ਅਮਰੀਕਾ ਦੇ ਵਾਇਓਮਿੰਗ ’ਚ ਪੰਜਾਬੀ ਸਿੱਖ ਟਰੱਕ ਡਰਾਈਵਰ ’ਤੇ ਹਮਲਾ, ਲੱਗੀਆਂ ਗੰਭੀਰ ਸੱਟਾਂ

ਅਮਰੀਕਾ ਦੇ ਵਾਇਓਮਿੰਗ ’ਚ ਪੰਜਾਬੀ ਸਿੱਖ ਟਰੱਕ ਡਰਾਈਵਰ ’ਤੇ ਹਮਲਾ, ਲੱਗੀਆਂ ਗੰਭੀਰ ਸੱਟਾਂ

ਵਾਇਓਮਿੰਗ/ਨਿਊਯਾਰਕ, 18 ਸਤੰਬਰ (ਪੰਜਾਬੀ ਰਾਈਟਰ)- ਅਮਰੀਕਾ ਦੇ ਵਾਇਓਮਿੰਗ ਵਿੱਚ ਇੱਕ 28 ਸਾਲਾ ਪੰਜਾਬੀ ਸਿੱਖ ਟਰੱਕ ਡਰਾਈਵਰ ’ਤੇ ਚਾਕੂ ਨਾਲ 17 ਵਾਰ ਹਮਲਾ ਕੀਤਾ ਗਿਆ। ਗੁਰਵਿੰਦਰ ਸਿੰਘ ਦੀ ਗਰਦਨ, ਛਾਤੀ, ਬਾਹਾਂ ਅਤੇ ਪਸਲੀਆਂ ’ਤੇ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਐਂਡਰਿਊ ਕ੍ਰਿਸ ਬਜ਼ਡੈਕ ਵਜੋਂ ਹੋਈ ਹੈ, ਅਤੇ ਉਸ ’ਤੇ ਪਹਿਲੇ ਦਰਜੇ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਹਮਲੇ ਤੋਂ ਕੁਝ ਦਿਨ ਪਹਿਲਾਂ ਟਰੰਪ ਪ੍ਰਸ਼ਾਸਨ ਦੇ ‘ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ’ ਨੇ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਵਾਦਪੂਰਨ ਪੋਸਟ ਜਾਰੀ ਕੀਤੀ ਸੀ, ਜਿਸ ਵਿੱਚ ‘ਮਿਸਟਰ ਸਿੰਘ’ (Mr. Singh) ਨਾਮ ਦਾ ਜ਼ਿਕਰ ਸੀ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਨ੍ਹਾਂ ਦੋਵਾਂ ਘਟਨਾਵਾਂ ਵਿਚਕਾਰ ਕੋਈ ਸਬੰਧ ਸਥਾਪਤ ਨਹੀਂ ਕੀਤਾ ਹੈ। ਹਮਲੇ ਪਿੱਛੇ ਦਾ ਮਕਸਦ ਵੀ ਅਜੇ ਸਪੱਸ਼ਟ ਨਹੀਂ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ, ਸਿੰਘ ‘ਇੰਟਰਸਟੇਟ 80’ ’ਤੇ ਸਥਿਤ ‘ਬਿਟਰ ਕ੍ਰੀਕ ਰੈਸਟ ਏਰੀਆ’ ਦੇ ਪਖਾਨੇ ਵਿਚ ਗਿਆ। ਉੱਥੇ, ਇੱਕ ਵਿਅਕਤੀ ਉਸ ਦੇ ਪਿੱਛੇ ਅੰਦਰ ਗਿਆ ਅਤੇ ਚਾਕੂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਸਿੰਘ ਦੇ ਅਨੁਸਾਰ, ਹਮਲਾਵਰ ਨੇ ਲਗਾਤਾਰ ਕਈ ਵਾਰ ਹਮਲਾ ਕੀਤਾ। ਉਹ ਕਿਸੇ ਤਰ੍ਹਾਂ ਪਖਾਨੇ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਅਤੇ ਮਦਦ ਲਈ ਆਵਾਜ਼ ਦਿੱਤੀ।
ਘਟਨਾ ਵਾਲੀ ਥਾਂ ’ਤੇ ਮੌਜੂਦ ਇੱਕ ਹਿਸਪੈਨਿਕ ਪਰਿਵਾਰ ਨੇ ਪੀੜਤ ਦੀ ਆਵਾਜ਼ ਸੁਣੀ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਏ। ਪਰਿਵਾਰ ਨੇ ਖੂਨ ਵਗਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਵਾਈਓਮਿੰਗ ਹਾਈਵੇਅ ਪੈਟਰੋਲ ਨੇ ਰੌਲਿਨਜ਼ ਨੇੜੇ ਸ਼ੱਕੀ ਵਿਅਕਤੀ ਦੇ ਟਰੱਕ ਨੂੰ ਰੋਕਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਸਥਾਨ ਘਟਨਾ ਵਾਲੀ ਥਾਂ ਤੋਂ ਲਗਭਗ 113 ਕਿਲੋਮੀਟਰ ਦੂਰ ਸੀ। ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਇਸ ਹਮਲੇ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ‘ਐਕਸ’ ’ਤੇ ਕਿਹਾ ਕਿ ਵਾਈਓਮਿੰਗ ਦੇ ਇੱਕ ਰੈਸਟ ਸਟਾਪ ’ਤੇ ਇੱਕ ਸਿੱਖ ਟਰੱਕ ਡਰਾਈਵਰ ਨੂੰ 17 ਵਾਰ ਚਾਕੂ ਮਾਰਨ ਦੀ ਘਟਨਾ ਪਰੇਸ਼ਾਨ ਕਰਨ ਵਾਲੀ ਹੈ।