲ ਵਿੱਚ ਵਾਇਰ ਫਰਾਡ ਦੇ ਛੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਫੈੱਡਰਲ ਅਧਿਕਾਰੀਆਂ ਨੇ ਕਿਹਾ ਕਿ ਉਹ ਫਿਰ ਕਨੇਡਾ ਅਤੇ ਉੱਥੋਂ ਆਪਣੇ ਗ੍ਰਹਿ ਦੇਸ਼ ਭਾਰਤ ਭੱਜ ਗਿਆ ਸੀ। ਅਮਰੀਕੀ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਉਹ ਭੱਜਣ ਦੇ ਆਪਣੇ ਪ੍ਰਦਰਸ਼ਿਤ ਸਾਧਨਾਂ ਅਤੇ ਇੱਛਾ ਦਾ ਹਵਾਲਾ ਦਿੰਦੇ ਹੋਏ, ਮੁਕੱਦਮੇ ਤੋਂ ਪਹਿਲਾਂ ਬੇਦੀ ਨੂੰ ਹਿਰਾਸਤ ਵਿੱਚ ਰੱਖਣ ਲਈ ਅਦਾਲਤ ਨੂੰ ਕਹੇਗਾ। ਯੂ.ਐੱਸ.ਡੀ.ਏ. ਦੇ ਇੰਸਪੈਕਟਰ ਜਨਰਲ ਜੌਨ ਵਾਕ ਨੇ ਕਿਹਾ ਕਿ ਬੇਦੀ ਨੇ “ਉਨ੍ਹਾਂ ਅਮਰੀਕੀਆਂ ਤੋਂ ਚੋਰੀ ਕੀਤੀ ਜਿਨ੍ਹਾਂ ਨੂੰ ਅਸਲ ਵਿੱਚ ਮਦਦ ਦੀ ਲੋੜ ਸੀ’’ ਅਤੇ ਇਹ ਕਿ ਉਸਦੀ ਦੁਕਾਨ ਇੱਕ ਮਨੀ ਲਾਂਡਰਿੰਗ ਫ਼ਰੰਟ ਵਾਂਗ ਕੰਮ ਕਰਦੀ ਸੀ।