ਕਨੇਡੀਅਨ ਕਵਿੱਤਰੀ ਤੇ ਨਿਬੰਧਕਾਰ ਐਨੀ ਕਾਰਸਨ ਨੇ ਜਿੱਤਿਆ ਸਾਹਿਤ ਦਾ ਨੋਬੇਲ ਪੁਰਸਕਾਰ

ਕਨੇਡੀਅਨ ਕਵਿੱਤਰੀ ਤੇ ਨਿਬੰਧਕਾਰ ਐਨੀ ਕਾਰਸਨ ਨੇ ਜਿੱਤਿਆ ਸਾਹਿਤ ਦਾ ਨੋਬੇਲ ਪੁਰਸਕਾਰ

ਸਟਾਕਹੋਮ, 9 ਅਕਤੂਬਰ (ਪੰਜਾਬੀ ਰਾਈਟਰ)- ਕਨੇਡੀਅਨ ਕਵਿੱਤਰੀ ਤੇ ਨਿਬੰਧਕਾਰ ਐਨੀ ਕਾਰਸਨ (76) ਨੂੰ ਵੀਰਵਾਰ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਕਾਰਸਨ ਨੂੰ ਇਹ ਐਜਾਜ਼ ਉਨ੍ਹਾਂ ਦੀ ‘ਬੇਬਾਕ ਅਤੇ ਨਵੀਨਤਾਕਾਰੀ ਰਚਨਾਤਮਕਤਾ’ ਲਈ ਦਿੱਤਾ ਗਿਆ ਹੈ, ਜਿਸ ਨੇ ‘ਕਲਾਸੀਕਲ ਰਵਾਇਤ ਨਾਲ ਰੌਚਕ ਸੰਵਾਦ ਰਚਾਉਂਦੇ ਹੋਏ ਸਮਕਾਲੀ ਸਾਹਿਤ ਲਈ ਨਵੇਂ ਰੂਪ’ ਸਿਰਜੇ ਹਨ। ਸਵੀਡਿਸ਼ ਅਕੈਡਮੀ ਦੀ ਸਕੱਤਰ ਇੰਗਰਿਡ ਕਾਰਲਬਰਗ ਨੇ ਦੱਸਿਆ ਕਿ ਜਦੋਂ ਅਕੈਡਮੀ ਨੇ ਇਸ ਜਿੱਤ ਬਾਰੇ ਦੱਸਣ ਲਈ ਉਸ ਨਾਲ ਰਾਬਤਾ ਕੀਤਾ, ਤਾਂ ਉਹ ਆਈਸਲੈਂਡ ਵਿੱਚ ਸੀ ਅਤੇ ‘ਹਵਾ ਦੀ ਆਵਾਜ਼ ਸੁਣਾਈ ਦੇ ਰਹੀ’ ਸੀ। ਕਾਰਲਬਰਗ ਨੇ ਕਿਹਾ, ‘‘ਉਹ ਹੱਕੀ-ਬੱਕੀ ਰਹਿ ਗਈ।’’ ਟੋਰਾਂਟੋ ਵਿੱਚ ਜਨਮੀ ਕਾਰਸਨ ਆਪਣੀਆਂ ਰਚਨਾਵਾਂ ਲਈ ਪ੍ਰਾਚੀਨ ਯੂਨਾਨੀ ਅਤੇ ਰੋਮਨ ਸਾਹਿਤ ਦੇ ਵਿਸ਼ਿਆਂ ਅਤੇ ਕਹਾਣੀਆਂ ਦੀ ਵਰਤੋਂ ਕਰਦੀ ਹੈ; ਉਸ ਦੀਆਂ ਰਚਨਾਵਾਂ ਵਿੱਚ ਅਕਸਰ ਕਵਿਤਾ, ਵਾਰਤਕ ਅਤੇ ਗਲਪ ਦੇ ਤੱਤਾਂ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਉਸ ਦੀਆਂ ਕਿਤਾਬਾਂ ਵਿੱਚ ‘ਈਰੋਸ ਦਿ ਬਿਟਰਸਵੀਟ’ (ਜੋ ਪ੍ਰਾਚੀਨ ਯੂਨਾਨੀ ਸਾਹਿਤ ਵਿੱਚ ਇੱਛਾ ਨਾਲ ਜੁੜੇ ਆਨੰਦ ਅਤੇ ਪੀੜਾ ਦੀ ਪੜਚੋਲ ਕਰਦੀ ਹੈ), ਨਾਵਲ ‘ਆਟੋਬਾਇਓਗ੍ਰਾਫੀ ਆਫ ਰੈੱਡ’, ਕਵਿਤਾ ਤੇ ਵਾਰਤਕ ਦਾ ਸੰਗ੍ਰਹਿ ‘ਮੈੱਨ ਇਨ ਦਿ ਔਫ ਆਰਜ਼’ (ਜਿਸ ਨੇ 2001 ਵਿੱਚ ਕਵਿਤਾ ਲਈ ਕਨੇਡਾ ਦਾ ‘ਗ੍ਰਿਫ਼ਿਨ ਪ੍ਰਾਈਜ਼’ ਜਿੱਤਿਆ ਸੀ), ਅਤੇ ‘ਨੌਰਮਾ ਜੀਨ ਬੇਕਅਰ ਆਫ ਟਰੌਏ’ (ਜੋ ਮਾਰਲਿਨ ਮੁਨਰੋ ਅਤੇ ਹੈਲਨ ਆਫ ਟਰੌਏ ਦੀ ਤੁਲਨਾ ਕਰਦੀ ਹੈ) ਸ਼ਾਮਲ ਹਨ। ਕਾਰਸਨ ਨੇ ਕਲਾਸੀਕਲ ਯੂਨਾਨੀ ਸਾਹਿਤ ਦੀਆਂ ਅਜਿਹੀਆਂ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਹੈ ਜਿਨ੍ਹਾਂ ਬਾਰੇ ਸਵੀਡਿਸ਼ ਅਕੈਡਮੀ ਦਾ ਕਹਿਣਾ ਹੈ ਕਿ ‘ਉਨ੍ਹਾਂ ਨੂੰ ਆਪਣੇ ਆਪ ਵਿੱਚ ਸੁਤੰਤਰ ਰਚਨਾਵਾਂ ਵਜੋਂ ਮੰਨਿਆ ਜਾ ਸਕਦਾ ਹੈ।’ ਇਨ੍ਹਾਂ ਵਿੱਚ ਸੈਫੋ ਦੀਆਂ ਕਵਿਤਾਵਾਂ ਦੇ ਅੰਸ਼ਾਂ ’ਤੇ ਆਧਾਰਿਤ ‘ਇਫ ਨੌਟ, ਵਿੰਟਰ’, ਸੋਫੋਕਲੀਜ਼ ਦੇ ਦੁਖਾਂਤਕ ਨਾਟਕ ‘ਇਲੈਕਟਰਾ’ ਅਤੇ ‘ਐਂਟੀਗੋਨ’ ਅਤੇ ਯੂਰੀਪੀਡੀਜ਼ ਦਾ ‘ਬਾਕਾਈ’ ਸ਼ਾਮਲ ਹਨ।