ਕੀ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਮਜ਼ਬੂਤ ਹੋਵੇਗੀ?

ਕੀ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਮਜ਼ਬੂਤ ਹੋਵੇਗੀ?

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ‘ਸਭ ਅੱਛੇ’ ਵਾਲੇ ਨਹੀਂ ਹਨ| ਭਾਵੇਂ ਕਿ ਰਾਹੁਲ ਗਾਂਧੀ ਇਹ ਚਾਹੁੰਦੇ ਹਨ ਕਿ ਪੰਜਾਬ ਦੀ ਵਾਗਡੋਰ ਇਕ ਵਾਰ ਫਿਰ ਕਾਂਗਰਸ ਦੇ ਹੱਥ ਵਿਚ ਆ ਜਾਵੇ ਪਰ ਪੰਜਾਬ ਦੇ ਕਾਂਗਰਸੀਆਂ ਦੀ ਆਪਸੀ ਖਿੱਚੋਤਾਣ ਕਾਰਨ ਉਹਨਾਂ ਦੀ ਵਾਹ ਪੇਸ਼ ਨਹੀਂ ਚੱਲ ਰਹੀ| ਇਸੇ ਮਸਲੇ ਦੇ ਹੱਲ ਲਈ ਉਹਨਾਂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਸਚਿਨ ਪਾਇਲਟ ਨੂੰ ਜ਼ਿੰਮੇਵਾਰੀ ਦੇ ਕੇ ਭੇਜਿਆ| ਸਚਿਨ ਪਾਇਲਟ ਨੇ ਆਪਣੀ ਸਿਆਸੀ ਸੂਝ ਦੇ ਅਨੁਸਾਰ ਜੋ ਫੈਸਲਾ ਲਿਆ ਉਹ ਲਗਭਗ ਹਰ ਸਿਆਸੀ ਵਿਸ਼ਲੇਸ਼ਕ ਵਜੋਂ ਕਿਆਸਿਆ ਜਾ ਰਿਹਾ ਸੀ| ਪੰਜਾਬ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਕਾਂਗਰਸੀ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਚੱਲੇ ਸਿਆਸੀ ਯੱੁਧ ਦੌਰਾਨ ਕਾਂਗਰਸੀ ਨਿਰਾਸ਼ ਹੋ ਰਹੇ ਸਨ| ਇਸ ਨਿਰਾਸ਼ਾ ਨੂੰ ਠੱਲ• ਪਾਉਣ ਦਾ ਯਤਨ ਕਰਦਿਆਂ ਸਚਿਨ ਪਾਇਲਟ ਨੇ ਇਕ ਅਜਿਹਾ ਫੈਸਲਾ ਲਿਆ ਜਿਸ ਨਾਲ ਇਕ ਵਾਰ ਤਾਂ ਸਾਰੇ ਸੋਚਦੇ ਹੀ ਰਹਿ ਗਏ| ਜੇਕਰ ਰਾਜਾ ਵੜਿੰਗ ਦੇ ਬਿਆਨਾਂ ਨੂੰ ਸੁਣੀਏ ਤਾਂ ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਕਹਿੰਦੇ ਹਨ ਕਿ ਮੈਂ ਅਸਤੀਫਾ ਇਸ ਲਈ ਦਿੱਤਾ ਹੈ ਕਿਉਂਕਿ ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਹਾਈ ਕਮਾਂਡ ਮੈਨੂੰ ਨਹੀਂ ਚਾਹੁੰਦੀ| ਅਸਲ ਵਿਚ ਇਹ ਵੀ ਹੋ ਸਕਦਾ ਹੈ ਕਿ ਸਚਿਨ ਪਾਇਲਟ ਨੇ ਰਾਜਾ ਵੜਿੰਗ ਨੂੰ ਇਹ ਕਹਿ ਦਿੱਤਾ ਹੋਵੇ ਕਿ ਆਪਣੇ ਆਪ ਹੀ ਅਸਤੀਫਾ ਦੇ ਦਿਓ, ਤੁਹਾਡੀ ਇੱਤਜ਼ ਬਚੀ ਰਹਿ ਜਾਵੇਗੀ| ਸੋ ਹੋਇਆ ਵੀ ਇੰਝ ਹੀ ਰਾਜਾ ਵੜਿੰਗ ਭਰੇ ਮਨ ਨਾਲ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਗਏ|
ਪੰਜਾਬ ਕਾਂਗਰਸ ਦੀ ਸਿਆਸਤ ਵਿੱਚ 2 ਅਕਤੂਬਰ 2026 ਨੂੰ ਇੱਕ ਵੱਡਾ ਬਦਲਾਅ ਹੋਇਆ, ਜਦੋਂ ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਫ਼ੈਸਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਇਆ ਹੈ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਤਬਦੀਲੀ ਸਿਰਫ਼ ਚਿਹਰਾ ਬਦਲਣ ਤੱਕ ਸੀਮਤ ਨਹੀਂ, ਸਗੋਂ ਕਾਂਗਰਸ ਲਈ ਸੰਗਠਨਾਤਮਕ ਚੁਣੌਤੀਆਂ ਨਾਲ ਨਜਿੱਠਣ ਦੀ ਕੋਸ਼ਿਸ਼ ਵਜੋਂ ਵੀ ਦੇਖੀ ਜਾ ਰਹੀ ਹੈ। 
ਅਸਲ ਸਵਾਲ ਇਹ ਹੈ ਕਿ ਕੀ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਅਸਲ ਵਿੱਚ ਮਜ਼ਬੂਤ ਹੋਵੇਗੀ? ਇਸ ਦਾ ਜਵਾਬ ਫ਼ਿਲਹਾਲ ਸਿੱਧੇ ਤੌਰ ’ਤੇ ‘ਹਾਂ’ ਜਾਂ ‘ਨਹੀਂ’ ਵਿੱਚ ਦੇਣਾ ਮੁਸ਼ਕਲ ਹੈ। ਪਰਗਟ ਸਿੰਘ ਦੀ ਨਿੱਜੀ ਸਾਖ਼, ਖੇਡ ਪਿਛੋਕੜ ਅਤੇ ਸਿਆਸੀ ਤਜ਼ਰਬਾ ਉਨ•ਾਂ ਦੇ ਹੱਕ ਵਿੱਚ ਜਾਂਦੇ ਹਨ, ਪਰ ਪੰਜਾਬ ਕਾਂਗਰਸ ਦੀ ਸਭ ਤੋਂ ਵੱਡੀ ਚੁਣੌਤੀ ਕਿਸੇ ਇੱਕ ਵਿਅਕਤੀ ਦੀ ਲੋਕਪ੍ਰਿਯਤਾ ਨਹੀਂ, ਬਲਕਿ ਪਾਰਟੀ ਦੇ ਅੰਦਰ ਇਕਜੁੱਟਤਾ ਅਤੇ ਜ਼ਮੀਨੀ ਸੰਗਠਨ ਹੈ।
ਪਰਗਟ ਸਿੰਘ ਦੀ ਸਭ ਤੋਂ ਵੱਡੀ ਤਾਕਤ ਉਨ•ਾਂ ਦੀ ‘ਟੀਮ ਪਲੇਅਰ’ ਵਾਲੀ ਛਵੀ ਹੋ ਸਕਦੀ ਹੈ। ਹਾਕੀ ਦੇ ਮੈਦਾਨ ਵਿੱਚ ਭਾਰਤੀ ਟੀਮ ਦੀ ਅਗਵਾਈ ਕਰ ਚੁੱਕੇ ਪਰਗਟ ਸਿੰਘ ਹੁਣ ਰਾਜਨੀਤੀ ਵਿੱਚ ਵੀ ਇਹੀ ਮਾਡਲ ਲਾਗੂ ਕਰਨ ਦੀ ਗੱਲ ਕਰ ਰਹੇ ਹਨ। ਉਨ•ਾਂ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਪਾਰਟੀ ਦਾ ਟੀਚਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਤੇ 2027 ਦੀਆਂ ਚੋਣਾਂ ਲਈ ਮਜ਼ਬੂਤ ਸੰਗਠਨ ਤਿਆਰ ਕਰਨਾ ਹੈ। ਉਨ•ਾਂ ਮੁਤਾਬਕ ਮੁੱਖ ਮੰਤਰੀ ਦੇ ਚਿਹਰੇ ਦੀ ਚਰਚਾ ਤੋਂ ਪਹਿਲਾਂ ਚੋਣ ਜਿੱਤਣਾ ਅਤੇ ਬਹੁਮਤ ਹਾਸਲ ਕਰਨਾ ਜ਼ਰੂਰੀ ਹੈ। 
ਇਹ ਪਹੁੰਚ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਕਾਂਗਰਸ ਲੰਮੇ ਸਮੇਂ ਤੋਂ ਅੰਦਰੂਨੀ ਮਤਭੇਦਾਂ ਅਤੇ ਧੜੇ•ਬੰਦੀ ਦੀਆਂ ਚਰਚਾਵਾਂ ਨਾਲ ਜੂਝਦੀ ਰਹੀ ਹੈ। ਰਾਜਾ ਵੜਿੰਗ ਦੇ ਅਸਤੀਫ਼ੇ ਦੇ ਸੰਦਰਭ ਵਿੱਚ ਵੀ ਪਾਰਟੀ ਦੇ ਅੰਦਰਲੇ ਵਿਰੋਧ ਅਤੇ ਵੱਖ-ਵੱਖ ਆਗੂਆਂ ਵਿਚਕਾਰ ਤਣਾਅ ਦੀ ਗੱਲ ਸਾਹਮਣੇ ਆਈ। ਇਸ ਲਈ ਨਵੇਂ ਪ੍ਰਧਾਨ ਲਈ ਸਭ ਤੋਂ ਪਹਿਲਾ ਇਮਤਿਹਾਨ ਇਹ ਹੋਵੇਗਾ ਕਿ ਉਹ ਵੱਖ-ਵੱਖ ਧੜਿ•ਆਂ ਅਤੇ ਸੀਨੀਅਰ ਆਗੂਆਂ ਨੂੰ ਇੱਕ ਸਾਂਝੇ ਮੰਚ ’ਤੇ ਕਿੰਨਾ ਪ੍ਰਭਾਵਸ਼ਾਲੀ ਢੰਗ ਨਾਲ ਲਿਆ ਸਕਦੇ ਹਨ?
ਦੂਜੀ ਵੱਡੀ ਚੁਣੌਤੀ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਹੈ। ਪੰਜਾਬ ਕਾਂਗਰਸ ਵਿੱਚ ਕਈ ਸੀਨੀਅਰ ਆਗੂਆਂ ਦੀਆਂ ਆਪਣੀਆਂ ਸਿਆਸੀ ਮਹੱਤਵਾਕਾਂਸ਼ਾਵਾਂ ਹਨ। ਜੇਕਰ ਚੋਣਾਂ ਤੋਂ ਪਹਿਲਾਂ ਇਹ ਮੁਕਾਬਲਾ ਨਿੱਜੀ ਸਿਆਸੀ ਖਿੱਚੋਤਾਣ ਵਿੱਚ ਬਦਲ ਜਾਂਦਾ ਹੈ ਤਾਂ ਨਵੇਂ ਪ੍ਰਧਾਨ ਲਈ ਸੰਗਠਨ ਨੂੰ ਇੱਕ ਦਿਸ਼ਾ ਵਿੱਚ ਰੱਖਣਾ ਔਖਾ ਹੋ ਸਕਦਾ ਹੈ। ਪਰਗਟ ਸਿੰਘ ਨੇ ਇਸ ਮਾਮਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਦੀ ਚੋਣ ਵਿਧਾਇਕਾਂ ਦਾ ਅਧਿਕਾਰ ਹੋਵੇਗਾ ਅਤੇ ਇਸ ਵੇਲੇ ਮੁੱਖ ਤਰਜੀਹ ਚੋਣ ਜਿੱਤਣਾ ਹੈ। 
ਤੀਜਾ ਮਸਲਾ ਪੰਜਾਬ ਦੇ ਲੋਕਾਂ ਸਾਹਮਣੇ ਕਾਂਗਰਸ ਦਾ ਵਿਕਲਪਕ ਏਜੰਡਾ ਰੱਖਣ ਦਾ ਹੈ। ਪਰਗਟ ਸਿੰਘ ਨੇ ‘ਬ੍ਰਾਂਡ ਪੰਜਾਬ’ ਨੂੰ ਮੁੜ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਅਤੇ ਨਸ਼ਾ, ਕਾਨੂੰਨ-ਵਿਵਸਥਾ, ਮਹਿਲਾ ਸੁਰੱਖਿਆ, ਖੇਤੀਬਾੜੀ, ਆਰਥਿਕਤਾ ਅਤੇ ਪੰਜਾਬ ਦੇ ਕਰਜ਼ੇ ਵਰਗੇ ਮੁੱਦਿਆਂ ਨੂੰ ਚੋਣੀ ਚਰਚਾ ਦੇ ਕੇਂਦਰ ਵਿੱਚ ਲਿਆਉਣ ਦੀ ਗੱਲ ਕੀਤੀ ਹੈ। 
ਇੱਥੇ ਪਰਗਟ ਸਿੰਘ ਸਾਹਮਣੇ ਸਭ ਤੋਂ ਵੱਡੀ ਲੋੜ ਇਹ ਹੋਵੇਗੀ ਕਿ ਸਿਰਫ਼ ਬਿਆਨਾਂ ਦੀ ਬਜਾਏ ਸੰਗਠਨ ਨੂੰ ਬੂਥ ਪੱਧਰ ਤੱਕ ਸਰਗਰਮ ਕੀਤਾ ਜਾਵੇ। ਪੰਜਾਬ ਵਿੱਚ ਚੋਣੀ ਮੁਕਾਬਲਾ ਬਹੁ-ਕੋਣੀ ਹੋਣ ਦੀ ਸੰਭਾਵਨਾ ਹੈ। ਇਸ ਹਾਲਾਤ ਵਿੱਚ ਕਾਂਗਰਸ ਲਈ ਹਰ ਵਿਧਾਨ ਸਭਾ ਹਲਕੇ ਵਿੱਚ ਮਜ਼ਬੂਤ ਉਮੀਦਵਾਰ, ਸਰਗਰਮ ਵਰਕਰ, ਸਪੱਸ਼ਟ ਸੁਨੇਹਾ ਅਤੇ ਆਗੂਆਂ ਵਿਚਕਾਰ ਤਾਲਮੇਲ ਮਹੱਤਵਪੂਰਨ ਹੋਵੇਗਾ।
ਇਸ ਤੋਂ ਇਲਾਵਾ, ਪਰਗਟ ਸਿੰਘ ਨੂੰ ਆਪਣੇ ਪੁਰਾਣੇ ਸਿਆਸੀ ਸਬੰਧਾਂ ਅਤੇ ਵੱਖ-ਵੱਖ ਵਰਗਾਂ ਵਿੱਚ ਆਪਣੀ ਸਵੀਕਾਰਤਾ ਨੂੰ ਪਾਰਟੀ ਦੀ ਸਾਂਝੀ ਤਾਕਤ ਵਿੱਚ ਬਦਲਣਾ ਪਵੇਗਾ। ਸਿਰਫ਼ ਪ੍ਰਧਾਨ ਬਣ ਜਾਣ ਨਾਲ ਸੰਗਠਨ ਮਜ਼ਬੂਤ ਨਹੀਂ ਹੁੰਦਾ; ਇਸ ਲਈ ਆਗੂਆਂ, ਵਿਧਾਇਕਾਂ, ਸਾਬਕਾ ਮੰਤਰੀਆਂ ਅਤੇ ਆਮ ਵਰਕਰਾਂ ਵਿਚਕਾਰ ਭਰੋਸਾ ਪੈਦਾ ਕਰਨਾ ਵੀ ਜ਼ਰੂਰੀ ਹੈ।
ਪਰਗਟ ਸਿੰਘ ਨੂੰ ਚੰਨੀ ਧੜ•ੇ ਦੇ ਆਗੂ ਮੰਨਿਆ ਜਾ ਰਿਹਾ ਹੈ| ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਰਗਟ ਸਿੰਘ ਨੂੰ ਰਾਜਾ ਵੜਿੰਗ ਧੜ•ੇ ਦਾ ਵਿਰੋਧ ਝੱਲਣਾ ਪਵੇਗਾ| ਪਰ ਜੇਕਰ ਉਹ ਧੜ•ੇਬਾਜ਼ੀ ਤੋਂ ਉੱਪਰ ਉੱਠ ਕੇ ਚੱਲਣ ਵਿਚ ਕਾਮਯਾਬ ਹੁੰਦੇ ਹਨ ਤਾਂ ਸ਼ਾਇਦ ਪੰਜਾਬ ’ਚ ਕਾਂਗਰਸ ਦੇ ਪੈਰ ਕਿਤੇ ਨਾ ਕਿਤੇ ਲੱਗ ਜਾਣ| ਦੂਜੇ ਪਾਸੇ ਭਗਵੰਤ ਮਾਨ ਦੇ ਹੱਥੋਂ ਭਾਵੇਂ ਪੰਜਾਬ ਦੇ ਪ੍ਰਬੰਧ ਤਿਲਕਦੇ ਜਾ ਰਹੇ ਹਨ ਪਰ ਔਰਤਾਂ ਦੇ ਖਾਤਿਆਂ ਵਿਚ ਹੁੰਦੀ ‘ਟੂੰ ਟੂੰ’ ਨੇ ਇਸ ਵੇਲੇ ਤਾਂ ਗੇਮ ਉਹਦੇ ਹੱਕ ਵਿਚ ਕੀਤੀ ਹੋਈ ਹੈ| ਪੰਜਾਬ ਦੀਆਂ ਔਰਤਾਂ ਆਪਣੇ ਖਾਤੇ ਵਿਚ ਆਉਂਦੇ ਪੈਸਿਆਂ ਕਾਰਨ ਉਸ ਤੋਂ ਪੂਰੀਆਂ ਖੁਸ਼ ਹਨ, ਭਾਵੇਂ ਉਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਮਹਿੰਗਾਈ ਨਹੀਂ ਘਟ ਰਹੀ, ਸਕੂਲਾਂ ’ਚ ਅਧਿਆਪਕ ਨਹੀਂ ਹਨ, ਰੋਜ਼ ਗੋਲੀਆਂ ਚੱਲ ਰਹੀਆਂ ਹਨ, ਕਤਲ ਹੋ ਰਹੇ ਹਨ, ਨਸ਼ਾ ਵਿਕ ਰਿਹਾ ਹੈ, ਔਰਤਾਂ ਨੂੰ ਇਹਨਾਂ ਮਸਲਿਆਂ ਨਾਲ ਕੋਈ ਮਤਲਬ ਨਹੀਂ ਹੈ| ਉਹਨਾਂ ਨੂੰ ਤਾਂ ਸਿਰਫ ‘ਟੂੰ ਟੂੰ’ ਦੀ ਖੁਸ਼ੀ ਹੈ ਅਤੇ ਉਹ ਆਪਣੀ ਵੋਟ ਭਗਵੰਤ ਮਾਨ ਨੂੰ ਪਾਉਣ ਲਈ ਤਿਆਰ ਵੀ ਹਨ| ਇਹ ਮਾਨਸਿਕਤਾ ਪਰਗਟ ਸਿੰਘ ਲਈ ਚੁਣੌਤੀ ਹੋਵੇਗੀ ਅਤੇ ਇਹ ਦੇਖਣਾ ਹੋਵੇਗਾ ਕਿ ਕੀ ਪਰਗਟ ਸਿੰਘ ਲੋਕਾਂ ਅੱਗੇ ਪੰਜਾਬ ਦੇ ਹਾਲਾਤਾਂ ਦੀ ਅਸਲ ਤਸਵੀਰ ਸਪੱਸ਼ਟ ਕਰਨ ਵਿਚ ਕਾਮਯਾਬ ਹੁੰਦੇ ਹਨ ਕਿ ਨਹੀਂ? 
ਅਸਲ ’ਚ ਪਰਗਟ ਸਿੰਘ ਦੀ ਨਿਯੁਕਤੀ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਇੱਕ ਮੌਕਾ ਜ਼ਰੂਰ ਹੈ, ਪਰ ਇਹ ਆਪਣੇ ਆਪ ਵਿੱਚ ਮਜ਼ਬੂਤੀ ਦੀ ਗਾਰੰਟੀ ਨਹੀਂ। ਅਸਲ ਨਤੀਜਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਨਵਾਂ ਪ੍ਰਧਾਨ ਧੜੇ•ਬੰਦੀ ਨੂੰ ਕਿੰਨਾ ਘਟਾਉਂਦਾ ਹੈ, ਪਾਰਟੀ ਦੀ ਜ਼ਮੀਨੀ ਮਸ਼ੀਨਰੀ ਨੂੰ ਕਿੰਨਾ ਸਰਗਰਮ ਕਰਦਾ ਹੈ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਕਿੰਨਾ ਭਰੋਸੇਯੋਗ ਤੇ ਸਪੱਸ਼ਟ ਰਾਜਨੀਤਿਕ ਵਿਕਲਪ ਰੱਖਦਾ ਹੈ। ਅਗਲੇ ਕੁਝ ਮਹੀਨੇ ਹੀ ਇਹ ਤੈਅ ਕਰਨਗੇ ਕਿ ਇਹ ਸਿਰਫ਼ ਕਾਂਗਰਸ ਦੀ ਕਪਤਾਨੀ ਵਿੱਚ ਤਬਦੀਲੀ ਹੈ ਜਾਂ ਵਾਕਈ ਟੀਮ ਦੀ ਖੇਡ ਬਦਲਣ ਦੀ ਸ਼ੁਰੂਆਤ। ਆਮੀਨ!

ਅਰਜਨ ਰਿਆੜ, ਨਿਊਯਾਰਕ